ਝੋਨੇ ਦੀ ਕਟਾਈ ਸਬੰਧੀ ਨਵੇਂ ਹੁਕਮ ਜਾਰੀ, ਇਸ ਸਮੇਂ ਤੱਕ ਕਟਾਈ ਕਰਨ ‘ਤੇ ਲੱਗੀ ਪਾਬੰਦੀ

Rajneet Kaur
2 Min Read

ਚੰਡੀਗੜ੍ਹ:  ਪੰਜਾਬ ‘ਚ  ਝੋਨੇ ਦੀ ਕਟਾਈ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਪਰਾਲੀ ਸਾੜਨ ਦੀਆਂ ਖ਼ਬਰਾਂ ‘ਚ ਸਾਹਮਣੇ ਆਉਣ ਲੱਗੀਆਂ ਹਨ।  ਇਸ ਮੌਕੇ ਹੁਣ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਡਾ.ਸੁਰਭੀ ਮਲਿਕ ਨੇ  ਝੋਨੇ ਦੀ ਕਟਾਈ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਨਵੇਂ  ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਖੇਤਾਂ ਵਿੱਚ ਝੋਨੇ ਦੀ ਕਟਾਈ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਰਹੇਗੀ। ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ  ਖੇਤਾਂ ਵਿੱਚ ਕੰਬਾਈਨ ਮਸ਼ੀਨਾਂ ਚਲਾਉਣ ਦੀ ਮਨਾਹੀ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਤਹਿਤ ਜਾਰੀ ਕੀਤੇ ਗਏ ਹਨ। ਇਹ ਹੁਕਮ 30 ਨਵੰਬਰ ਤੱਕ ਲਾਗੂ ਰਹਿਣਗੇ।

ਦਸ ਦਈਏ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਹਿਲੀ ਅਕਤੂਬਰ ਤੱਕ ਪਰਾਲੀ ਸਾੜਨ ਦਾ ਅੰਕੜਾ ਵਧਿਆ ਹੈ।  ਸੂਬੇ ’ਚ ਇਸ ਮਿਆਦ ਦੌਰਾਨ ਸਾਲ 2021 ’ਚ 228, ਸਾਲ 2022 ’ਚ 192 ਮਾਮਲੇ ਸਾਹਮਣੇ ਆਏ, ਜਦੋਂਕਿ ਇਸ ਸਾਲ ਹੁਣ ਤੱਕ 337 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੋਂ ਲਏ ਅੰਕੜਿਆਂ ਅਨੁਸਾਰ ਇਸ ਸਾਲ ਪਰਾਲੀ ਸਾੜਨ ’ਚ ਅੰਮ੍ਰਿਤਸਰ ਸਭ ਤੋਂ ਅੱਗੇ ਹੈ। ਜ਼ਿਲ੍ਹੇ ’ਚ 86 ਮਾਮਲੇ ਸਾਹਮਣੇ ਆਏ ਹਨ।

ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਸਰਕਾਰ ਵਲੋਂ ਕਈ ਫੈਸਲੇ ਲਏ ਜਾ ਰਹੇ ਹਨ। ਇਸ ਸਾਲ ਇਹੋ ਜਿਹੀਆਂ ਘਟਨਾਵਾਂ ਰੋਕਣ ਲਈ ਸਰਕਾਰ ਨੇ 10 ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ। ਇਸ ਸਬੰਧੀ ਪਰਾਲੀ ਪ੍ਰਬੰਧਨ ਲਈ PPCB ਨੇ ਇੰਡਸਟਰੀਜ਼ ਨੂੰ ਪਰਾਲੀ ਨੂੰ ਈਂਧਨ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਸਬਸਿਡੀ ਦੇ ਰੂਪ ’ਚ ਮਦਦ ਵੀ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment