ਨੌਸਰਬਾਜਾਂ ਨੇ ਵੱਡੇ ਕਲਾਕਾਰ ਨਾਲ ਕਿਵੇਂ ਮਾਰੀ ਠੱਗੀ!

TeamGlobalPunjab
2 Min Read

ਪਟਿਆਲਾ : ਉਂਝ ਭਾਵੇਂ ਨੌਸਰਬਾਜਾਂ ਵੱਲੋਂ ਦਿਨ ਦਿਹਾੜੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਵੱਜਦੀਆਂ ਰਹਿੰਦੀਆਂ ਹਨ ਪਰ ਹੁਣ ਇੰਝ ਲਗਦਾ ਹੈ ਜਿਵੇਂ ਇਨ੍ਹਾਂ  ਨੌਸਰਬਾਜਾਂ ਨੇ ਪਟਿਆਲਾ ਦੇ ਵੀਆਈਪੀ ਨੂੰ ਨਿਸ਼ਾਨੇ ‘ਤੇ ਲੈ ਲਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਸਿਆਸਤਦਾਨ ਮਹਾਰਾਣੀ ਪ੍ਰਨੀਤ ਕੌਰ ਨਾਲ ਠੱਗੀ ਵੱਜੀ ਉੱਥੇ ਹੀ ਹੁਣ ਇਨ੍ਹਾਂ ਨੌਸਰਬਾਜਾਂ ਦੇ ਨਿਸ਼ਾਨੇ ‘ਤੇ ਉੱਘੇ ਕਲਾਕਾਰ ਪੰਮੀ ਬਾਈ ਆ ਗਏ ਹਨ। ਜੀ ਹਾਂ ਇਨ੍ਹਾਂ ਨੌਸਰਬਾਜਾਂ ਨੇ ਪ੍ਰਸਿੱਧ ਕਲਾਕਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।

ਦੱਸ ਦਈਏ ਕਿ ਇਸ ਸਬੰਧੀ ਪੰਮੀ ਬਾਈ ਨੇ ਸਥਾਨਕ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਵੀ ਆਰੰਭ ਦਿੱਤੀ ਹੈ। ਪੰਮੀ ਬਾਈ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਇੱਕ ਈਮੇਲ ਆਈ ਸੀ ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ 11 ਫਰਵਰੀ 2019 ਨੂੰ ਰਿਹਸਲ ਹੈ ਅਤੇ 12 ਫਰਵਰੀ 2019 ਨੂੰ ਕੋਕ ਸਟੂਡਿਉ ਮੁੰਬਈ ਵਿਖੇ ਰਿਕਾਰਡਿੰਗ ਹੈ। ਪੰਮੀ ਬਾਈ ਨੇ ਦੱਸਿਆ ਕਿ  ਇਸ ਤੋਂ ਬਾਅਦ ਉਨ੍ਹਾਂ ਦੀ ਡਿਟੇਲ ਮੰਗੀ ਗਈ ਅਤੇ ਆਈਪੀਆਰਐਸ ਨੰਬਰ ਭੇਜਣ ਲਈ ਕਿਹਾ ਗਿਆ, ਜਿਹੜਾ ਕਿ ਉਨ੍ਹਾਂ ਕੋਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ(ਪੰਮੀ) ਨੂੰ ਇਹ ਨੰਬਰ ਲੈਣ ਲਈ ਕਿਹਾ ਗਿਆ। ਇਸ ਤੋਂ ਬਾਅਦ ਪੰਮੀ ਬਾਈ ਨੇ ਦੱਸਿਆ ਕਿ ਉਨ੍ਹਾਂ ਨੇ ਫੋਨ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਆਪਣੀ ਪਰਸਨਲ ਡਿਟੇਲ ਵੀ ਦੇ ਦਿੱਤੀ। ਜਿਸ ਤੋਂ ਬਾਅਦ ਉਹ ਇਸ ਧੋਖੇ ਦਾ ਸ਼ਿਕਾਰ ਹੋ ਗਏ।

Share this Article
Leave a comment