ਪਾਕਿਸਤਾਨ: ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਦਾ ਮਿਲਿਆ ਦਰਜਾ

Rajneet Kaur
3 Min Read

ਨਿਊਜ਼ ਡੈਸਕ:  75 ਸਾਲਾਂ ਬਾਅਦ, ਆਖਰਕਾਰ ਪਾਕਿਸਤਾਨ ਵਿੱਚ ਸਿੱਖਾਂ ਨੂੰ ਪਹਿਲੀ ਵਾਰ ਵੱਖਰੀ ਪਛਾਣ ਮਿਲੇਗੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਨੇ ਉਰਦੂ ਵਿੱਚ ਪ੍ਰਕਾਸ਼ਿਤ ਜਨਗਣਨਾ ਫਾਰਮਾਂ ਵਿੱਚ ਇੱਕ ਕਾਲਮ “ਸਿੱਖ” ਸ਼ਾਮਿਲ ਕੀਤਾ ਹੈ।

ਪਾਕਿਸਤਾਨ ‘ਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਮਿਲੀ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ।ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਇਹ ਹੱਕ 5 ਸਾਲ ਦੀ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ।

ਦਸਣਯੋਗ ਹੈ ਕਿ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਂ ਹੇਠ ਇੱਕ ਕਾਲਮ ਵਿੱਚ ਹੁੰਦੀ ਸੀ।  ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ। ਇਸੇ ਕਾਰਨ ਮੁੱਢਲੇ ਅਧਿਕਾਰਾਂ, ਸਿਆਸਤ ‘ਚ ਪ੍ਰਤੀਨਿਧਤਾ ਤੇ ਸਿਵਲ ਸੇਵਾਵਾਂ ਵਿੱਚ ਰਾਖ਼ਵੇਂ ਕੋਟੇ ਲਈ ਅਨੁਮਾਨਿਤ ਅੰਕੜੇ ਹੀ ਵਰਤੇ ਜਾਂਦੇ ਸਨ, ਜਿਸ ਕਾਰਨ ਸਿੱਖਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ।

ਇਸ ਮਾਮਲੇ ਵਿਚ ਅਕਤੂਬਰ 2018 ਵਿਚ ਸੁਪਰੀਮ ਕੋਰਟ ਵੱਲੋਂ ਪਾਕਿਸਤਾਨ ਅੰਕੜਾ ਬਿਊਰੋ ਦੇ ਚੀਫ ਕਮਿਸ਼ਨਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿ ਮਰਦਮਸ਼ੁਮਾਰੀ ਵੇਲੇ ਸਿੱਖ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਮਰਦਮਸ਼ੁਮਾਰੀ ਫਾਰਮ ਵਿਚ ਵੱਖਰਾ ਕਾਲਮ ਬਣਾਇਆ ਜਾਵੇ। ਪਰ ਉਸ ਵੇਲੇ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਇਸ ਲਈ ਫਾਰਮ ਨੂੰ ਜਿਵੇਂ ਦਾ ਤਿਵੇਂ ਰੱਖਿਆ ਗਿਆ ਸੀ। ਪਰ ਹੁਣ ਭਵਿੱਖ ਵਿਚ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖ ਭਾਈਚਾਰੇ ਲਈ ਵੱਖਰਾ ਕਾਲਮ ਹੋਵੇਗਾ।

- Advertisement -

ਇਸ ਸਬੰਧੀ ਮਾਰਚ 2017 ਵਿੱਚ ਖੈਬਰ-ਪਖ਼ਤੂਨਵਾ ਸੂਬੇ ਦੇ ਸਿੱਖਾਂ; ਬਾਬਾ ਗੁਰਪਾਲ ਸਿੰਘ, ਚਰਨਜੀਤ ਸਿੰਘ, ਹੀਰਾ ਸਿੰਘ ਤੇ ਹੋਰਨਾਂ ਵੱਲੋਂ ਪਿਸ਼ਾਵਰ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ਵਕੀਲ ਸ਼ਾਹਿਦ ਰਾਜਾ ਮਲਿਕ ਦੇ ਰਾਹੀਂ ਦਾਇਰ ਕੀਤੀ ਸੀ ਤੇ ਅਦਾਲਤ ਨੇ ਇਸ ਦਾ ਫੈਸਲਾ ਸਿੱਖਾਂ ਦੇ ਹੱਕ ਵਿੱਚ ਦਿੱਤਾ ਸੀ ਪਰ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਜਿਥੇ ਸਿੱਖਾਂ ਨੇ   ਦਲੀਲ ਦਿੱਤੀ ਸੀ ਕਿ ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਮੁਸਲਿਮ, ਈਸਾਈ, ਹਿੰਦੂ, ਅਹਿਮਦੀਆ ਤੇ ਹੋਰ ਅਨੁਸੂਚਿਤ ਜਾਤਾਂ ਨੂੰ ਵੱਖਰੇ ਭਾਈਚਾਰੇ ਵਜੋਂ ਦਰਜ ਕੀਤਾ ਜਾਂਦਾ ਹੈ ਤੇ ਮਰਦਮਸ਼ੁਮਾਰੀ ਫਾਰਮ ਵਿੱਚ ਇਨ੍ਹਾਂ ਵਾਸਤੇ ਵੱਖਰੇ ਕਾਲਮ ਬਣੇ ਹੋਏ ਹਨ ਪਰ ਸਿੱਖ ਧਰਮ ਦੇ ਲੋਕਾਂ ਦੀ ਵੱਖਰੀ ਗਿਣਤੀ ਨਹੀਂ ਹੁੰਦੀ ਤੇ ਨਾ ਹੀ ਕੋਈ ਵੱਖਰਾ ਖਾਨਾ ਬਣਾਇਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment