‘ਆਪ’ ਵਿਧਾਇਕ ਅਮਾਨਤੁੱਲਾ ਦੇ 5 ਟਿਕਾਣਿਆਂ ‘ਤੇ ਛਾਪੇਮਾਰੀ, ਨਾਜਾਇਜ਼ ਹਥਿਆਰ ਤੇ ਲੱਖਾਂ ਦੀ ਨਕਦੀ ਬਰਾਮਦ

Rajneet Kaur
3 Min Read

ਨਵੀਂ ਦਿੱਲੀ: ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਅਤੇ ਉਸ ਦੇ ਕਾਰੋਬਾਰੀ ਭਾਈਵਾਲ ਦੇ 4 ਤੋਂ 5 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਵਕਫ਼ ਬੋਰਡ ਦੀ ਜ਼ਮੀਨ ਨੂੰ ਲੈ ਕੇ ਕੀਤੀ ਗਈ ਹੈ। ਏ.ਸੀ.ਬੀ ਦੀ ਛਾਪੇਮਾਰੀ ਵਿੱਚ ਇੱਕ ਥਾਂ ਤੋਂ ਇੱਕ ਬਰੇਟਾ ਪਿਸਤੌਲ ਵੀ ਮਿਲਿਆ ਹੈ, ਜਿਸ ਦੇ ਨਾਲ 12 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਅਮਾਨਤੁੱਲਾ ਅਜੇ ਤੱਕ ਪਿਸਤੌਲ ਦਾ ਲਾਇਸੈਂਸ ਨਹੀਂ ਦਿਖਾ ਸਕਿਆ ਹੈ। ਸ਼ੁੱਕਰਵਾਰ ਨੂੰ ਏਸੀਬੀ ਨੇ ਵਕਫ਼ ਬੋਰਡ ਮਾਮਲੇ ‘ਚ ਅਮਾਨਤੁੱਲਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਸੀ।

ਅਮਾਨਤੁੱਲਾ ਤੋਂ ਪੁੱਛਗਿੱਛ ਤੋਂ ਤੁਰੰਤ ਬਾਅਦ, ਦਿੱਲੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਉਸ ਦੇ ਘਰ ਅਤੇ ਉਸ ਨਾਲ ਜੁੜੇ ਪੰਜ ਹੋਰ ਸਥਾਨਾਂ ‘ਤੇ ਛਾਪੇਮਾਰੀ ਕੀਤੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਖ਼ਿਲਾਫ਼ ਇਹ ਕਾਰਵਾਈ ਦਿੱਲੀ ਵਕਫ਼ ਬੋਰਡ ਵਿੱਚ ਕਥਿਤ ਗ਼ੈਰ-ਕਾਨੂੰਨੀ ਨਿਯੁਕਤੀਆਂ ਨਾਲ ਸਬੰਧਤ ਦੋ ਸਾਲ ਪੁਰਾਣੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੀਤੀ ਗਈ ਹੈ। ਓਖਲਾ ਦੇ ਵਿਧਾਇਕ ਨੂੰ ਅੱਜ ਦੁਪਹਿਰ 12 ਵਜੇ ਇਸ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਭ੍ਰਿਸ਼ਟਾਚਾਰ ਰੋਕੂ ਐਕਟ 2020 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਏਸੀਬੀ ਨੇ 12 ਲੱਖ ਰੁਪਏ ਦੇ ਨਾਲ ਇੱਕ ਗੈਰ-ਲਾਇਸੈਂਸੀ ਹਥਿਆਰ ਵੀ ਜ਼ਬਤ ਕੀਤਾ ਹੈ। ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾ ਨੇ ਨੋਟਿਸ ਨੂੰ ਲੈ ਕੇ ਕੱਲ ਯਾਨੀ ਵੀਰਵਾਰ ਰਾਤ ਨੂੰ ਇੱਕ ਅਜੀਬ ਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਕੋਲ ਵਕਫ਼ ਬੋਰਡ ਦਾ ਨਵਾਂ ਦਫ਼ਤਰ ਬਣ ਗਿਆ ਹੈ, ਇਸ ਲਈ ਏਸੀਬੀ  ਨੇ ਮੈਨੂੰ ਬੁਲਾਇਆ ਹੈ।

‘ਆਪ’ ਵਿਧਾਇਕ ਦੇ ਖਿਲਾਫ ਏਸੀਬੀ ਦੀ ਛਾਪੇਮਾਰੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਥਿਤ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਜਾਂਚ ਦਾ ਸਾਹਮਣਾ ਕਰ ਰਹੇ ਹਨ। ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਦੇ ਘਰ ਅਤੇ ਬੈਂਕ ਲਾਕਰ ਦੀ ਤਲਾਸ਼ੀ ਲਈ ਹੈ। ‘ਆਪ’ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ‘ਤੇ ਮਨੀ ਲਾਂਡਰਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ‘ਆਪ’ ਦਾ ਕਹਿਣਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਕਾਰਨ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment