ਦੁਬਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ‘ਚ ਐਤਵਾਰ ਨੂੰ ਕਿਹਾ ਕਿ ਸਾਡੇ ਕੋਲ ਸਿੱਖਾਂ ਦਾ ਮੱਕਾ ਮਦੀਨਾ ਹੈ ਅਤੇ ਅਸੀ ਸਿੱਖਾਂ ਲਈ ਇਹ ਪਵਿੱਤਰ ਸਥਾਨ ਨੂੰ ਖੋਲ੍ਹ ਰਹੇ ਹਾਂ। ਇਮਰਾਨ ਖਾਨ ਯੂਏਈ ਦੇ ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸੱਦੇ ‘ਤੇ 7ਵੇਂ ਵਿਸ਼ਵ ਗਵਰਨਮੈਂਟ ਸੰਮੇਲਨ ‘ਚ ਹਿੱਸਾ ਲੈਣ ਇੱਕ ਦਿਨ ਦੇ ਦੌਰੇ ਤੇ ਪੁੱਜੇ ਸਨ। ਦੱਸ ਦੇਈਏ ਕਿ ਇਮਰਾਨ ਖਾਨ ਨੇ ਬੀਤੇ ਸਾਲ ਨਵੰਬਰ ਮਹੀਨੇ ‘ਚ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਸਥਿਤ ਗੁਰੂਦੁਆਰਾ ਦਰਬਾਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਨਾਲ ਜੋੜ੍ਹਨ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।
ਇਮਰਾਨ ਖਾਨ ਨੇ ਕਿਹਾ ਕਿ ਅਸੀ 70 ਦੇਸ਼ ਦੇ ਲੋਕਾਂ ਨੂੰ ਹਵਾਈ ਅੱਡੇ ‘ਤੇ ਵੀਜ਼ਾ ਪ੍ਰਾਪਤ ਕਰਨ ਦੀ ਸੁਵਿਧਾ ਉਪਲਬਧ ਕਰਵਾਈ ਹੈ। ਪਾਕਿਸਤਾਨ ‘ਚ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਪਾਰ ਸਥਿਤ ਹੈ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਚਾਰ ਕਿੱਲੋਮੀਟਰ ਦੀ ਦੂਰੀ ‘ਤੇ ਹੈ। ਕਰਤਾਰਪੁਰ ਲਾਂਘਾ ਛੇਤੀ ਮੁਕੰਮਲ ਹੋਣ ਦੀ ਸੰਭਾਵਨਾ ਹੈ। ਭਾਰਤ ਤੋਂ ਹਜ਼ਾਰਾਂ ਸਿੱਖ ਹਰੇਕ ਸਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਦੀ ਯਾਤਰਾ ਕਰਦੇ ਹਨ।