ਟੋਕੀਓ ਓਲੰਪਿਕਸ ਦੀ ਤਿਆਰੀ ਵਿੱਚ ਨਹੀਂ ਛੱਡੀ ਗਈ ਕੋਈ ਕਸਰ

TeamGlobalPunjab
4 Min Read

-ਪੁਲੇਲਾ ਗੋਪੀਚੰਦ;

ਭਾਰਤੀ ਐਥਲੀਟਾਂ ਦੇ ਆਤਮਵਿਸ਼ਵਾਸ ਦਾ ਤੇਜ਼ੀ ਨਾਲ ਵਧਣਾ ਸੁਭਾਵਿਕ ਹੈ ਕਿਉਂਕਿ ਉਹ ਅਗਲੇ ਮਹੀਨੇ ਟੋਕੀਓ ਵਿੱਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਲਈ ਆਪਣੀਆ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੇ ਹਨ। ਭਾਰਤ ਦੇ ਪ੍ਰਸਿੱਧ ਖਿਡਾਰੀਆਂ ਵਿੱਚ ਅਪਾਰ ਆਤਮਵਿਸ਼ਵਾਸ ਅਤੇ ਉਤਸ਼ਾਹ ਦੇ ਨਾਲ ਅਧੀਰਤਾ ਨੂੰ ਸਾਰੇ ਦੇਖ ਤੇ ਮਹਿਸੂਸ ਕਰ ਸਕਦੇ ਹਨ, ਜੋ ਮਹਾਮਾਰੀ ਅਤੇ ਇਸ ਦੇ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਦੀ ਪੂਰੀ ਤਿਆਰੀ ਨੂੰ ਪ੍ਰਦਰਸ਼ਿਤ ਕਰਦਾ ਹੈ।

ਲੇਕਿਨ ਭਰੋਸੇ ਦੀ ਇਹ ਆਭਾ ਕਿੱਥੋਂ ਆ ਰਹੀ ਹੈ? ਇੱਕ ਸਾਲ ਦੇ ਲਈ ਸਥਗਿਤ ਅਤੇ ਹੁਣ ਕਠਿਨ ਪਰਿਸਥਿਤੀਆਂ ਵਿੱਚ ਆਯੋਜਿਤ ਹੋਣ ਵਾਲੇ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ 125 ਐਥਲੀਟਾਂ ਵਿੱਚੋਂ ਹਰੇਕ ਨੇ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਸਰੀਰਕ, ਭਾਵਨਾਤਮਕ ਅਤੇ ਪ੍ਰਤੀਯੋਗੀ ਤੌਰ ‘ਤੇ ਤਿਆਰ ਰਹਿਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

ਇਹ ਕਹਿਣਾ ਉਚਿਤ ਹੋਵੇਗਾ ਕਿ ਸਾਡੇ ਬੈਡਮਿੰਟਨ ਖਿਡਾਰੀ, ਜਿਨ੍ਹਾਂ ਨੂੰ ਓਲੰਪਿਕਸ ਵਿੱਚ ਕੁਆਲੀਫਾਈ ਕਰਨ ਦਾ ਮੌਕਾ ਮਿਲਿਆ ਹੈ, ਉਨ੍ਹਾਂ ਨੂੰ ਉਹ ਸਮਰਥਨ ਮਿਲਿਆ, ਜੋ ਉਹ ਚਾਹੁੰਦੇ ਸਨ। ਅੱਜ, ਕੁਆਲੀਫਾਈ ਕਰਨ ਕਰਨ ਵਾਲੇ ਹਰੇਕ ਬੈਡਮਿੰਟਨ ਖਿਡਾਰੀ ਦੀ ਮਦਦ; ਇੱਕ ਵਿਦੇਸ਼ੀ ਕੋਚ, ਇੱਕ ਫਿਜ਼ੀਓਥੈਰੇਪਿਸਟ ਅਤੇ ਇੱਕ ਸਟ੍ਰੈਂਥ ਤੇ ਕੰਡੀਸ਼ਨਿੰਗ ਕੋਚ ਦੁਆਰਾ ਕੀਤੀ ਜਾ ਰਹੀ ਹੈ। ਇਹ ਸਥਿਤੀ ਉਸ ਸਮੇਂ ਤੋਂ ਬਹੁਤ ਅਲੱਗ ਹੈ, ਜਦੋਂ ਖਿਡਾਰੀ ‘ਤੇ ਇਸ ਤਰ੍ਹਾਂ ਦੇ ਵਿਅਕਤੀਗਤ ਧਿਆਨ ਦੀ ਕੋਈ ਵਿਵਸਥਾ ਨਹੀਂ ਸੀ। ਇਹ ਇੱਕ ਅਜਿਹੀ ਸਥਿਤੀ ਹੈ, ਜਿਸ ਦੀ ਚੋਟੀ ਦੇ ਦੇਸ਼ ਵੀ ਆਕਾਂਖਿਆ ਰੱਖਦੇ ਹਨ।

