ਗੂਗਲ ਇਮਰਾਨ ਖਾਨ ਨੂੰ ਦੱਸ ਰਿਹੈ ਭਿਖਾਰੀ, ਭੜਕੇ ਪਾਕਿ ਪ੍ਰਧਾਨ ਮੰਤਰੀ ਨੇ ਭੇਜ ਤਾ ਕਨੂੰਨੀ ਨੋਟਿਸ

TeamGlobalPunjab
7 Min Read

ਨਵੀਂ ਦਿੱਲੀ : ਜੂਨ 2015 ਦੌਰਾਨ ਜਦੋਂ ਗੂਗਲ ਸਰਚ ਇੰਜਣ ‘ਤੇ ਇੰਡੀਅਨ ਟਾਪ-10 ਕਰੀਮਨਲ ( ਭਾਰਤ ਦੇ ਮੁੱਖ 10 ਅਪਰਾਧੀ) ਲਿਖਿਆ ਜਾਂਦਾ ਸੀ ਤਾਂ ਉਸ ਵੇਲੇ ਦਾਊਦ ਇਬਰਾਹਿਮ, ਉਸਾਮਾ-ਬਿਨ-ਲਾਦੇਨ ਅਤੇ ਅਲ-ਜ਼ਵਾਹਿਰੀ ਵਰਗੇ ਅਪਰਾਧੀਆਂ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਨਿੱਕਲਣ ਲੱਗ ਪਈ ਸੀ। ਜਿਸ ‘ਤੇ ਵੱਡੀ ਪੱਧਰ ਦਾ ਵਿਰੋਧ ਹੋਣ ਤੋਂ ਬਾਅਦ ਗੂਗਲ ਨੇ ਇਸ ਨੂੰ ਵੱਡੇ ਪੱਧਰ ਦਾ ਭੰਬਲਭੂਸਾ ਤੇ ਗਲਤ ਫਹਿਮੀ ਕਹਿੰਦਿਆਂ ਮਾਫੀ ਮੰਗ ਲਈ ਸੀ ਪਰ ਹੁਣ ਇੰਨੀ ਦਿਨੀਂ ਇਹੋ ਜਿਹਾ ਹੀ ਇੱਕ ਹੋਰ ਵਿਵਾਦ ਉਠ ਖੜ੍ਹਾ ਹੋਇਆ ਹੈ। ਇਸ ਵਾਰ ਇਹ ਵਿਵਾਦ ਖੜ੍ਹਾ ਹੋਇਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੈ ਕੇ, ਜੋ ਕਿ ਇਸ ਵਿਵਾਦ ਕਾਰਨ ਦੁਨੀਆਂ ਭਰ ਵਿੱਚ ਮਜ਼ਾਕ ਦਾ ਪਾਤਰ ਬਣ ਰਹੇ ਹਨ।  ਜੀ  ਹਾਂ ਇਹ ਸੱਚ ਹੈ ਤੇ ਜੇਕਰ ਨਹੀਂ ਯਕੀਨ ਤਾਂ ਗੂਗਲ ‘ਤੇ ਅੰਗਰੇਜੀ ਭਾਸ਼ਾ ਦੇ ਅੱਖਰਾਂ ਵਿੱਚ ਭਿਖਾਰੀ ਲਿਖ ਕੇ ਦੇਖੋ, ਉੱਥੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਨਿੱਕਲ ਆਵੇਗੀ।

