ਤੰਦਰੁਸਤ ਪਨੀਰੀ – ਝੋਨੇ/ਬਾਸਮਤੀ ਦੀ ਚੰਗੀ ਫ਼ਸਲ ਦੀ ਬੁਨਿਆਦ

TeamGlobalPunjab
18 Min Read

– ਸਿਮਰਜੀਤ ਕੌਰ

– ਰੂਪਇੰਦਰ ਸਿੰਘ ਗਿੱਲ

– ਅਮਰਜੀਤ ਸਿੰਘ

ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ ਜਿਹੜੀ ਕਿ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ ‘ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿੱਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ ਦੀ ਮਹਾਂਮਾਰੀ ਕਾਰਨ ਪੰਜਾਬ ਵਿੱਚ ਝੋਨੇ ਦੀ ਕਾਸ਼ਤ ਕਰਨ ਲਈ ਸਿੱਧੀ ਬਿਜਾਈ ਅਤੇ ਮਸ਼ੀਨ ਨਾਲ ਪਨੀਰੀ ਦੀ ਲੁਆਈ ਦਾ ਰੁਝਾਨ ਵਧਣ ਦੀ ਆਸ ਹੈ। ਤੰਦਰੁਸਤ ਪਨੀਰੀ ਹੀ ਚੰਗੀ ਫ਼ਸਲ ਦੀ ਬੁਨਿਆਦ ਹੁੰਦੀ ਹੈ। ਨਰੋਈ ਪਨੀਰੀ ਦੀ ਤਿਆਰੀ ਲਈ ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ:-

- Advertisement -

1. ਪਨੀਰੀ ਦੀ ਬਿਜਾਈ ਦਾ ਸਮਾਂ ਅਤੇ ਬੀਜ ਦੀ ਸੋਧ : ਨਰੋਈ ਪਨੀਰੀ ਤਿਆਰ ਕਰਨ ਲਈ ਬਿਜਾਈ ਦੇ ਸਮੇਂ ਅਤੇ ਢੰਗ ਦੀ ਬਹੁਤ ਮਹੱਤਤਾ ਹੈ। ਝੋਨੇ (ਪਰਮਲ) ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਕਰਨ ਲਈ ਪਨੀਰੀ ਦੀ ਬਿਜਾਈ 20 ਮਈ-5 ਜੂਨ ਅਤੇ ਲੁਆਈ 20 ਜੂਨ-5 ਜੁਲਾਈ ਦਰਮਿਆਨ ਕਰੋ। ਇਸ ਨਾਲ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ। ਪੀ ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋਂ 10 ਜੂਨ ਦਰਮਿਆਨ ਕਰੋ। ਪਨੀਰੀ ਬਿਜਾਈ ਤੋਂ 25-30 ਦਿਨਾਂ ਪਿੱਛੋਂ ਪੁੱਟ ਕੇ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਪੀ ਆਰ 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ। ਲੋੜ ਹੈ ਕਿ ਬਾਸਮਤੀ ਦੇ ਥੱਲੇ ਰਕਬਾ ਜ਼ਿਆਦਾ ਨਾ ਵਧਾਇਆ ਜਾਵੇ (ਤਕਰੀਬਨ 20 ਫੀਸਦੀ) ਤਾਂ ਜੋ ਕਿ ਇਸ ਦਾ ਚੰਗਾ ਭਾਅ ਮਿਲ ਸਕੇ। ਬਾਸਮਤੀ ਕਿਸਮਾਂ ਵਿੱਚ ਵਧੀਆ ਪਕਾਉਣ ਅਤੇ ਖਾਣ ਵਾਲੇ ਗੁਣ ਤਾਂ ਹੀ ਆ ਸਕਦੇ ਹਨ ਜੇਕਰ ਇਹ ਕਿਸਮਾਂ ਕੁਝ ਠੰਢੇ ਤਾਪਮਾਨ ਵਿੱਚ ਪੱਕਣ।
ਕਿਸਮਾਂ ਪਨੀਰੀ ਬੀਜਣ ਦਾ ਸਮਾਂ ਲੁਆਈ ਸਮੇਂ ਪਨੀਰੀ ਦੀ ਉਮਰ
ਪਰਮਲ ਝੋਨਾ
ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 128, ਪੀ ਆਰ 129, ਪੀ ਆਰ 114, ਪੀ ਆਰ 113, 20-25 ਮਈ 30-35 ਦਿਨ
ਪੀ ਆਰ 127, ਐੱਚ ਕੇ ਆਰ 47 25-31 ਮਈ
ਪੀ ਆਰ 124 25-31 ਮਈ 25-30 ਦਿਨ
ਪੀ ਆਰ 126, 25 ਮਈ – 5 ਜੂਨ
ਬਾਸਮਤੀ
ਪੰਜਾਬ ਬਾਸਮਤੀ 5, 4, 3 ਤੇ 2 ਅਤੇ
ਪੂਸਾ ਬਾਸਮਤੀ 1121, 1637 ਤੇ 1718, 1-15 ਜੂਨ 25-30 ਦਿਨ
ਸੀ ਐਸ ਆਰ 30, ਬਾਸਮਤੀ 370,
ਬਾਸਮਤੀ 386 ਅਤੇ ਪੂਸਾ ਬਾਸਮਤੀ 1509 15-30 ਜੂਨ

ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਭਾਰੇ ਬੀਜ ਨੂੰ ਬੀਜਣ ਤੋਂ ਪਹਿਲਾਂ ਉੱਲੀਨਾਸ਼ਕ ਦੇ ਲੇਪ ਨਾਲ ਸੋਧ ਲਓ। ਇਸ ਲੇਪ ਨੂੰ ਤਿਆਰ ਕਰਨ ਲਈ 24 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ 80-100 ਮਿਲੀਲਿਟਰ ਪਾਣੀ ਵਿੱਚ ਘੋਲ਼ੋ। ਸੋਧੇ ਹੋਏ ਭਿੱਜੇ ਬੀਜ ਦਾ ਪੁੰਗਾਰ 24-26 ਘੰਟਿਆਂ ਵਿੱਚ ਹੋ ਜਾਂਦਾ ਹੈ।
ਬਾਸਮਤੀ ਦੀ ਫ਼ਸਲ ਤੇ ਮੁੱਢ ਗਲਣ (ਝੰਡਾ ਰੋਗ) ਦੀ ਬਿਮਾਰੀ ਦਾ ਭਿਆਨਕ ਹਮਲਾ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਅਤੇ ਪਨੀਰੀ ਨੂੰ ਵੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ 15 ਗ੍ਰਾਮ ਟ੍ਰਾਈਕੋਡਰਮਾ ਹਰਜੀਐਨਮ ਪ੍ਰਤੀ ਲਿਟਰ ਪਾਣੀ ਵਿੱਚ 6 ਘੰਟੇ ਲਈ ਡੁਬੋ ਲਵੋ।

