ਅਮਰੀਕਾ: ਨਦੀ ‘ਚ ਰੁੜ੍ਹੇ ਤਿੰਨ ਬੱਚਿਆਂ ਨੂੰ ਬਚਾਉਣ ਖਾਤਰ ਡੁੱਬਿਆ ਪੰਜਾਬੀ ਨੌਜਵਾਨ

TeamGlobalPunjab
2 Min Read

ਫ਼ਰਿਜ਼ਨੋ: ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਦੀ ਕਿੰਗਜ਼ ਨਦੀ ਵਿਚ ਡੁੱਬ ਰਹੇ ਤਿੰਨ ਬੱਚਿਆਂ ਨੂੰ ਬਚਾਉਣ ਲਈ ਸਿੱਖ ਨੌਜਵਾਨ ਨੇ ਨਦੀ ‘ਚ ਛਾਲ ਮਾਰੀ ਤੇ ਉਹ ਆਪ ਵੀ ਡੁੱਬ ਗਿਆ। ਨੌਜਵਾਨ ਦੀ ਪਛਾਣ 29 ਸਾਲ ਦੇ ਮਨਜੀਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਵਜੋਂ ਹੋਈ ਹੈ ਜੋ ਦੋ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ।

ਰਿਪੋਰਟ ਮੁਤਾਬਕ ਮਨਜੀਤ ਸਿੰਘ ਨੇ ਤਿੰਨ ਬੱਚਿਆਂ ਨੂੰ ਕਿੰਗਜ਼ ਨਦੀ ਵਿਚ ਡੁੱਬਦੇ ਵੇਖਿਆ ਤਾਂ ਉਨ੍ਹਾਂ ਨੂੰ ਬਚਾਉਣ ਲਈ ਤੁਰੰਤ ਨਦੀ ਵਿਚ ਛਾਲ ਮਾਰ ਦਿੱਤੀ। ਇਹ ਘਟਨਾ ਫਰਿਜ਼ਨੋ ਨੇੜਲੇ ਰੀਡਲੀ ਬੀਚ ਵਿਖੇ ਵਾਪਰੀ। ਮਨਜੀਤ ਸਿੰਘ ਕੁਝ ਸਮਾਂ ਪਹਿਲਾਂ ਹੀ ਫ਼ਰਿਜ਼ਨੋ ਸ਼ਿਫ਼ਟ ਹੋਇਆ ਸੀ ਅਤੇ ਟਰੱਕ ਡਰਾਈਵਰ ਦੀ ਸਿਖਲਾਈ ਵਜੋਂ ਡਰਾਈਵਿੰਗ ਸਕੂਲ ਦੀਆਂ ਕਲਾਸਾਂ ਲਾ ਰਿਹਾ ਸੀ।

- Advertisement -

ਡਰਾਈਵਿੰਗ ਸਕੂਲ ਦੀ ਕਲਾਸ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਨਾਲ ਜੈਟ ਸਕੀ ਦੀ ਰਾਈਡ ਲੈਣ ਕਿੰਗਜ਼ ਰਿਵਰ ‘ਤੇ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਵੇਲੇ 8-8 ਸਾਲ ਦੀਆਂ ਦੋ ਕੁੜੀਆਂ ਅਤੇ ਇਕ ਸਾਲ 10 ਦਾ ਮੁੰਡਾ ਪਾਣੀ ਵਿਚ ਰੁੜ ਗਏ ਜਿਨ੍ਹਾਂ ਨੂੰ ਬਚਾਉਣ ਲਈ ਮਨਜੀਤ ਸਿੰਘ ਨੇ ਬਹਾਦਰੀ ਨਾਲ ਨਦੀ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਦਾ ਤੇਜ਼ ਵਹਾਅ ਉਸ ਨੂੰ ਰੋੜ ਕੇ ਲੈ ਗਿਆ।

ਦੂਜੇ ਪਾਸੇ ਬੱਚਿਆਂ ‘ਚੋਂ ਦੋ ਕਿਨਾਰੇ ਤੱਕ ਪਹੁੰਚਣ ਵਿਚ ਸਫ਼ਲ ਰਹੇ ਜਦਕਿ 8 ਸਾਲ ਦੀ ਬੱਚੀ ਨੂੰ 15 ਮਿੰਟ ਬਾਅਦ ਪਾਣੀ ‘ਚੋਂ ਕੱਢ ਲਿਆ ਗਿਆ।

Share this Article
Leave a comment