ਦੱਸ ਦਈਏ ਕਿ ਇਮਰਾਨ ਖਾਨ ਦੀ ਜਿਹੜੀ ਤਸਵੀਰ ਗੂਗਲ ‘ਤੇ ਭਿਖਾਰੀ ਲਿਖਣ ਤੋਂ ਬਾਅਦ ਸਾਹਮਣੇ ਆਉਂਦੀ ਹੈ ਉਸ ਨੂੰ ਐਡਿਟ ਕਰਕੇ ਪਾਇਆ ਗਿਆ ਹੈ। ਇਹ ਵਿਵਾਦ ਕੋਈ ਹੁਣ ਸ਼ੁਰੂ ਨਹੀਂ ਹੋਇਆ। ਦਸੰਬਰ 2018 ‘ਚ ਜਦੋਂ ਇਹ ਗੱਲ ਪਹਿਲੀ ਵਾਰ ਨਿੱਕਲ ਕੇ ਸਾਹਮਣੇ ਆਈ ਸੀ ਤਾਂ ਪਤਾ ਲੱਗਣ ‘ਤੇ ਉਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗੂਗਲ ਅਧਿਕਾਰੀਆਂ ‘ਤੇ ਬੜੀ ਬੁਰੀ ਤਰ੍ਹਾਂ ਨਾਰਾਜ਼ ਹੋਏ ਸਨ। ਇਹ ਨਰਾਜ਼ਗੀ ਇਸ ਪੱਧਰ ਤੱਕ ਜਾ ਪਹੁੰਚੀ ਸੀ ਕਿ ਇਮਰਾਨ ਖਾਨ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨੂੰ ਕਨੂੰਨੀ ਨੋਟਿਸ ਵੀ ਭੇਜ ਦਿੱਤਾ ਸੀ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਅੰਦਰ ਵੀ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਸੁੰਦਰ ਪਿਚਾਈ ਨੂੰ ਸੰਮਣ ਭੇਜਣ ਤੋਂ ਇਲਾਵਾ ਉਸ ਕੋਲੋਂ ਇਸ ਗੱਲ ਦਾ ਜਵਾਬ ਮੰਗਣ ਦੀ ਗੱਲ ਵੀ ਆਖੀ ਗਈ ਸੀ ਕਿ ਗੂਗਲ ‘ਤੇ ਭਿਖਾਰੀ ਸ਼ਬਦ ਲਿਖੇ ਜਾਣ ‘ਤੇ ਇਮਰਾਨ ਖਾਨ ਦੀ ਤਸਵੀਰ ਕਿਵੇਂ ਤੇ ਕਿਉਂ ਨਿੱਕਲ ਆਉਂਦੀ ਹੈ? ਇਸ ਪ੍ਰਸਤਾਵ ਨੂੰ ਪਾਕਿਸਤਾਨ ਦੀ ਇੱਕ ਪੱਤਰਕਾਰ ਨੇ ਇਮਰਾਨ ਖਾਨ ਦੀ ਉਸੇ ਤਸਵੀਰ ਨਾਲ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਸੀ।

ਦੱਸ ਦਈਏ ਕਿ ਜਿਸ ਦਿਨ ਤੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਹਨ ਉਸ ਦਿਨ ਤੋਂ ਉਹ ਲਗਭਗ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ ਕਿ ਪਾਕਿਸਤਾਨ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕਰਨ। ਇਸ ਲਈ ਉਹ  ਨਾ ਸਿਰਫ ਆਪਣੇ ਆਲੇ ਦੁਆਲੇ ਦੇ ਮੁਲਕਾਂ ਨਾਲ ਸਬੰਧ ਸੁਖਾਵੇਂ ਬਣਾਉਣ ਦੇ ਦਾਅਵੇ ਕਰਦੇ ਆਏ ਹਨ ਬਲਕਿ ਚੀਨ ਵਰਗੇ ਆਪਣੇ ਮਿੱਤਰ ਦੇਸ਼ਾਂ ਕੋਲੋਂ ਵੀ ਮਦਦ ਲੈ ਰਹੇ ਹਨ। ਇਸੇ ਲੜੀ ਤਹਿਤ ਜਦੋਂ ਇਮਰਾਨ ਖਾਨ ਬੀਜਿੰਗ ਦੇ ਦੌਰੇ ‘ਤੇ ਗਏ ਸਨ ਤਾਂ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਨੇ ਉਨ੍ਹਾਂ ਦਾ ਭਾਸ਼ਣ ਦਿਖਾਉਣ ਲੱਗਿਆਂ ਸਕਰੀਨ ‘ਤੇ ਬੀਜਿੰਗ ਦੀ ਬਜਾਏ ਬੈਗਿੰਗ ਲਿਖ ਦਿੱਤਾ ।ਅਜਿਹਾ ਲਿਖਣ ਨਾਲ ਇਮਰਾਨ ਖਾਨ ਦੁਨੀਆਂ ਭਰ ਵਿੱਚ ਮਜ਼ਾਕ ਦੇ ਪਾਤਰ ਬਣ ਗਏ ਤੇ ਇੱਥੋਂ ਹੀ ਵਿਵਾਦ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਭਾਵੇਂ ਕਿ ਇਸ ਟੀਵੀ ਚੈਨਲ ਨੇ ਆਪਣੀ ਇਸ ਗਲਤੀ ਲਈ ਬਕਾਇਦਾ ਤੌਰ ‘ਤੇ ਮਾਫੀ ਵੀ ਮੰਗ ਲਈ ਸੀ ਪਰ ਉਦੋਂ ਤੱਕ ਸ਼ਾਇਦ ਬਹੁਤ ਦੇਰ ਹੋ ਚੁਕੀ ਸੀ, ਕਿਉਂਕਿ ਕੁਝ ਸ਼ਰਾਰਤੀ ਲੋਕਾਂ ਨੇ ਇਮਰਾਨ ਖਾਨ ਦੀ ਇੱਕ ਅਜਿਹੀ ਤਸਵੀਰ ਐਡਿਟ ਕਰਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ ਜਿਸ ਵਿੱਚ ਉਹ ਹੱਥ ‘ਚ ਕਟੋਰਾ ਫੜੀ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਅਪਲੋਡ ਹੁੰਦਿਆਂ ਹੀ ਇਮਰਾਨ ਖਾਨ ਦੀ ਭਾਰੀ ਬੇਇੱਜ਼ਤੀ ਹੋਈ ਸੀ।

