RSS ਮੁਖੀ ਮੋਹਨ ਭਾਗਵਤ ਦੀ ਕੈਨੇਡਾ ਫੇਰੀ ਦਾ ਵਿਰੋਧ, NDP MPs ਨੇ ਸਰਕਾਰ ਤੋਂ ਦਾਖ਼ਲੇ ’ਤੇ ਰੋਕ ਦੀ ਮੰਗ ਕੀਤੀ

Global Team
3 Min Read

ਨਿਊਜ਼ ਡੈਸਕ: ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਇਸ ਮਹੀਨੇ ਹੋਣ ਵਾਲੀ ਕੈਨੇਡਾ ਫੇਰੀ ਨੂੰ ਲੈ ਕੇ ਸਿਆਸੀ ਵਿਰੋਧ ਸ਼ੁਰੂ ਹੋ ਗਿਆ ਹੈ। ਨਿਊ ਡੈਮੋਕ੍ਰੈਟਿਕ ਪਾਰਟੀ (NDP) ਦੀ ਵਿਦੇਸ਼ ਮਾਮਲਿਆਂ ਦੀ ਕ੍ਰਿਟਿਕ ਹੈਦਰ ਮੈਕਫਰਸਨ ਅਤੇ ਇਮੀਗ੍ਰੇਸ਼ਨ ਕ੍ਰਿਟਿਕ ਜੈਨੀ ਕਵਾਨ ਨੇ ਕੈਨੇਡਾ ਦੇ ਤਿੰਨ ਫੈਡਰਲ ਮੰਤਰੀਆਂ ਨੂੰ ਚਿੱਠੀ ਲਿਖੀ ਹੈ।

ਚਿੱਠੀ ਵਿੱਚ ਮੋਹਨ ਭਾਗਵਤ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ NDP MPs ਨੇ ਆਰਐੱਸਐੱਸ ’ਤੇ ਪੂਰਨ ਪਾਬੰਦੀ ਲਗਾਉਣ ਦੀ ਆਪਣੀ ਪੁਰਾਣੀ ਮੰਗ ਵੀ ਦੁਹਰਾਈ ਹੈ।

NDP MPs ਨੇ ਕੀ ਕਿਹਾ?

ਹੈਦਰ ਮੈਕਫਰਸਨ ਨੇ ਆਰਐੱਸਐੱਸ ਨੂੰ ਇੱਕ ਕੱਟੜਪੰਥੀ ਸੰਗਠਨ ਦੱਸਦਿਆਂ ਦੋਸ਼ ਲਾਇਆ ਕਿ ਇਹ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਅਤੇ ਹਾਸ਼ੀਏ ’ਤੇ ਰਹਿੰਦੇ ਲੋਕਾਂ ਪ੍ਰਤੀ ਨਫ਼ਰਤ ਤੇ ਹਿੰਸਾ ਦੀ ਵਕਾਲਤ ਕਰਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਸੰਗਠਨ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਡਰਾਉਣ-ਧਮਕਾਉਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੈਕਫਰਸਨ ਮੁਤਾਬਕ ਕੁਝ ਘੱਟ ਗਿਣਤੀ ਭਾਈਚਾਰਿਆਂ ਵਿੱਚ ਇਹ ਚਿੰਤਾ ਹੈ ਕਿ ਮੋਹਨ ਭਾਗਵਤ ਦੀ ਕੈਨੇਡਾ ਵਿੱਚ ਮੌਜੂਦਗੀ ਨਾਲ ਉਨ੍ਹਾਂ ਵਿਰੁੱਧ ਨਫ਼ਰਤ ਜਾਂ ਹਿੰਸਾ ਵਧ ਸਕਦੀ ਹੈ। ਜੈਨੀ ਕਵਾਨ ਨੇ ਕਿਹਾ ਕਿ ਕੈਨੇਡਾ ਨੂੰ ਅਜਿਹੇ ਵਿਅਕਤੀਆਂ ਪ੍ਰਤੀ ਸਪੱਸ਼ਟ ਰੁਖ ਅਪਣਾਉਣਾ ਚਾਹੀਦਾ ਹੈ ਜੋ ਘੱਟ ਗਿਣਤੀ ਭਾਈਚਾਰਿਆਂ ਖ਼ਿਲਾਫ਼ ਨਫ਼ਰਤ ਜਾਂ ਡਰ ਪੈਦਾ ਕਰਨ ਨੂੰ ਉਤਸ਼ਾਹਿਤ ਕਰਦੇ ਹਨ।

