ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਆਖਰੀ ਹਫਤੇ ਹੋਣ ਦੀ ਸੰਭਾਵਨਾ ਹੈ। ਇਹ ਸੰਕੇਤ ਹਾਕਮ ਧਿਰ ਦੇ ਹਲਕਿਆਂ ਵਲੋਂ ਦਿੱਤਾ ਗਿਆ ਹੈ। ਕੀ ਹੁਣ ਪੰਜਾਬ ਦੇ ਵੱਡੇ ਮੁੱਦਿਆਂ ਉੱਪਰ ਵਿਰੋਧੀ ਧਿਰ ਸਰਕਾਰ ਨੂੰ ਘੇਰੇਗੀ! ਪਿਛਲੇ ਕਈ ਦਿਨ ਲਗਾਤਾਰ ਮੀਡੀਆ ਰਾਹੀਂ ਵਿਰੋਧੀ ਆਗੂ ਸਰਕਾਰ ਦੀ ਕਾਰਗੁਜਾਰੀ ਉੱਪਰ ਸਵਾਲ ਪੁੱਛਦੇ ਰਹੇ । ਇਹ ਵੀ ਕਿਹਾ ਗਿਆ ਕਿ ਅਮਨ ਕਾਨੂੰਨ, ਨਸ਼ੇ, ਵਿਕਾਸ ਅਤੇ ਰੁਜਗਾਰ ਵਰਗੇ ਮੁੱਦਿਆਂ ਉੱਪਰ ਸਰਕਾਰ ਅਸਫਲ ਰਹੀ ਹੈ ।ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਹਨ। ਖਾਸ ਤੌਰ ਤੇ ਸਤਲੁਜ ਯਮਨਾ ਲਿੰਕ ਨਹਿਰ ਦੀ ਉਸਾਰੀ ਅਤੇ ਝੋਨੇ ਦੀ ਪਰਾਲੀ ਵਰਗੇ ਅਜਿਹੇ ਮਾਮਲੇ ਹਨ ਜਿਥੇ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਇਕ ਦੂਜੇ ਉਪਰ ਤਿੱਖੇ ਹਮਲੇ ਕਰ ਰਹੇ ਹਨ। ਵਿਰੋਧੀਧਿਰ ਆਖ ਰਹੀ ਹੈ ਕਿ ਮਾਨ ਸਰਕਾਰ ਪਾਣੀਆਂ ਦੇ ਮੁੱਦੇ ਉੱਪਰ ਪੰਜਾਬ ਦਾ ਪੱਖ ਪੂਰਨ ਵਿਚ ਅਸਫਲ ਰਹੀ ਹੈ। ਪਰਾਲੀ ਦੇ ਮਾਮਲੇ ਵਿਚ ਵੀ ਮਾਨ ਧਿਰ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ।
ਵੱਡਾ ਸਵਾਲ ਇਹ ਹੈ ਕਿ ਅਹਿਮ ਮਾਮਲਿਆਂ ਉੱਪਰ ਜਵਾਬ ਲੈਣ ਜਾਂ ਕਾਰਵਾਈ ਲਈ ਲਈ ਵਿਰੋਧੀਧਿਰ ਸਰਕਾਰ ਉੱਪਰ ਦਬਾ ਬਣਾ ਸਕੇਗੀ? ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮਾਮਲਿਆਂ ਲਈ ਲੁਧਿਆਣਾ ਖੇਤੀ ਵਰਸਿਟੀ ਵਿਚ ਖੁੱਲ਼ੀ ਬਹਿਸ ਰੱਖ ਕੇ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਸੀ ਪਰ ਵਿਰੋਧੀ ਧਿਰ ਨੇ ਇਸ ਸੱਦੇ ਨੂੰ ਰੱਦ ਕਰ ਦਿਤਾ ਸੀ। ਹੁਣ ਤਾਂ ਪੰਜਾਬ ਵਿਧਾਨ ਸਭਾ ਸੈਸ਼ਨ ਹੈ ਜਿਥੇ ਕਿ ਸਾਰੀਆਂ ਧਿਰਾਂ ਆਪਣਾ ਪੱਖ ਰੱਖਣਗੀਆਂ।
ਇਹ ਵੀ ਦੇਖਣਾ ਹੋਵੇਗਾ ਕਿ ਹਾਕਮ ਧਿਰ ਸਾਰੇ ਵੱਡੇ ਮਾਮਲਿਆਂ ਉੱਪਰ ਕੀ ਨੀਤੀ ਅਪਣਾਉਂਦੀ ਹੈ। ਪੰਜਾਬੀ ਇਸ ਗੱਲ ਦੀ ਉਮੀਦ ਕਰਦੇ ਹਨ ਕਿ ਪੰਜਾਬ ਵਿਧਾਨ ਸਭਾ ਵਿਚ ਸਾਰੀਆਂ ਰਾਜਸੀ ਧਿਰਾਂ ਵੱਲੋਂ ਸਾਰਥਿਕ ਬਹਿਸ ਹੋਵੇਗੀ! ਆਮ ਤੌਰ ਤੇ ਹਾਕਮ ਧਿਰ ਅਤੇ ਵਿਰੋਧੀ ਧਿਰ ਸਦਨ ਅੰਦਰ ਇਕ ਦੂਜੇ ਨਾਲ ਟਕਰਾਉਂਦੇ ਹਨ ਅਤੇ ਪੰਜਾਬ ਦੇ ਸੰਕਟ ਬਾਰੇ ਕੋਈ ਸਾਂਝੀ ਪਹੁੰਚ ਨਹੀਂ ਬਣਦੀ। ਰਾਜਪਾਲ ਅਤੇ ਮੁੱਖ ਮੰਤਰੀ ਦੀ ਸੁਪਰੀਮ ਕੋਰਟ ਵਿਚ ਬਣੀ ਸਹਿਮਤੀ ਬਾਅਦ ਇਹ ਪਹਿਲਾ ਸੈਸ਼ਨ ਆ ਰਿਹਾ ਹੈ । ਇਸ ਕਰਕੇ ਸੈਸ਼ਨ ਕਈ ਪਹਿਲੂਆਂ ਤੋਂ ਅਹਿਮ ਹੈ।