ਇਸ ਤੋਂ ਪਹਿਲਾਂ ਸਾਲ 2015 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਅਜਿਹੀ ਹੀ ਇੱਕ ਘਟਨਾ ਵਾਪਰ ਚੁਕੀ ਹੈ। ਜਿਸ ਵਿੱਚ ਜਦੋਂ ਗੂਗਲ ਦੇ ਸਰਚ ਇੰਜਣ ‘ਤੇ ਅੰਗਰੇਜੀ ਵਿੱਚ ਇੰਡੀਅਨ ਟਾਪ-10 ਕ੍ਰਿਮਨਲਜ਼  ਲਿਖਿਆ ਜਾਂਦਾ ਸੀ ਤਾਂ ਅੱਗੇ ਪੇਜ਼ ਖੁੱਲ੍ਹਦਿਆਂ ਹੀ ਉਸ ‘ਤੇ ਉਸਾਮਾ-ਬਿਨ-ਲਾਦੇਨ, ਅਲ-ਜ਼ਵਾਹਿਰੀ, ਹਾਫਿਜ਼ ਸ਼ੱਈਦ, ਦਾਊਦ ਇਬਰਾਹਿਮ ਸਣੇ ਦੁਨੀਆਂ ਦੇ 10 ਵੱਡੇ ਮੁਜ਼ਰਮਾਂ ਦੀ ਤਸਵੀਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਨਜ਼ਰ ਆਉਣ ਲੱਗ ਪੈਂਦੀ ਸੀ। ਇਸ ਸਬੰਧੀ ਗੂਗਲ ਨੇ ਇਹ ਕਹਿੰਦਿਆਂ ਮਾਫੀ ਮੰਗੀ ਸੀ ਕਿ ਇਹ ਭੰਬਲਭੂਸਾ ਜਾਂ ਗਲਤ ਫਹਿਮੀ ਕਾਰਨ ਹੋਇਆ ਹੈ ਤੇ ਇਹ ਨਤੀਜੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਪਰ ਇਹ ਗੂਗਲ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦਾ। ਗੂਗਲ ਅਨੁਸਾਰ ਇੰਟਰਨੈਟ ‘ਤੇ ਤਸਵੀਰਾਂ ਦਾ ਜਿਸ ਤਰ੍ਹਾਂ ਨਾਲ ਵਰਣਨ ਕੀਤਾ ਜਾਂਦਾ ਹੈ ਉਹ ਕਈ ਵਾਰ ਕੁਝ ਖਾਸ ਪ੍ਰਸ਼ਨ ਪੁੱਛੇ ਜਾਣ ‘ਤੇ ਹੈਰਾਨੀਜਨਕ ਨਤੀਜੇ ਦੇ ਸਕਦੇ ਹਨ। ਗੂਗਲ ਅਧਿਕਾਰੀ ਨੇ ਅੱਗੇ ਲਿਖਿਆ ਸੀ ਕਿ ਇਹ ਕਿਸੇ ਉਲਝਣ ਜਾਂ ਗਲਤ ਫਹਿਮੀ ਕਾਰਨ ਹੋਇਆ ਹੈ ਜਿਸ ਲਈ ਉਹ ਮਾਫੀ ਮੰਗਦੇ ਹਨ। ਗੂਗਲ ਅਨੁਸਾਰ ਉਹ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੇ ਹਨ ਤੇ ਅਜਿਹਾ ਗੂਗਲ ਦੇ ਐਲਗੋਰਿਦਮ ਸਿਸਟਮ ਕਾਰਨ ਹੋ ਰਿਹਾ ਹੈ। ਗੂਗਲ ਨੇ ਇਹ ਸਪੱਸ਼ਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਭਾਰਤ ਵਿੱਚ ਚੋਟੀ ਦੇ 10 ਅਪਰਾਧੀ ਲਿਖੇ ਜਾਣ ‘ਤੇ ਇਸ ਲਈ ਨਿੱਕਲਦੀ ਹੈ ਕਿਉਂਕਿ ਇੱਕ ਬਰਤਾਨਵੀ ਅਖ਼ਬਾਰ ਨੇ ਮੋਦੀ ਦੀ ਤਸਵੀਰ ਅਤੇ ਜਾਣਕਾਰੀ ਗਲਤ ਛਾਪ ਦਿੱਤੀ ਸੀ।