- Advertisement -

ਮੈਨੂੰ ‘ਰੀਓ 2016’ ਦੀ ਯਾਦ ਆਉਂਦੀ ਹੈ, ਜਦ ਭਾਰਤੀ ਦਲ ਨੂੰ ਲੋੜੀਂਦੇ ਨਤੀਜੇ ਨਾ ਮਿਲਣ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਅੱਗੇ ਚਲ ਕੇ 100 ਪ੍ਰਤੀਸ਼ਤ ਪ੍ਰਦਰਸ਼ਨ ਦੇਣ ਦੇ ਲਈ ਲਈ ਪ੍ਰੋਤਸਾਹਿਤ ਕੀਤਾ ਸੀ। ਮੈਂ ਉਸ ਓਲੰਪਿਕ ਟਾਸਕ ਫੋਰਸ ਦਾ ਹਿੱਸਾ ਸੀ, ਜਿਸ ਨੂੰ ਉਨ੍ਹਾਂ ਨੇ ਰੀਓ ਦੇ ਲਈ ਨਿਯੁਕਤ ਕੀਤਾ ਸੀ। ਮੈਂ ਦੇਖ ਸਕਦਾ ਹਾਂ ਕਿ ਕਿ ਭਾਰਤੀ ਖੇਡਾਂ ਵਿੱਚ ਬਦਲਾਅ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਦੇਸ਼ ਵਿੱਚ ਖੇਡਾਂ ਦੇ ਸੰਦਰਭ ਵਿੱਚ ਸਾਕਾਰਾਤਮਕ ਅਤੇ ਅਧਿਕ ਪੇਸ਼ੇਵਰ ਮਾਹੌਲ ਬਣਾਉਣ ਦੇ ਲਈ ਉੱਚਤਮ ਪੱਧਰ ਤੋਂ ਜ਼ਮੀਨੀ ਪੱਧਰ ਤੱਕ ਗਹਿਰੀ ਦਿਲਚਸਪੀ ਲਈ ਜਾ ਰਹੀ ਹੈ।

ਇੱਕ ਜ਼ਿਕਰਯੋਗ ਬਦਲਾਅ ਦੇ ਰੂਪ ਵਿੱਚ ਭਾਰਤ ਨੇ ਐਥਲੀਟਾਂ ਨੂੰ ਪਹਿਲੇ ਸਥਾਨ ‘ਤੇ ਰੱਖਿਆ ਹੈ ਅਤੇ ਭਾਰਤੀ ਖੇਡ ਅਥਾਰਿਟੀ (ਸਪੋਰਟਸ ਅਥਾਰਿਟੀ ਆਫ ਇੰਡੀਆ) ਦੇ ਮਾਧਿਅਮ ਨਾਲ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ। ਸੁਧਾਰ ਦੀ ਗਤੀ ਨੂੰ ਵਧਾਇਆ ਗਿਆ ਹੈ, ਕਿਉਂਕਿ ਸਾਰਿਆਂ ਨੇ ਇਸ ਨੂੰ ਅਤਿ-ਜ਼ਰੂਰੀ ਮੰਨ ਕੇ ਕਾਰਜ ਕੀਤਾ। ਇਸ ਦਾ ਇੱਕਮਾਤਰ ਉਦੇਸ਼ ਸੀ-ਐਥਲੀਟਾਂ ਨੂੰ ਖੇਡ ਦੇ ਸਭ ਤੋਂ ਵੱਡੇ ਉਤਸਵ ਦੇ ਲਈ ਚੰਗੀ ਤਰ੍ਹਾਂ ਤਿਆਰ ਹੋਣ ਵਿੱਚ ਮਦਦ ਕਰਨਾ ਹੈ।

