ਕਣਕ ਦੀ ਆਮਦ 100 ਲੱਖ ਮੀਟ੍ਰਿਕ ਟਨ ਤੋਂ ਪਾਰ, 99.5 ਲੱਖ ਮੀਟ੍ਰਿਕ ਟਨ ਹੋਈ ਖਰੀਦ

Rajneet Kaur
2 Min Read

ਚੰਡੀਗੜ੍ਹ : ਸੂਬੇ ਭਰ ਦੀਆਂ ਮੰਡੀਆਂ ਵਿੱਚ  ਕਣਕ ਦੀ ਆਮਦ 100 ਲੱਖ ਮੀਟਰਿਕ ਟਨ ਨੂੰ ਪਾਰ ਕਰ ਗਈ ਹੈ। ਜਿਸ ਵਿੱਚੋਂ 99.5 ਲੱਖ ਟਨ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਵਪਾਰੀਆਂ ਵੱਲੋਂ ਕਰੀਬ 3.5 ਲੱਖ ਮੀਟਰਿਕ ਟਨ ਬਾਕੀ ਕਣਕ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀ ਗਈ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੌਜੂਦ ਸੀਜ਼ਨ ਵਿੱਚ 100 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਦੇ ਅੰਕੜੇ ਨੂੰ ਪਾਰ ਕਰਕੇ ਪਿਛਲੇ ਸਾਲ ਹੋਈ ਕੁੱਲ 96 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ   ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਲਗਭਗ 50 ਫੀਸਦੀ ਹਿੱਸਾ ਸੂਬੇ ਵੱਲੋਂ ਪਾਇਆ ਗਿਆ ਹੈ ਜਿਸ ਨਾਲ ਇੱਕ ਵਾਰ ਫਿਰ ਪੰਜਾਬ ਦੇਸ਼ ਦੇ ਅੰਨਦਾਤਾਵਾਂ ਵਿੱਚੋਂ ਮੋਹਰੀ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਾਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੁੱਲ ਸਰਕਾਰੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 30 ਫੀਸਦੀ ਵੱਧ ਹੋਣ ਦੀ ਉਮੀਦ ਹੈ ਜੋ ਕਿ ਸੂਬੇ ਵਿੱਚ ਵਧੀ ਹੋਈ ਖੁਸ਼ਹਾਲੀ ਦਾ ਸੰਕੇਤ ਹੈ।

ਉਨ੍ਹਾਂ ਕਿਹਾ ਕਿ   ਇਸ ਸਾਲ ਮੰਡੀਆਂ ‘ਚ 100 ਲੱਖ ਟਨ ਕਣਕ ਦੀ ਆਮਦ ਸਿਰਫ 15 ਦਿਨਾਂ ‘ਚ ਹੀ ਹੋ ਗਈ ਹੈ ਜਦੋਂਕਿ ਪਿਛਲੇ ਸਾਲ ਇਸੇ ਤਰੀਕ ਤੱਕ 22 ਦਿਨਾਂ ‘ਚ 94 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ। ਇਸ ਲਈ ਸੂਬੇ ਵਿੱਚ ਸੀਮਤ ਲੇਬਰ ਅਤੇ ਟਰਾਂਸਪੋਰਟ ਸਰੋਤਾਂ ‘ਤੇ ਧਿਆਨ ਦੇਣਾ ਲਾਜ਼ਮੀ ਸੀ।  ਮੌਜੂਦਾ ਸਮੇਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੁਕਾਈ ਦੀ ਰਫ਼ਤਾਰ ਕਣਕ ਦੀ ਆਮਦ ਦੀ ਰਫ਼ਤਾਰ ਨਾਲੋਂ ਵੱਧ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

Share this Article
Leave a comment