ਜਗਤਾਰ ਸਿੰਘ ਸਿੱਧੂ;
ਦੋ ਦਸੰਬਰ ਨੂੰ ਸਿੰਘ ਸਾਹਿਬਾਨ ਵਲੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁੱਦੇ ਉੱਪਰ ਬੁਲਾਈ ਮੀਟਿੰਗ ਦੇ ਸਿਲਸਿਲੇ ਵਿੱਚ ਕਈ ਨਵੇਂ ਪਹਿਲੂ ਸਾਹਮਣੇ ਆਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਕਾਰਜਕਾਰਨੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੱਲੋਂ ਸਿੰਘ ਸਾਹਿਬਾਨ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਦੇ ਸਿਲਸਿਲੇ ਵਿੱਚ ਮੀਡੀਆ ਨੂੰ ਦਿੱਤੇ ਇਸ਼ਤਿਹਾਰਾਂ ਉੱਪਰ ਖਰਚੇ ਗਏ 90 ਲੱਖ ਰੁਪਏ ਦੇ ਮਾਮਲੇ ਦਾ ਉਨਾਂ ਨੇ ਵਿਰੋਧ ਕੀਤਾ ਸੀ। ਅਸਲ ਵਿੱਚ ਇਹ ਦੋਵੇਂ 2015 ਦੀ ਕਾਰਜਕਾਰਨੀ ਦੇ ਮੈਂਬਰ ਸਨ ਅਤੇ ਉਸ ਸਮੇਂ ਦੇ ਸਾਰੇ ਕਾਰਜਕਾਰਨੀ ਮੈਂਬਰਾਂ ਨੂੰ ਸਿੰਘ ਸਾਹਿਬਾਨ ਨੇ ਦੋ ਦਸੰਬਰ ਲਈ ਤਲਬ ਕੀਤਾ ਹੋਇਆ ਹੈ।
ਜਥੇਦਾਰ ਭੌਰ ਇਸ ਵੇਲੇ ਆਸਟ੍ਰੇਲੀਆ ਦੇਸ਼ ਵਿੱਚ ਹਨ ਅਤੇ ਉਨਾਂ ਨੇ ਪੱਤਰ ਲਿਖ ਕੇ ਮਾਮਲੇ ਨਾਲ ਸਬੰਧਤ ਆਪਣੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ। ਜਥੇਦਾਰ ਭੌਰ ਨੇ ਪੱਤਰ ਵਿੱਚ ਸਾਫ ਤੌਰ ਤੇ ਕਿਹਾ ਹੈ ਕਿ ਜਦੋਂ ਇਹ ਮਾਮਲਾ ਅੰਤ੍ਰਿਗ ਕਮੇਟੀ ਵਿੱਚ ਆਇਆ ਸੀ ਤਾਂ ਉਨਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। ਜਥੇਦਾਰ ਭੌਰ ਨੇ ਇਹ ਮਾਮਲੇ ਬਾਰੇ ਆਪਣੀ ਰਾਏ ਰਿਕਾਰਡ ਤੇ ਲਿਆਉਣ ਬਾਰੇ ਉਸ ਵੇਲੇ ਦੇ ਪ੍ਰਧਾਨ ਨੂੰ ਵੀ ਕਿਹਾ ਸੀ ਅਤੇ ਪ੍ਰਧਾਨ ਨੇ ਸਹਿਮਤੀ ਪ੍ਰਗਟਾਈ ਸੀ ਪਰ ਪਤਾ ਲੱਗਿਆ ਹੈ ਕਿ ਉਨਾ ਦੀ ਰਾਏ ਨੂੰ ਕਾਰਵਾਈ ਦਾ ਹਿੱਸਾ ਨਹੀਂ ਬਣਾਇਆ ਗਿਆ । ਜਥੇਦਾਰ ਭੌਰ ਦਾ ਕਹਿਣਾ ਹੈ ਕਿ ਉਨਾਂ ਦੇ ਵਿਰੋਧ ਵਾਲੀ ਰਾਏ ਨੂੰ ਮੀਡੀਆ ਨੇ ਅਹਿਮ ਥਾਂ ਦਿੱਤੀ ਸੀ। ਉਸ ਵੇਲੇ ਦੇ ਸਾਬਕਾ ਮੁੱਖ ਸਕੱਤਰ ਮਰਹੂਮ ਹਰਚਰਨ ਸਿੰਘ ਨੇ ਨੱਬੇ ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦਾ ਵਿਰੋਧ ਕੀਤਾ ਸੀ ਅਤੇ ਉਨਾ ਨੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਬਾਰੇ ਲਿਖੀ ਪੁਸਤਕ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ । ਉਸ ਨੇ ਇਹ ਵੀ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਹਦਾਇਤ ਉੱਤੇ ਹੀ ਇਸ਼ਤਿਹਾਰ ਦਿੱਤੇ ਗਏ।ਹਰਚਰਨ ਸਿੰਘ ਦੀ ਇੱਕ ਵੀਡੀਓ ਵੀ ਜਾਰੀ ਹੋਈ ਸੀ ਜਿਸ ਵਿੱਚ ਵਿਚ ਉਨਾ ਨੇ ਜਥੇਦਾਰ ਭੌਰ ਦੇ ਵਿਰੋਧ ਦਾ ਵੀ ਜ਼ਿਕਰ ਕੀਤਾ ਹੈ।
ਇਸੇ ਤਰਾਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਿੰਘ ਸਾਹਿਬਾਨ ਨੂੰ ਪੱਤਰ ਲਿਖ ਕੇ ਆਪਣੀ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਉਹ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣ ਬਾਰੇ ਇਸ਼ਤਿਹਾਰਾਂ ਬਾਰੇ ਸਹਿਮਤੀ ਵਾਲੇ ਪਾਪ ਦਾ ਹਿੱਸਾ ਨਹੀਂ ਹਨ। ਉਨਾਂ ਨੇ ਇਸ ਮਾਮਲੇ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਸੀ ਅਤੇ ਮੀਡੀਆ ਵਿੱਚ ਵੀ ਇਹ ਖਬਰਾਂ ਆਈਆਂ ਸਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋ ਦੋ ਦਸੰਬਰ ਦੀ ਬੁਲਾਈ ਗਈ ਮੀਟਿੰਗ ਵਿੱਚ ਇਹ ਤਥ ਵੀ ਸਾਹਮਣੇ ਅਉਣਗੇ । ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਸਿੰਘ ਸਾਹਿਬ ਵਲੋਂ ਦੋ ਦਸੰਬਰ ਨੂੰ ਪੇਸ਼ ਹੋਣ ਵਾਲੀਆਂ ਸਾਰੀਆਂ ਧਿਰਾਂ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਗਈ ਹੈ ਕਿ ਉਸ ਦਿਨ ਕਿਸੇ ਕਿਸਮ ਦਾ ਕਿਸੇ ਧਿਰ ਵੱਲੋਂ ਦਬਾ ਵਾਲਾ ਮਹੌਲ ਨਹੀ ਹੋਣਾ ਚਾਹੀਦਾ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੁਤਾਬਿਕ ਹੀ ਸਾਰਾ ਕੁਝ ਹੋਵੇਗਾ । ਜੇ ਕਰ ਕੋਈ ਧਿਰ ਉਲੰਘਣਾ ਕਰੇਗੀ ਤਾਂ ਉਹ ਆਪ ਜਿੰਮੇਵਾਰ ਹੋਵੇਗੀ।
ਸੰਪਰਕ: 9814002186