ਨੈਸ਼ਨਲ ਸਪੋਰਟਸ ਫੈਡਰੇਸ਼ਨਸ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਨਾਲ ਤਾਲਮੇਲ ਕਰਦੇ ਹੋਏ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਇਹ ਸੁਨਿਸ਼ਚਿਤ ਕੀਤਾ ਕਿ ਕੋਚਾਂ ਦੇ ਕੰਟ੍ਰੈਕਟ ਵਧਾਏ ਜਾਣ। ਦੇਸ਼ ਭਰ ਦੇ ਉਤਕ੍ਰਿਸ਼ਟਤਾ ਕੇਂਦਰਾਂ (ਸੈਂਟਰਸ ਆਵ੍ ਐਕਸੀਲੈਂਸ) ਵਿੱਚ ਸੁਰੱਖਿਅਤ ਤਰੀਕੇ ਨਾਲ ਨੈਸ਼ਨਲ ਕੈਂਪਾਂ ਦਾ ਫਿਰ ਤੋਂ ਆਯੋਜਨ ਕੀਤਾ ਗਿਆ।

ਮੈਂ ਉਮੀਦ ਅਤੇ ਕਾਮਨਾ ਕਰ ਰਿਹਾ ਹਾਂ ਕਿ ਟੋਕੀਓ ਓਲੰਪਿਕਸ ਦੇ ਲਈ ਕੀਤੇ ਜਾਣ ਵਾਲੇ ਪ੍ਰਯਤਨ ਸਫਲ ਹੋਣਗੇ। ਇਹ ਸਾਡੇ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋ ਸਕਦਾ ਹੈ ਕਿਉਂਕਿ ਅਸੀਂ ਆਪਣੇ ਐਥਲੀਟਾਂ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਇਸ ਦਾ ਇੱਕ ਹੋਰ ਸਾਕਾਰਾਤਮਕ ਲਾਭ ਇਹ ਹੋਵੇਗਾ ਕਿ ਨੌਜਵਾਨਾਂ ਨੂੰ ਖੇਡ-ਅਪਣਾਉਣ ਦੇ ਲਈ ਹੋਰ ਅਧਿਕ ਪ੍ਰੇਰਣਾ ਮਿਲੇਗੀ, ਜਿਸ ਨਾਲ ਦੇਸ਼ ਦਾ ਸਨਮਾਨ ਵਧੇਗਾ। ਅਸਲ ਵਿੱਚ ਇਹ ਸਾਡੇ ਲਈ ਇੱਕ ਅਵਸਰ ਹੈ ਕਿ ਅਸੀਂ ਕੋਵਿਡ-19 ਮਹਾਮਾਰੀ ਦੇ ਸਮੇਂ ਵਿੱਚ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦਾ ਭਾਵ ਲਿਆ ਸਕੀਏ।

(ਪੁਲੇਲਾ ਗੋਪੀਚੰਦ ਭਾਰਤੀ ਬੈਡਮਿੰਟਨ ਟੀਮ ਦੇ ਮੁੱਖ ਕੋਚ ਹਨ।)

- Advertisement -
Share this Article
Leave a comment