ਓਟਾਵਾ : ਕੈਨੇਡਾ ਵਿੱਚ ਓਟਾਵਾ ਪੁਲਿਸ ਦੇ ਇੱਕ ਪੰਜਾਬੀ ਅਧਿਕਾਰੀ ਸੰਦੀਪ ਸਿੰਘ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕੀਤੇ ਗਏ ਹਨ। ਸੰਦੀਪ ਸਿੰਘ ਨੂੰ 29 ਅਕਤੂਬਰ ਨੂੰ ਓਨਟਾਰੀਓ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਓਨਟਾਰੀਓ ਪੁਲਿਸ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਡਾਇਰੈਕਟਰ ਜੌਸਫ਼ ਮਾਰਟਿਨੋ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ 5 ਫਰਵਰੀ ਨੂੰ ਓਟਾਵਾ ਪੁਲਿਸ ਸਰਵਿਸ ਦੇ ਕਾਂਸਟੇਬਲ ਸੰਦੀਪ ਸਿੰਘ ਵਿਰੁੱਧ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਉਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ।
ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਇਸ ਕੇਸ ਦੀ ਤੁਰੰਤ ਜਾਂਚ ਸ਼ੁਰੂ ਕਰਦਿਆਂ ਇੱਕ ਪੈਟਰੋਲ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਕਾਂਸਟੇਬਲ ਸੰਦੀਪ ਸਿੰਘ ਨੂੰ ਤਨਖਾਹ ਸਣੇ ਮੁਅੱਤਲ ਕਰ ਦਿੱਤਾ ਸੀ। ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਕਾਂਸਟੇਬਲ ਸੰਦੀਪ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਭਰੋਸਾ ਤੋੜਨ ਦੇ ਦੋੋਸ਼ ਆਇਦ ਕੀਤੇ ਗਏ ਹਨ। 29 ਅਕਤੂਬਰ ਨੂੰ ਓਟਾਵਾ ਦੀ ਓਨਟਾਰੀਓ ਕੋਰਟ ਵਿੱਚ ਪੇਸ਼ ਹੋਣ ਦੀ ਸ਼ਰਤ ’ਤੇ ਸੰਦੀਪ ਸਿੰਘ ਨੂੰ ਫਿਲਹਾਲ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਸੰਦੀਪ ਸਿੰਘ ਨੂੰ 12 ਫਰਵਰੀ 2021 ਨੂੰ ਮੁਅੱਤਲ ਕੀਤਾ ਗਿਆ ਸੀ। ਸੰਦੀਪ ਸਿੰਘ ਦਸੰਬਰ 2017 ਵਿੱਚ ਭਰਤੀ ਹੋਏ 14 ਅਫ਼ਸਰਾਂ ਦੇ ਬੈਚ ‘ਚੋਂ ਇੱਕ ਹੈ। ਇਸ ਬੈਚ ਦੇ ਹੁਣ ਤੱਕ ਤਿੰਨ ਅਸਫ਼ਰ ਤਨਖਾਹ ਸਣੇ ਮੁਅੱਤਲ ਹੋ ਚੁੱਕੇ ਹਨ, ਜਿਨ੍ਹਾਂ ’ਤੇ ਗੰਭੀਰ ਅਪਰਾਧ ਤੇ ਦੁਰਵਿਹਾਰ ਦੇ ਦੋਸ਼ ਲੱਗੇ ਸਨ।