ਆਤਿਸ਼ੀ ਦਿੱਲ਼ੀ ਨੂੰ ਜਿੱਤਣਗੇ!

Global Team
4 Min Read

ਜਗਤਾਰ ਸਿੰਘ ਸਿੱਧੂ;

ਦਿੱਲੀ ਦੇ ਨਵੇਂ ਮੁੱਖ ਮੰਤਰੀ ਕਾਲਕਾਜੀ ਤੋਂ ਵਿਧਾਇਕਾ ਆਤਿਸ਼ੀ ਹੋਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕ ਗਰੁੱਪ ਨੇ ਸਰਬ ਸੰਮਤੀ ਨਾਲ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਮੁੱਖ ਮੰਤਰੀ ਵਜੋਂ ਅਸਤੀਫਾ ਦਿੱਲੀ ਦੇ ਲੈਫ ਗਵਰਨਰ ਨੂੰ ਸੌਂਪ ਦਿੱਤਾ ਗਿਆ ਹੈ। ਉਸ ਬਾਅਦ ਆਤਿਸ਼ੀ ਵਲੋਂ ਲੈਫ ਗਵਰਨਰ ਨਾਲ ਮੁਲਾਕਾਤ ਕਰਕੇ ਦਿੱਲੀ ਦੇ ਮੁੱਖ ਮੰਤਰੀ ਬਣਨ ਲਈ ਆਪਣਾ ਦਾਅਵਾ ਪੇਸ਼ ਕਰ ਦਿੱਤਾ ਗਿਆ ਹੈ। ਭਾਰੀ ਬਹੁਮਤ ਆਪ ਕੋਲ ਹੋਣ ਕਾਰਨ ਦਾਅਵੇ ਬਾਰੇ ਤਾਂ ਕੋਈ ਕਿੰਤੂ ਪ੍ਰੰਤੂ ਨਹੀ ਕਰ ਸਕਦਾ ਪਰ ਅਜੇ ਸੰਹੁ ਚੁੱਕਣ ਲਈ ਸਮਾਂ ਤੈਅ ਹੋਣਾ ਬਾਕੀ ਹੈ। ਕਾਫੀ ਦਿਨ ਦੀਆਂ ਅਟਕਲਾਂ ਬਾਅਦ ਹੁਣ ਸਥਿਤੀ ਸਪਸ਼ਟ ਹੋ ਗਈ ਹੈ।

ਬੇਸ਼ੱਕ ਦਿੱਲੀ ਵਿੱਚ ਭਾਜਪਾ ਅਤੇ ਕਾਂਗਰਸ ਵਲੋਂ ਪਹਿਲਾਂ ਦੋ ਮਹਿਲਾ ਮੁੱਖ ਮੰਤਰੀ ਬਣ ਚੁੱਕੀਆਂ ਹਨ ਪਰ ਆਪ ਦੇ ਆਤਿਸ਼ੀ ਪਹਿਲੇ ਮਹਿਲਾ ਮੁੱਖ ਮੰਤਰੀ ਹੋਣਗੇ। ਉਹ ਪਹਿਲਾਂ ਕੇਜਰੀਵਾਲ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ ਅਤੇ ਆਪ ਦੇ ਇਕ ਮਜਬੂਤ ਨੇਤਾ ਵਜੋਂ ਜਾਣੇ ਜਾਂਦੇ ਹਨ। ਕੇਜਰੀਵਾਲ ਉੱਪਰ ਕੇਂਦਰ ਦੀਆਂ ਏਜੰਸੀਆਂ ਵਲੋਂ ਲਾਏ ਕਥਿਤ ਦੋਸ਼ਾਂ ਦਾ ਉਹ ਤਿੱਖਾ ਵਿਰੋਧ ਕਰਦੇ ਆ ਰਹੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਅਗਲੇ ਕੁਝ ਸਮੇਂ ਵਿਚ ਦਿੱਲੀ ਵਿਧਾਨ ਸਭਾ ਦੀ ਚੋਣ ਆਉਣ ਵਾਲੀ ਹੈ ਅਤੇ ਮੁੱਖ ਮੰਤਰੀ ਵਜੋਂ ਪਾਰਟੀ ਨੂੰ ਮੁੜ ਤਾਕਤ ਵਿੱਚ ਲੈ ਕੇ ਆਉਣਾ ਵੱਡੀ ਚੁਣੌਤੀ ਹੈ। ਖਾਸ ਤੌਰ ਤੇ ਸ਼ਕਤੀਸ਼ਾਲੀ ਧਿਰ ਭਾਜਪਾ ਨਾਲ ਟੱਕਰ ਹੈ ਜਿਹੜੀ ਕਿ ਜਿੱਤ ਦੇ ਦਾਅਵੇ ਕਰ ਰਹੀ ਹੈ ਪਰ ਅਜੇ ਦਿੱਲੀ ਦੂਰ ਹੈ। ਉਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਅਤੇ ਹਰਿਆਣਾ ਦਿੱਲੀ ਨਾਲ ਹੋਣ ਕਾਰਨ ਲਾਜਮੀ ਤੌਰ ਤੇ ਦਿੱਲੀ ਹਰਿਆਣਾ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰੇਗੀ।

ਆਤਿਸ਼ੀ ਦਾ ਕਹਿਣਾ ਹੈ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਦੀਆਂ ਏਜੰਸੀਆਂ ਵਲੋਂ ਬਦਨਾਮ ਕਰਨ ਦੀ ਚਾਲ ਨਾਲ ਦੋਸ਼ ਲਾਏ ਗਏ ਹਨ। ਕੇਜਰੀਵਾਲ ਨੂੰ ਝੂਠੇ ਦੋਸ਼ ਲਾਕੇ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਹੁਣ ਸੁਪਰੀਮ ਕੋਰਟ ਦੇ ਹੁਕਮ ਨਾਲ ਜਮਾਨਤ ਉੱਤੇ ਬਾਹਰ ਆਏ ਹਨ। ਕੇਜਰੀਵਾਲ ਨੂੰ ਸ਼ਰਤਾਂ ਨਾਲ ਜਮਾਨਤ ਮਿਲੀ ਹੈ। ਭਾਜਪਾ ਲਗਾਤਾਰ ਮੰਗ ਕਰਦੀ ਆ ਰਹੀ ਹੈ ਕਿ ਦੋਸ਼ਾਂ ਦੇ ਚਲਦੇ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋ ਅਸਤੀਫਾ ਦੇਣ। ਹੁਣ ਕੇਜਰੀਵਾਲ ਦਾ ਅਸਤੀਫਾ ਹੋਣ ਨਾਲ ਵਿਰੋਧੀ ਧਿਰ ਕੋਲ ਇਹ ਤਾਂ ਕਹਿਣ ਨੂੰ ਕੁਝ ਨਹੀ ਰਿਹਾ ਪਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਿਹਰਾ ਬਦਲਣ ਨਾਲ ਆਪ ਦਾ ਕਿਰਦਾਰ ਨਹੀ ਬਦਲੇਗਾ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾ ਰਹੇ ਹਨ। ਕੀ ਭਾਜਪਾ ਦੂਜੀਆਂ ਰਾਜਸੀ ਧਿਰਾਂ ਦੇ ਮੁੱਖ ਮੰਤਰੀਆ ਦਾ ਫੈਸਲਾ ਵੀ ਆਪ ਕਰੇਗੀ? ਜੇਕਰ ਅਜਿਹਾ ਸਹੀ ਹੈ ਤਾਂ ਭਾਜਪਾ ਆਪਣੀ ਪਾਰਟੀ ਲਈ ਕਿਸੇ ਸੂਬੇ ਦੇ ਮੁਖ ਮੰਤਰੀ ਦਾ ਫੈਸਲਾ ਵਿਰੋਧੀ ਧਿਰਾਂ ਦੇ ਕਹਿਣ ਉਪਰ ਕਰੇਗੀ? ਜੇਕਰ ਆਤਿਸ਼ੀ ਮੁੱਖ ਮੰਤਰੀ ਵਜੋਂ ਲੋਕਾਂ ਦਾ ਭਰੋਸਾ ਨਹੀ ਜਿਤੇਗੀ ਤਾਂ ਦਿੱਲੀ ਦੇ ਵੋਟਰ ਆ ਰਹੀ ਵਿਧਾਨ ਸਭਾ ਚੋਣ ਵਿਚ ਕਿਸੇ ਹੋਰ ਪਸੰਦ ਦੇ ਨੇਤਾ ਦੀ ਚੋਣ ਕਰ ਲੈਣਗੇ ਪਰ ਇਹ ਅਧਿਕਾਰ ਦਿੱਲ਼ੀ ਦੇ ਵੋਟਰਾਂ ਦਾ ਹੈ ਕਿ ਕਿਸ ਧਿਰ ਨੂੰ ਫਤਵਾ ਦੇਣਾ ਹੈ। ਆਤਿਸ਼ੀ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਲੋਕਾਂ ਦੇ ਹਿੱਤ ਲਈ ਡੱਟ ਕੇ ਲੋਕਾਂ ਨਾਲ ਖੜੇ ਹਨ। ਇਸ ਤਰਾਂ ਦੇਸ਼ ਦੀ ਰਾਜਨੀਤੀ ਵਿਚ ਆਈ ਨਵੀਂ ਪਾਰਟੀ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਧਿਰ ਨਾਲ ਟੱਕਰ ਹੀ ਨਹੀ ਲੈ ਰਹੀ ਸਗੋਂ ਜਿੱਤਣ ਦੇ ਭਰੋਸੇ ਨਾਲ ਮੈਦਾਨ ਵਿੱਚ ਉੱਤਰ ਰਹੀ ਹੈ।

- Advertisement -

ਇਹ ਕਿਹਾ ਜਾ ਸਕਦਾ ਹੈ ਕਿ ਆਤਿਸ਼ੀ ਦੀ ਮੁੱਖ ਮੰਤਰੀ ਵਜੋਂ ਚੁਣੌਤੀ ਬਹੁਤ ਵੱਡੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦੀ ਤਿੱਕੜੀ ਆਪਣੇ ਹੋਰ ਸੀਨੀਅਰ ਸਾਥੀਆਂ ਨਾਲ ਮਿਲਕੇ ਆਪ ਨੂੰ ਕੌਮੀ ਪੱਧਰ ਉੱਪਰ ਮਜਬੂਤ ਪਾਰਟੀ ਵਜੋਂ ਖੜਾ ਕਰਨ ਦੀ ਮੁਹਿੰਮ ਚਲਾਉਣਗੇ।

Share this Article
Leave a comment