2. ਪਨੀਰੀ ਦੀ ਬਿਜਾਈ ਦਾ ਤਰੀਕਾ : ਪਨੀਰੀ ਦੀ ਲੁਆਈ ਹੱਥਾਂ ਨਾਲ (ਆਮ ਵਿਧੀ) ਜਾਂ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ। ਪੈਡੀ ਟਰਾਂਸਪਲਾਂਟਰ ਮਸ਼ੀਨਾ ਨਾਲ ਝੋਨੇ ਦੀ ਪਨੀਰੀ ਦੀ ਲੁਅਈ ਸੁਖਾਲੀ, ਘੱਟ ਸਮੇਂ ਵਿੱਚ, ਘੱਟ ਲੇਬਰ ਨਾਲ ਕੀਤੀ ਜਾ ਸਕਦੀ ਹੈ। ਮਸ਼ੀਨ ਨਾਲ ਬੂਟਿਆਂ ਦੀ ਗਿਣਤੀ ਪ੍ਰਤੀ ਵਰਗ ਮੀਟਰ ਵੀ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ। ਮਸ਼ੀਨਾਂ ਦੇ ਖਰਚੇ ਘਟਾਉਣ ਲਈ, ਇਹਨਾਂ ਮਸ਼ੀਨਾਂ ਨੂੰ ਕਿਰਾਏ ‘ਤੇ ਚਲਾਉਣਾ ਚਾਹੀਦਾ ਹੈ ਅਤੇ ਇਹਨਾਂ ਮਸ਼ੀਨਾਂ ਨੂੰ ਪੂਰੀ ਸੱਮਰਥਾ ਤੇ ਚਲਾਉਣ ਨਾਲ 2-3 ਸਾਲਾਂ ਵਿੱਚ ਮਸ਼ੀਨਾਂ ਉੱਤੇ ਕੀਤਾ ਖਰਚੇ ਦੀ ਪੂਰਤੀ ਹੋ ਜਾਂਦੀ ਹੈ। ਮਸ਼ੀਨਾਂ ਨੂੰ ਕਿਰਾਏ ਤੇ ਚਲਾਉਣ ਨਾਲ ਪਿੰਡਾਂ ਵਿੱਚ 30-40 ਦਿਨ ਦੇ ਰੋਜ਼ਗਾਰ ਦੇ ਸਾਧਣ ਵੀ ਪੈਦਾ ਹੁੰਦੇ ਹਨ। ਇਹਨਾਂ ਮਸ਼ੀਨਾਂ ਲਈ ਖਾਸ ਤੌਰ ‘ਤੇ ਮੈਟ ਟਾਈਪ ਨਰਸਰੀ/ਪਨੀਰੀ ਤਿਆਰ ਕਰਨੀ ਪੈਂਦੀ ਹੈ।
ਆਮ ਲੁਆਈ ਲਈ ਪਨੀਰੀ ਤਿਆਰ ਕਰਨ ਦੀ ਵਿਧੀ: ਪਨੀਰੀ ਦੀ ਬੀਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ। ਪਨੀਰੀ ਵਾਲੇ ਖੇਤ ਦੀ ਮਿੱਟੀ ਉਪਜਾਊ, ਖੇਤ ਚੰਗੀ ਤਰ੍ਹਾਂ ਪੱਧਰ, ਟਿਊਬਵੈੱਲ ਅਤੇ ਦਰਖਤਾਂ ਤੋਂ ਘੱਟੋ ਘੱਟ 20 ਮੀਟਰ ਦੀ ਦੂਰੀ ਤੇ ਹੋਣ। ਖੇਤ ਦੀ ਮਿੱਟੀ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨਹੀਂ ਹੋਣੀ ਚਾਹੀਦੀ। ਜਿਸ ਖੇਤ ਵਿੱਚ ਪਨੀਰੀ ਬੀਜਣੀ ਹੋਵੇ, ਉੱਥੇ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਅਤੇ ਝੋਨੇ ਦੇ ਆਪ-ਮੁਹਾਰੇ ਉੱਗੇ ਬੂਟਿਆਂ (ਵਲੰਟੀਅਰ ਝੋਨਾ) ਦੀ ਸ਼ਿਕਾਇਤ ਘੱਟ ਹੋਵੇ। ਝੋਨੇ ਦੀ ਫ਼ਸਲ ਵਿੱਚ ਰਲਾ ਜਾਂ ਕਿਸਮਾਂ ਦੇ ਮਿਸ਼ਰਣ ਦਾ ਮੁੱਖ ਕਾਰਣ ਪਿਛਲੇ ਸਾਲ ਦਾ ਝੋਨੇ ਦਾ ਕਿਰਿਆ ਬੀਜ ਹੈ ਜਿਹੜਾ ਪਨੀਰੀ ਵਿੱਚ ਆਮ-ਮੁਹਾਰੇ ਜੰਮ ਪੈਂਦਾ ਹੈ ਅਤੇ ਰਲੇ ਦਾ ਕਾਰਣ ਬਣਦਾ ਹੈ।
ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਸਾਢੇ ਛੇ ਮਰਲੇ ਥਾਂ ਵਿੱਚ 1 ਕਿਲੋ ਯੂਰੀਆ ਅਤੇ 2.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਬਿਜਾਈ ਸਮੇਂ ਪਾਉ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਕਰੋ। ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਵੀ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਸੀ, ਅਜਿਹੀਆਂ ਹਾਲਤਾਂ ਵਿੱਚ ਘਾਟ ਪੂਰੀ ਕਰਨ ਲਈ ਖੇਤ ਵਿੱਚ ਕੱਦੂ ਕਰਨ ਸਮੇਂ 1.5 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 1.0 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਪਾ ਦਿਉ। ਇਸ ਤੋਂ ਬਾਅਦ ਖੇਤ ਨੂੰ ਚੰਗੀ ਤਰਾਂ ਕੱਦੂ ਕਰਕੇ ਤਿਆਰ ਕਰੋ ਅਤੇ ਇਸ ਵਿੱਚ ਸੋਧੇ ਹੋਏ 8 ਕਿੱਲੋ ਬੀਜ ਦਾ ਛੱਟਾ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਪਨੀਰੀ ਲਾਉਣ ਲਈ ਤਿਆਰ ਕਰਨ ਲਈ (25-30 ਦਿਨਾਂ ਵਿੱਚ 20-25 ਸੈਂਟੀਮੀਟਰ ਉੱਚੀ) ਪਨੀਰੀ ਬੀਜਣ ਤੋਂ 15 ਦਿਨ ਬਾਅਦ 1 ਕਿਲੋ ਯੂਰੀਆ ਪਾਉੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 1 ਕਿੱਲੋ ਯੂਰੀਆ ਦੀ ਇੱਕ ਹੋਰ ਕਿਸ਼ਤ ਪਾਉ।
ਮਸ਼ੀਨ ਨਾਲ ਝੋਨਾ ਲਾਉਣ ਲਈ ਪਨੀਰੀ ਤਿਆਰ ਕਰਨ ਦੀ ਵਿਧੀ: ਇੱਕ ਏਕੜ ਪਨੀਰੀ ਲਈ ਤਕਰੀਬਨ 150 ਮੈਟ ਲੋੜੀਂਦੇ ਹੁੰਦੇ ਹਨ। ਮੈਟ ਟਾਈਪ ਪਨੀਰੀ ਪਲਾਸਟਿਕ ਦੀ ਸ਼ੀਟ ਜਾਂ ਟਰੇਆਂ ਵਿੱਚ ਲਗਾਈ ਜਾਂਦੀ ਹੈ। ਇਸ ਪਨੀਰੀ ਦੀ ਬਿਜਾਈ ਲਈ ਸਾਨੂੰ ਬੀਜ ਖਿਲਾਰਨ ਵਾਲਾ ਰੋਲਰ, 50-60 ਗੇਜ ਮੋਟਾਈ ਵਾਲੀ ਪਲਾਸਟਿਕ ਦੀ ਸ਼ੀਟ, ਲੋਹੇ ਦਾ ਫਰੇਮ, ਪਾਣੀ ਦਾ ਫੁਹਾਰਾ, ਲੱਕੜ ਦੀ ਪਤਲੀ ਫੱਟੀ, ਹੱਥ ਵਾਲਾ ਜਿੰਦਰਾ ਆਦਿ ਦੀ ਜਰੂਰਤ ਹੁੰਦੀ ਹੈ। ਰੌਣੀ ਤੋਂ ਬਾਅਦ ਖੇਤ ਨੂੰ ਵੱਤਰ ਆਉਣ ਤੇ ਚੰਗੀ ਤਰ੍ਹਾਂ ਵਾਹੀ ਕਰਕੇ ਸੁਹਾਗਾ ਮਾਰ ਦਿਓ ਅਤੇ ਮਿੱਟੀ ਵਿੱਚ ਪੱਥਰ ਜਾਂ ਕਿਸੇ ਤਰ੍ਹਾਂ ਦੀ ਸਖਤ ਵਸਤੂ ਨੂੰ ਕੱਢ ਦਿਉ। ਤਿਆਰ ਕੀਤੀ ਥਾਂ ਉੱਤੇ 50-60 ਗੇਜ਼ ਦੀ ਪਤਲੀ ਅਤੇ 80-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ ਜਿਸ ਵਿੱਚ 1-2 ਮਿਲੀਮੀਟਰ ਸਾਈਜ਼ ਦੇ ਸੁਰਾਖ ਹੋਣ, ਵਿਛਾ ਦਿਓ। ਇਕ ਏਕੜ ਦੀ ਪਨੀਰੀ ਲਈ 270 ਗ੍ਰਾਮ ਸ਼ੀਟ (ਤਕਰੀਬਨ 15 ਮੀਟਰ ਲੰਬੀ) ਦੀ ਜਰੂਰਤ ਪੈਂਦੀ ਹੈ। ਸ਼ੀਟ ਉੱਤੇ ਮਸ਼ੀਨ ਦੇ ਸਾਈਜ਼ ਮੁਤਾਬਿਕ ਖਾਨੇ ਵਾਲੇ ਫਰੇਮ ਰੱਖੋ ਅਤੇ ਫਰੇਮ ਵਿੱਚ ਮਿੱਟੀ ਪਾ ਕੇ ਇਕਸਾਰ ਪੱਧਰ ਕਰ ਦਿਓ। ਖਾਨੇ ਉੱਤੇ ਬੀਜ ਖਿਲਾਰਨ ਵਾਲੇ ਰੋਲਰ ਦੀ ਮਦਦ ਨਾਲ ਪੁੰਗਰਿਆ ਹੋਇਆ ਬੀਜ ਇਸ ਤਰ੍ਹਾਂ ਖਿਲਾਰੋ ਕਿ ਇੱਕ ਸੈਂਟੀਮੀਟਰ ਦੇ ਖੇਤਰਫ਼ਲ ਵਿੱਚ 2 ਤੋਂ 3 ਦਾਣੇ ਆਉਣ। ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢਕਣ ਉਪਰੰਤ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕ ਦਿਓ ਤਾਂ ਕਿ ਮਿੱਟੀ ਜੰਮ ਜਾਵੇ। ਫਰੇਮ ਨੂੰ ਹੌਲੀ ਜਿਹੀ ਚੁੱਕ ਲਵੋ ਅਤੇ ਅੱਗੇ ਵਿਛਾਈ ਹੋਈ ਪਲਾਸਟਿਕ ਸ਼ੀਟ ਉੱਤੇ ਰੱਖ ਦਿਓ ਅਤੇ ਉਪਰੋਕਤ ਵਿਧੀ ਲੋੜ ਮੁਤਾਬਕ ਦੁਹਰਾਓ। ਪਨੀਰੀ ਦੀ ਬਿਜਾਈ ਤੋਂ ਬਾਅਦ ਮੈਟ ਹਮੇਸ਼ਾਂ ਗਿੱਲੇ ਰੱਖੋ ਅਤੇ ਇਸ ਲਈ ਹਰ ਰੋਜ਼ ਪਾਣੀ ਲਗਾਉਣਾ ਜ਼ਰੂਰੀ ਹੈ।ਨਵੇਂ ਬਣੇ ਮੈਟ ਖਰਾਬ ਹੋਣ ਤੋਂ ਬਚਾਉਣ ਲਈ ਪਹਿਲੇ 2-3 ਪਾਣੀ ਬੜੇ ਧਿਆਨ ਨਾਲ ਲਗਾਉ ਅਤੇ ਪਾਣੀ ਦਾ ਵਹਾਅ ਘੱਟ ਅਤੇ ਇਕਸਾਰ ਰੱਖੋ। ਇੱਕ ਏਕੜ ਦੀ ਪਨੀਰੀ ਲਈ 10 ਦਿਨਾਂ ਦੇ ਵਕਫ਼ੇ ਮਗਰੋਂ 200 ਗ੍ਰਾਮ ਯੂਰੀਆ 15 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹ ਪਨੀਰੀ ਦੇ ਮੈਟ 25-30 ਦਿਨਾਂ ਪਿੱਛੋਂ ਲੁਆਈ ਲਈ ਤਿਆਰ ਹੋ ਜਾਂਦੇ ਹਨ।

3. ਪਨੀਰੀ ਦੀ ਸਾਂਭ-ਸੰਭਾਲ : ਪਨੀਰੀ ਦੀ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹੋ। ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਦਿਨਾਂ ਪਿੱਛੋਂ 20 ਮਿਲੀਲਿਟਰ ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਜਾਂ ਬਿਜਾਈ ਤੋਂ 7 ਦਿਨਾਂ ਪਿੱਛੋਂ 50 ਮਿਲੀਲਿਟਰ ਬੂਟਾਕਲੋਰ 50 ਈ ਸੀ ਨੂੰ 2.5 ਕਿਲੋ ਰੇਤ ਵਿੱਚ ਮਿਲਾ ਕੇ ਛੱਟਾ ਦਿਉ। ਪਨੀਰੀ ਵਿੱਚ ਸਵਾਂਕ ਅਤੇ ਅਤੇ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ ਬਿਜਾਈ ਤੋਂ 15-20 ਦਿਨਾਂ ਪਿੱਛੋਂ 4 ਮਿਲੀਲਿਟਰ ਨੌਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 6 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਪਨੀਰੀ ਨੂੰ ਦਿਉ ਅਤੇ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ। ਜੇਕਰ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ (ਜ਼ਿੰਕ ਦੀ ਘਾਟ) ਜਾਪਣ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ।
ਪਿਛਲੇ ਸਾਲਾਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਪਨੀਰੀ ਧੋੜੀਆਂ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ। ਇਹ ਨੀਮਾਟੋਡ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਆਮ ਤੌਰ ‘ਤੇ ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ। ਖੇਤ ਵਿੱਚ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ 1 ਕਿਲੋ ਸਰੋਂ ਦੀ ਖਲ ਪ੍ਰਤੀ ਮਰਲਾ ਦੇ ਹਿਸਾਬ ਨਾਲ ਪਾਉ। ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫ਼ਾ ਜ਼ਰੂਰ ਰੱਖੋ।
ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ। ਰਸਾਇਣਾਂ ਅਤੇ ਖਾਦਾਂ ਦੀ ਵਰਤੋ ਲੋੜ ਮੁਤਾਬਿਕ ਹੀ ਕੀਤੀ ਜਾਵੇ ਕਿਉਕਿ ਇਹਨਾ ਦੀ ਬੇਲੋੜੀ ਵਰਤੋਂ ਵਾਧੂ ਖਰਚੇ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।

4. ਪਨੀਰੀ ਦੀ ਲੁਆਈ ਲਈ ਖੇਤ ਦੀ ਤਿਆਰੀ : ਪਨੀਰੀ ਦੀ ਲੁਆਈ ਜਿਸ ਖੇਤ ਵਿੱਚ ਕਰਨੀ ਹੋਵੇ, ਉਸ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ ਤਾਂ ਜੋ ਪਾਣੀ ਅਤੇ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਹੋ ਸਕੇ। ਖੇਤ ਵਿੱਚ ਕੱਦੂ ਪੱਧਰਾ ਤੇ ਚੰਗਾ ਕਰੋ, ਤਾਂ ਕਿ ਛੋਟੇ ਪੌਦੇ ਚੰਗੀ ਤਰ੍ਹਾਂ ਲੱਗ ਜਾਣ ਅਤੇ ਨਾਲ ਹੀ ਨਦੀਨ ਵੀ ਘੱਟ ਉੱਗਣ। ਚੰਗਾ ਕੱਦੂ ਕਰਨ ਨਾਲ ਪਾਣੀ ਦੀ ਬੱਚਤ ਹੋਵੇਗੀ ਕਿਉਂਕਿ ਪਾਣੀ ਜ਼ਮੀਨ ਵਿੱਚ ਘੱਟ ਰਿਸੇਗਾ। ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਪ੍ਰਤੀ ਏਕੜ 6 ਟਨ ਰੂੜੀ ਦੀ ਖਾਦ ਜਾਂ 6 ਟਨ ਪ੍ਰੈਸਮੱਡ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਪਲਾਂਟ ਵਿੱਚੋਂ ਨਿਕਲੀ ਹੋਈ ਸਲੱਰੀ ਜਾਂ 2.0 ਟਨ ਝੋਨੇ ਦੀ ਪਰਾਲੀ ਤੋਂ ਬਣੀ ਪਰਾਲੀਚਾਰ ਪਾਉ। ਕਿਉਂਕਿ ਲੋੜੀਂਦੀ ਮਿਕਦਾਰ ਵਿੱਚ ਦੇਸੀ ਖਾਦਾਂ ਪ੍ਰਾਪਤ ਨਹੀਂ ਹੁੰਦੀਆ ਇਸ ਲਈ ਝੋਨਾ ਲਾਉਣ ਤੋਂ ਪਹਿਲਾਂ ਢੈਂਚਾ ਜਾਂ ਸਣ ਜਾਂ ਰਵਾਂਹ ਦੀ ਹਰੀ ਖਾਦ ਕਰੋ। ਇਸ ਲਈ 20 ਕਿਲੋ ਢੈਂਚੇ ਦਾ ਬੀਜ, ਜਿਹੜਾ ਕਿ 8 ਘੰੰਟੇ ਪਾਣੀ ਵਿੱਚ ਭਿੱਜਾ ਰਿਹਾ ਹੋਵੇ, ਜਾਂ 20 ਕਿਲੋ ਸਣ ਦਾ ਬੀਜ ਜਾਂ 12 ਕਿਲੋ ਰਵਾਂਹ ਦਾ ਬੀਜ ਪ੍ਰਤੀ ਏਕੜ ਦੇ ਹਿਸਾਬ ਬੀਜ ਦਿਉ (ਜੇਕਰ ਬੀਜ ਮੋਟਾ ਹੋਵੇ ਤਾਂ 20 ਕਿਲੋ ਬੀਜ) ਦੀ ਵਰਤੋਂ ਕਰੋ।ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਉ। ਇਸ ਤਰ੍ਹਾਂ 6-8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ। ਘੱਟ ਫ਼ਾਸਫ਼ੋਰਸ ਵਾਲੇ ਖੇਤਾਂ ਵਿੱਚ ਹਰੀ ਖਾਦ ਦੀ ਫ਼ਸਲ ਨੂੰ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਪਾਉ। ਇਸ ਪਿੱਛੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਫ਼ਾਸਫ਼ੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ।ਜੇਕਰ ਮੂੰਗੀ ਦੀ ਫ਼ਸਲ, ਫ਼ਲੀਆਂ ਤੋੜ ਕੇ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਖੇਤ ਵਿੱਚ ਦਬਾਈ ਜਾਵੇ ਤਾਂ ਨਾਈਟ੍ਰੋਜਨ ਵਾਲੀ ਖਾਦ ਤੀਜਾ ਹਿੱਸਾ ਘਟਾ ਦਿਉ। ਕਲਰਾਠੀਆਂ ਅਤੇ ਨਵੀਆਂ ਵਾਹੀ ਯੋਗ ਜ਼ਮੀਨਾਂ ਵਿੱਚ ਢੈਂਚੇ ਦੀ ਹਰੀ ਖਾਦ ਨੂੰ ਤਰਜੀਹ ਦਿਉ। ਢੈਂਚੇ ਦੀ ਹਰੀ ਖਾਦ ਨਾਲ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ।