- Advertisement -

ਇੱਕ ਇਹੋ ਜਿਹਾ ਹੀ ਵਾਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਵਾਪਰ ਚੁਕਿਆ ਹੈ। ਜਿਨ੍ਹਾਂ ਬਾਰੇ ਜਦੋਂ ਗੂਗਲ ‘ਤੇ ਈਡੀਅਨ ਲਿਖਿਆ ਜਾਂਦਾ ਸੀ ਤਾਂ ਟਰੰਪ ਨਾਲ ਜੁੜੀਆਂ ਜਾਣਕਾਰੀਆਂ ਨਿੱਕਲ ਕੇ ਸਾਹਮਣੇ ਆ ਜਾਂਦੀਆਂ ਸਨ। ਉਸ ਵੇਲੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਇਸ ਗੱਲ ਦਾ ਬਹੁਤ ਬੁਰਾ ਮਨਾਉਂਦਿਆਂ ਗੂਗਲ ਦੇ ਸੀਓ ਸੁੰਦਰ ਪਿਚਾਈ ਨੂੰ ਸੱਦ ਕੇ  ਜਵਾਬ ਤਲਬੀ ਕੀਤੀ ਸੀ ਤੇ ਉਸ ਵੇਲੇ ਸੁੰਦਰ ਨੇ ਇਹ ਜਾਣਕਾਰੀ ਟਰੰਪ ਨਾਲ ਸਾਂਝੀ ਕੀਤੀ ਸੀ ਕਿ ਇਹ ਸਭ ਕੁਝ ਖਾਸ ਤਕਨੀਤ ਦੀ ਵਜ੍ਹਾ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹਾ ਕਰਕੇ ਗੂਗਲ ਕਿਸੇ ਦੀ ਈਮੇਜ਼ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਅਜਿਹਾ ਜਾਣ-ਬੁੱਝ ਕੇ ਕੀਤਾ ਜਾਂਦਾ ਹੈ। ਗੂਗਲ ਸੀਓ ਅਨੁਸਾਰ ਅਸਲ ਵਿੱਚ ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਗੂਗਲ ਦੀ ਵਰਤੋਂ ਕਰਨ ਵਾਲਾ ਵਿਅਕਤੀ ਕੁਝ ਅਜਿਹੇ ਅੱਖਰ ਲਿਖਦਾ ਹੈ ਜਿਹੜੇ ਕਿ ਗੂਗਲ ਦੇ ਸਿਸਟਮ ਐਲਗੋਰਿਦਮ ਦੇ ਅਧਾਰ ‘ਤੇ ਉਸ ਵੈਬਪੇਜ਼ ਜਾਂ ਫੋਟੋ ਨੂੰ ਲੱਭ ਲੈਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋ਼ ਕਿਸੇ ਸ਼ਬਦ ਨੂੰ ਵਾਰ ਵਾਰ ਲਿਖ ਕੇ ਲੱਭਿਆ ਜਾਂਦਾ ਹੈ ਤਾਂ ਗੂਗਲ ਦਾ ਐਲਗੋਰਿਦਮ ਸਿਸਟਮ ਉਨ੍ਹਾਂ ਅੱਖਰਾਂ ਨੂੰ ਹਰਮਨਪਿਆਰਤਾ ਵਾਲੀ ਸ਼੍ਰੇਣੀ ਵਿੱਚ ਸ਼ਾਮਲ ਕਰ ਲੈਂਦਾ ਹੈ ਤੇ ਉਸ ਵੇਲੇ ਟਰੰਪ ਦੇ ਨਾਲ ਨਾਲ ਈਡੀਅਟ ਲਿਖ ਕੇ ਸਰਚ ਕੀਤਾ ਜਾ ਰਿਹਾ ਸੀ ਇਸੇ ਕਰਕੇ ਇਹ ਗੜਬੜ ਹੋ ਗਈ ਸੀ।

Share this Article
1 Comment