ਇਸਲਾਮਾਬਾਦ— ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ ਜਿਸ ਨੇ ਸਭ ਪਾਸੇ ਚਰਚਾ ਛੇੜ ਦਿੱਤੀ ਹੈ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਖਵਾਜਾ ਵੱਲੋਂ ਅਜਿਹਾ ਬਿਆਨ ਦਿੱਤਾ ਜਾ ਰਿਹਾ ਹੈ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖੁੱਲ੍ਹੀ ਧਮਕੀ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਉਨ੍ਹਾਂ ਕਿਹਾ ਕਿ, ‘ਪਾਕਿਸਤਾਨ ਫੌਜ ‘ਚ ਨਵੇਂ ਮੁਖੀ ਦੀ ਨਿਯੁਕਤੀ ਹੋਣ ਦਿਓ ਉਸ ਤੋਂ ਬਾਅਦ ਇਮਰਾਨ ਖਾਨ ਨਾਲ ਨਜਿੱਠਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਨਵੇਂ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਪੂਰੀ ਕਰ ਲਈ ਜਾਵੇਗੀ।
ਮੀਡੀਆ ਰਿਪੋਰਟਾਂ ‘ਚ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ, “ਇਹ ਪ੍ਰਕਿਰਿਆ ਦੋ-ਤਿੰਨ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਫਿਰ ਸਾਰਾ ਉਤਸ਼ਾਹ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਅਸੀਂ ਇਮਰਾਨ ਖਾਨ ਨਾਲ ਨਜਿੱਠਾਂਗੇ।” ਉਨ੍ਹਾਂ ਨੇ ਇਹ ਧਮਕੀ ਪਾਕਿਸਤਾਨ ਨੈਸ਼ਨਲ ਅਸੈਂਬਲੀ ਤੋਂ ਅਗਲੇ ਤਿੰਨ ਦਿਨਾਂ ਦੇ ਅੰਦਰ ਅਹਿਮ ਨਿਯੁਕਤੀ ਦੇ ਰਸਮੀ ਐਲਾਨ ਪ੍ਰਤੀ ਇਮਰਾਨ ਖਾਨ ਨੂੰ ਦਿੱਤੀ।
ਬਾਜਵਾ ਦੇ ਉਤਰਾਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੰਬੀ ਰੈਲੀ ਦਾ ਸਬੰਧ ਫੌਜ ‘ਚ ਲੀਡਰਸ਼ਿਪ ਦੇ ਬਦਲਾਅ ਨਾਲ ਹੈ। ਇਮਰਾਨ ਖਾਨ ਨੇ ਆਪਣੇ ਸਮਰਥਕਾਂ ਨੂੰ 26 ਨਵੰਬਰ ਨੂੰ ਰਾਵਲਪਿੰਡੀ ਵਿੱਚ ਇਕੱਠੇ ਹੋਣ ਲਈ ਕਿਹਾ ਹੈ। ਇਹ ਬਾਜਵਾ ਦੀ ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਦੀ ਤਰੀਕ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਗਲੇ ਫੌਜ ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ 25 ਨਵੰਬਰ ਤੱਕ ਮੁਕੰਮਲ ਹੋ ਜਾਵੇਗਾ। ਮੌਜੂਦਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣ ਲਈ ਪੰਜ-ਛੇ ਚੋਟੀ ਦੇ ਜਨਰਲ ਦੌੜ ਵਿੱਚ ਹਨ। ਜਨਰਲ ਬਾਜਵਾ (61) ਤਿੰਨ ਸਾਲ ਦੇ ਸੇਵਾ ਵਾਧੇ ਤੋਂ ਬਾਅਦ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਸ ਨੇ ਹੋਰ ਵਾਧਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਮੌਜੂਦਾ ਜਨਰਲ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ ਅਤੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਉਸ ਤਰੀਕ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ, ਇਸ ਤੱਥ ਦੇ ਮੱਦੇਨਜ਼ਰ ਕਿ ਕਿਸੇ ਹੋਰ ਅਧਿਕਾਰੀ ਨੂੰ ਕਾਰਜਭਾਰ ਸੌਂਪਣ ਵਿਚ ਕੋਈ ਦਿੱਕਤ ਨਾ ਆਵੇ।