- Advertisement -

5. ਪਨੀਰੀ ਦੀ ਲੁਆਈ : ਝੋਨੇ (ਪਰਮਲ) ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਕਰਨ ਲਈ ਪਨੀਰੀ ਦੀ ਲੁਆਈ 20 ਜੂਨ-5 ਜੁਲਾਈ ਦਰਮਿਆਨ ਕਰੋ ਅਤੇ ਪਛੇਤੀਆਂ ਹਾਲਤਾਂ ਵਿੱਚ ਪੀ ਆਰ 126 ਦੀ ਲੁਆਈ ਨੂੰ ਤਰਜੀਹ ਦਿਓ। ਜ਼ਿਆਦਾ ਝਾੜ ਅਤੇ ਚੰਗੀ ਕੁਆਲਟੀ ਲਈ ਪੀ ਆਰ 126 ਅਤੇ ਪੀ ਆਰ 124 ਕਿਸਮਾਂ ਦੀ 25-30 ਦਿਨਾਂ ਦੀ ਪਨੀਰੀ ਲਗਾਉ ਅਤੇ ਬਾਕੀ ਪਰਮਲ ਕਿਸਮਾਂ ਲਈ 30-35 ਦਿਨਾਂ ਦੀ ਪਨੀਰੀ ਵਰਤੋ। ਜੇਕਰ ਪਨੀਰੀ ਵੱਡੀ ਉਮਰ ਦੀ ਹੋ ਜਾਵੇ ਤਾਂ ਇਸ ਨਾਲ ਪਨੀਰੀ ਨੂੰ ਗੰਢਾਂ ਪੈ ਜਾਂਦੀਆਂ ਹਨ, ਸ਼ਾਖਾਂ ਘੱਟ ਫੁੱਟਦੀਆਂ ਹਨ ਅਤੇ ਝਾੜ ਘੱਟ ਜਾਂਦਾ ਹੈ। ਵੱਡੀ ਉਮਰ ਦੀ ਪਨੀਰੀ ਵਰਤਣ ਨਾਲ ਇਹਨਾਂ ਕਿਸਮਾਂ ਦੇ ਝਾੜ ਅਤੇ ਕੁਆਲਟੀ ਤੇ ਮਾੜਾ ਅਸਰ ਪੈਂਦਾ ਹੈ। ਚੰਗਾ ਝਾੜ ਲੈਣ ਲਈ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਜੈਵਿਕ, ਜੀਵਾਣੂੰ ਅਤੇ ਰਸਾਇਣਕ ਖਾਦਾਂ ਦੀ ਰਲਵੀਂ ਵਰਤੋਂ ਕਰੋ। ਜੀਵਾਣੂੰ ਖਾਦ ਦੀ ਵਰਤੋਂ ਲਈ ਇੱਕ ਪੈਕਟ (500 ਗ੍ਰਾਮ) ਐਜ਼ੋਸਪਾਇਰੀਲਮ ਜੀਵਾਣੂੰ ਖਾਦ ਨੂੰ 100 ਲਿਟਰ ਪਾਣੀ ਵਿੱਚ ਘੋਲ ਲਉ ਅਤੇ ਇੱਕ ਏਕੜ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ 45 ਮਿੰਟ ਲਈ ਡੁਬੋਣ ਤੋਂ ਬਾਅਦ ਪਨੀਰੀ ਨੂੰ ਛੇਤੀ ਹੀ ਖੇਤ ਵਿੱਚ ਲਗਾ ਦਿਉ। ਐਜ਼ੋਸਪਾਇਰੀਲਮ ਜੀਵਾਣੂੰ ਖਾਦ ਦਾ ਟੀਕਾ ਪੀ ਏ ਯੂ ਦੀ ਬੀਜਾਂ ਦੀ ਦੁਕਾਨ ਗੇਟ ਨੰ. 1 ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲਦਾ ਹੈ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾਂ ਕਰੋ ਜੇਕਰ ਮਿੱਟੀ ਪਰਖ ਦੇ ਆਧਾਰ ਤੇ ਇਸ ਦੀ ਘਾਟ ਹੋਵੇ। ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ। ਸਾਰੀ ਫ਼ਾਸਫ਼ੋਰਸ ਅਤੇ ਸਾਰੀ ਪੋਟਾਸ਼ ਖਾਦ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ। ਫ਼ਾਸਫ਼ੋਰਸ ਵਾਲੀ ਖਾਦ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਹਫ਼ਤਿਆਂ ਤੱਕ ਵੀ ਪਾਈ ਜਾ ਸਕਦੀ ਹੈ।
ਆਮ ਲੁਆਈ ਲਈ ਵੇਲੇ ਸਿਰ ਲੁਆਈ ਸਮੇਂ 33 ਬੂਟੇ ਅਤੇ ਪਛੇਤੀ ਲੁਆਈ ਦੌਰਾਨ 44 ਬੂਟੇ ਪ੍ਰਤੀ ਵਰਗ ਮੀਟਰ ਰੱਖੋ। ਇਸ ਤੋਂ ਇਲਾਵਾ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਬੈੱਡਾਂ ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛੱਟਾ ਦੇਣ ਉਪਰੰਤ ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਬੈੱਡ ਤਿਆਰ ਕਰੋ। ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਬੈੱਡਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ ੯ ਸੈਂਟੀਮੀਟਰ ਦੇ ਫ਼ਾਸਲੇ ਤੇ ਝੋਨੇ ਦੇ ਬੂਟੇ ਲਾਓ ਤਾਂ ਜੋ ਬੂਟਿਆਂ ਦੀ ਗਿਣਤੀ 33 ਬੂਟੇ ਪ੍ਰਤੀ ਵਰਗਮੀਟਰ ਰਹੇ। ਇੰਜ ਕਰਨ ਨਾਲ ਝੋਨੇ ਦੀ ਫ਼ਸਲ ਨੂੰ ਲੱਗਣ ਵਾਲੇ ਕੁੱਲ ਪਾਣੀ ਦੀ ਤਕਰੀਬਨ 25 ਪ੍ਰਤੀਸ਼ਤ ਦੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਮਸ਼ੀਨ ਨਾਲ ਪਨੀਰੀ ਦੀ ਲੁਆਈ ਲਈ ਮੈਟ ਵਾਲੀ ਪਨੀਰੀ ਨੂੰ ਮਸ਼ੀਨ ਨਾਲ 30.12 ਸੈਂਟੀਮੀਟਰ ਦੇ ਫ਼ਾਸਲੇ ‘ਤੇ ਲਾਉਣਾ ਚਾਹੀਦਾ ਹੈ।
ਸੋ, ਕਿਸਾਨ ਸਾਥੀਓ, ਇਨ੍ਹਾਂ ਨੁਕਤਿਆਂ ‘ਤੇ ਅਮਲ ਕਰ ਕੇ ਝੋਨੇ ਦੀ ਨਰੋਈ ਪਨੀਰੀ ਤਿਆਰ ਕਰੋ ਅਤੇ ਫ਼ਸਲ ਤੋਂ ਵਧੇਰੇ ਝਾੜ ਅਤੇ ਮੁਨਾਫਾ ਲਓ।

(ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜ਼ੂਕੇਸ਼ਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ)

Share this Article
Leave a comment