31 ਅਗਸਤ ਤੇ 1 ਸਤੰਬਰ ਨੂੰ ਕੈਨੇਡਾ ’ਚ ਹੋਣਗੇ ਸਮਾਗਮ

ਜਾਣਕਾਰੀ ਮੁਤਾਬਕ ਮੋਹਨ ਭਾਗਵਤ 25 ਅਗਸਤ ਤੋਂ ਵਿਦੇਸ਼ ਦੌਰੇ ’ਤੇ ਹਨ। ਅਮਰੀਕਾ ਦੇ ਪੰਜ ਦਿਨਾਂ ਦੌਰੇ ਤੋਂ ਬਾਅਦ ਉਹ 31 ਅਗਸਤ ਅਤੇ 1 ਸਤੰਬਰ ਨੂੰ ਕੈਨੇਡਾ ਵਿੱਚ ਸੰਘ ਸਮਰਥਕਾਂ ਵੱਲੋਂ ਕਰਵਾਏ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਯੂਕੇ ਜਾਣਗੇ।

ਇਹ ਮੋਹਨ ਭਾਗਵਤ ਦੀ ਕੈਨੇਡਾ ਦੀ ਪਹਿਲੀ ਫੇਰੀ ਦੱਸੀ ਜਾ ਰਹੀ ਹੈ। 2005 ਵਿੱਚ ਕੇ.ਐੱਸ. ਸੁਦਰਸ਼ਨ ਦੇ ਦੌਰੇ ਤੋਂ ਬਾਅਦ ਲਗਭਗ 20 ਸਾਲਾਂ ਬਾਅਦ ਕੋਈ ਆਰਐੱਸਐੱਸ ਮੁਖੀ ਕੈਨੇਡਾ ਜਾ ਰਿਹਾ ਹੈ।

ਆਰਐੱਸਐੱਸ ਨੂੰ ਲੈ ਕੇ ਵਿਵਾਦ

ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੇ ਕੀਤੀ ਸੀ। ਸੰਗਠਨ ਆਪਣੇ ਆਪ ਨੂੰ ਗੈਰ-ਰਾਜਨੀਤਿਕ ਸੱਭਿਆਚਾਰਕ ਸੰਗਠਨ ਦੱਸਦਾ ਹੈ ਅਤੇ ਇਸ ਨੂੰ ਹਿੰਦੂ ਰਾਸ਼ਟਰਵਾਦੀ ਸੰਗਠਨ ਵਜੋਂ ਜਾਣਿਆ ਜਾਂਦਾ ਹੈ। ਭਾਰਤ ਵਿੱਚ ਇਸ ਦੀਆਂ 73 ਹਜ਼ਾਰ ਤੋਂ ਵੱਧ ਸ਼ਾਖਾਵਾਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।

ਘੱਟ ਗਿਣਤੀ ਭਾਈਚਾਰਿਆਂ, ਖ਼ਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ ਪ੍ਰਤੀ ਆਰਐੱਸਐੱਸ ਦੇ ਰੁਖ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਸੰਗਠਨ ’ਤੇ ਭਾਰਤ ਵਿੱਚ ਤਿੰਨ ਵਾਰ ਪਾਬੰਦੀ ਵੀ ਲੱਗ ਚੁੱਕੀ ਹੈ, ਹਾਲਾਂਕਿ ਬਾਅਦ ਵਿੱਚ ਇਹ ਪਾਬੰਦੀਆਂ ਹਟਾਈਆਂ ਗਈਆਂ।

ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਸਾਂਗਰੀ ਦੇ ਦਫ਼ਤਰ ਤੋਂ ਮੋਹਨ ਭਾਗਵਤ ਦੀ ਫੇਰੀ ’ਤੇ ਰੋਕ ਸਬੰਧੀ ਖ਼ਬਰ ਲਿਖੇ ਜਾਣ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ।

Share This Article
Leave a Comment