Breaking News

ਫ਼ਰੀਦਕੋਟ ‘ਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਸਪੀਕਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮਿਆਰੀ ਸਿਹਤ ਸਹੂਲਤਾਂ ਲਈ ਛੇਤੀ ਹੀ ਕਰੋੜਾਂ ਰੁਪਏ ਦੇ ਫ਼ੰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਭਰੋਸਾ ਵਿਧਾਨ ਸਭਾ ਸਕੱਤਰੇਤ ਵਿਖੇ ਜ਼ਿਲ੍ਹੇ ਦੇ ਵਿਧਾਇਕਾਂ, ਸਿਹਤ ਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਸਿਹਤ ਟੀਮ ਨਾਲ ਮੀਟਿੰਗ ਦੌਰਾਨ ਦਿਵਾਇਆ। ਸੰਧਵਾਂ ਨੇ ਆਖਿਆ ਕਿ ਫ਼ਰੀਦਕੋਟ ਵਾਸੀਆਂ ਨੂੰ ਅਤਿ-ਆਧੁਨਿਕ ਮੈਡੀਕਲ ਸਹੂਲਤਾਂ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚਲੀਆਂ ਸਿਹਤ ਸੰਸਥਾਵਾਂ ਦੀਆਂ ਖ਼ਸਤਾ ਹਾਲਤ ਇਮਾਰਤਾਂ ਨੂੰ ਛੇਤੀ ਤੋਂ ਛੇਤੀ ਨਵਿਆਉਣ ਲਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ।

ਸਪੀਕਰ ਨੇ ਕਿਹਾ ਕਿ ਫ਼ਰੀਦਕੋਟ ਦੇ ਜ਼ਿਲ੍ਹਾ ਹਸਪਤਾਲ ਵਿੱਚ 6.33 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਐਮ.ਐਚ.ਸੀ. ਦੀ 30 ਬੈੱਡਾਂ ਦੀ ਨਵੀਂ ਇਮਾਰਤ ਦਾ ਕੰਮ ਸਮਾਂਬੱਧ ਤਰੀਕੇ ਨਾਂਲ ਮੁਕੰਮਲ ਕੀਤਾ ਜਾਵੇ ਅਤੇ ਇਸ ਹਸਪਤਾਲ ਵਿੱਚ ਬਲੱਡ ਬੈਂਕ ਸਥਾਪਤ ਕਰਨ ਦੀ ਜ਼ਰੂਰਤ ਵੱਲ ਵੀ ਧਿਆਨ ਕੇਂਦਰਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੈਤੋ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਨੂੰ ਸਬ-ਡਿਵੀਜ਼ਨਲ ਹਸਪਤਾਲ ਬਣਾਉਣ ਸਬੰਧੀ ਕਾਰਵਾਈ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੋਟਕਪੂਰਾ ਦੇ ਸਬ-ਡਿਵੀਜ਼ਨਲ ਹਸਪਤਾਲ ਸਣੇ ਜ਼ਿਲ੍ਹੇ ਵਿੱਚ ਦੋ ਸਬ-ਡਿਵੀਜ਼ਨਲ ਹਸਪਤਾਲ ਹੋ ਜਾਣਗੇ। ਇਸ ਸਬੰਧੀ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਸਿੰਘ ਨੇ ਭਰੋਸਾ ਦਿਵਾਇਆ ਕਿ ਸੀ.ਐਚ.ਸੀ. ਜੈਤੋ ਨੂੰ ਸਬ-ਡਿਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕਰਨ ਸਬੰਧੀ ਕਾਰਵਾਈ ਜਲਦ ਮੁਕੰਮਲ ਕੀਤੀ ਜਾਵੇਗੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਸਿਵਲ ਹਸਪਤਾਲ ਨੂੰ ਹਾਟ-ਲਾਈਨ ਬਿਜਲੀ ਸਹੂਲਤ ਉਪਲਬਧ ਕਰਾਉਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਲੋੜ ਮੁਤਾਬਕ ਮੁਲਾਜ਼ਮਾਂ ਦੀ ਗਿਣਤੀ ਪੂਰੀ ਕਰਨ ਲਈ ਆਖਿਆ।

ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਸੂਬੇ ਭਰ ਵਿੱਚ ਸਿਹਤ ਵਿਭਾਗ ਦੀ ਪੁਨਰ-ਸੰਚਰਨਾ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ, ਪੈਰਾਮੈਡੀਕਲ ਅਤੇ ਹੋਰ ਸਟਾਫ਼ ਦੀ ਘਾਟ ਪੂਰੀ ਹੋ ਜਾਵੇਗੀ। ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਜ਼ਾਦੀ ਤੇ ਗਣਤੰਤਰ ਦਿਵਸ ਮੌਕੇ ਸਨਮਾਨਤ ਵੀ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਿਵਲ ਸਰਜਨ ਫ਼ਰੀਦਕੋਟ ਅਨਿਲ ਗੋਇਲ ਨੇ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਲੋੜੀਂਦੇ ਮੈਡੀਕਲ ਉਪਕਰਣਾਂ ਬਾਰੇ ਜਾਣੂ ਕਰਵਾਇਆ।

Check Also

ਸਰਹੱਦਾਂ ਦੀ ਸੁਰੱਖਿਆ ਤੇ ਚੌਕਸੀ ਅਤੇ ਪਾਣੀਆਂ ਦੀ ਵੰਡ ਦਾ ਮਸਲਾ ਖੁੱਲ੍ਹੇ ਮਨ ਨਾਲ ਕਰਾਂਗੇ ਹੱਲ: ਗ੍ਰਹਿ ਮੰਤਰੀ

ਅੰਮ੍ਰਿਤਸਰ: ਬੀਤੇ ਕੱਲ  ਅੰਮ੍ਰਿਤਸਰ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ  …

Leave a Reply

Your email address will not be published. Required fields are marked *