ਕੀ ਦਿੱਲੀ ‘ਚ ਬੰਦ ਹੋਣ ਜਾ ਰਹੀਆਂ ਪੈਟਰੋਲ-ਡੀਜ਼ਲ ਵਾਲੀਆਂ ਗੱਡੀਆਂ, ਸੈਕਿੰਡ ਹੈਂਡ ਗੱਡੀਆਂ ਦੀ ਘਟੇਗੀ ਕੀਮਤ? ਨਵੀਂ EV ਕੱਲ੍ਹ ਤੋਂ ਹੋਵੇਗੀ ਲਾਗੂ

Global Team
3 Min Read

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕਿਆ ਹੈ। ਰਾਜਧਾਨੀ ਵਿੱਚ ਹੁਣ ਹੌਲੀ-ਹੌਲੀ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਘੱਟ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਹ ਨਵੀਂ ਈਵੀ ਨੀਤੀ ( EV Policy) ਸਿਰਫ਼ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਆਉਣ ਵਾਲੇ ਚਾਰ ਸਾਲਾਂ ਵਿੱਚ ਦਿੱਲੀ ਦੀ ਪੂਰੀ ਆਵਾਜਾਈ ਪ੍ਰਣਾਲੀ ਨੂੰ ਬਦਲਣ ਦਾ ਇੱਕ ਅਹਿਮ ਖਾਕਾ ਹੈ। ਬੀਤੇ ਕੱਲ੍ਹ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੂਬੇ ਦੀ ਨਵੀਂ ਇਲੈਕਟ੍ਰਿਕ ਵਹੀਕਲ ਪਾਲਿਸੀ ਦਾ ਐਲਾਨ ਕੀਤਾ ਹੈ, ਜੋ 1 ਜੁਲਾਈ 2026 ਤੋਂ ਲਾਗੂ ਹੋ ਕੇ 31 ਮਾਰਚ 2030 ਤੱਕ ਪ੍ਰਭਾਵਸ਼ਾਲੀ ਰਹੇਗੀ।

ਪੁਰਾਣੀਆਂ ਗੱਡੀਆਂ ਵਾਲਿਆਂ ‘ਤੇ ਕੀ ਪਵੇਗਾ ਅਸਰ?

ਇਸ ਨੀਤੀ ਦੇ ਆਉਣ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਪੈਟਰੋਲ, ਡੀਜ਼ਲ ਜਾਂ ਸੀਐਨਜੀ ਵਾਹਨ ਹਨ, ਉਨ੍ਹਾਂ ਦਾ ਕੀ ਹੋਵੇਗਾ? ਇੱਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਦਿੱਲੀ ਵਿੱਚ ਮੌਜੂਦਾ ਵਾਹਨ ਤੁਰੰਤ ਬੰਦ ਨਹੀਂ ਕੀਤੇ ਜਾ ਰਹੇ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕਾਰ, ਬਾਈਕ, ਸਕੂਟਰ, ਆਟੋ ਜਾਂ ਟਰੱਕ ਹੈ, ਤਾਂ ਤੁਸੀਂ ਉਸ ਨੂੰ ਮੌਜੂਦਾ ਨਿਯਮਾਂ ਅਨੁਸਾਰ ਚਲਾ ਸਕਦੇ ਹੋ। ਸਰਕਾਰ ਦਾ ਮੁੱਖ ਜ਼ੋਰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਹੈ। ਹਾਲਾਂਕਿ, ਜਦੋਂ ਇਹ ਵਾਹਨ ਆਪਣੀ ਤੈਅਸ਼ੁਦਾ ਉਮਰ ਪੂਰੀ ਕਰ ਲੈਣਗੇ ਜਾਂ ਸਕ੍ਰੈਪਿੰਗ ਦੇ ਨਿਯਮਾਂ ਅਧੀਨ ਆਉਣਗੇ, ਤਾਂ ਸਰਕਾਰ ਇਨ੍ਹਾਂ ਨੂੰ ਹਟਾ ਕੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰੇਗੀ।

ਨਵੀਂ ਨੀਤੀ ਦੇ ਮੁੱਖ ਨਿਯਮ ਅਤੇ ਬਜਟ

ਇੱਕ ਖੋਜ ਅਨੁਸਾਰ ਦਿੱਲੀ ਵਿੱਚ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਵਿੱਚੋਂ 33 ਫੀਸਦੀ ਕਮਰਸ਼ੀਅਲ ਵਾਹਨਾਂ ਅਤੇ 46 ਫੀਸਦੀ ਦੋਪਹੀਆ ਤੇ ਤਿੰਨ ਪਹੀਆ ਵਾਹਨਾਂ ਕਰਕੇ ਹੁੰਦਾ ਹੈ। ਇਸੇ ਕਾਰਨ 15,000 ਕਰੋੜ ਰੁਪਏ ਦੇ ਬਜਟ ਵਾਲੀ ਇਸ ਨੀਤੀ ਵਿੱਚ ਸਭ ਤੋਂ ਵੱਡਾ ਫੈਸਲਾ ਦੋਪਹੀਆ ਵਾਹਨਾਂ ਲਈ ਲਿਆ ਗਿਆ ਹੈ। ਦਿੱਲੀ ਵਿੱਚ ਕੁੱਲ ਵਾਹਨਾਂ ਦਾ ਤਕਰੀਬਨ ਦੋ-ਤਿਹਾਈ ਹਿੱਸਾ ਟੂ-ਵੀਲਰ ਹਨ। ਨਵੀਂ ਪਾਲਿਸੀ ਤਹਿਤ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨ ਖਰੀਦਣ ‘ਤੇ 100 ਫੀਸਦੀ ਰਜਿਸਟ੍ਰੇਸ਼ਨ ਫੀਸ ਅਤੇ ਰੋਡ ਟੈਕਸ ਮੁਫ਼ਤ ਹੋਵੇਗਾ। ਇਸ ਦੇ ਨਾਲ ਹੀ, 1 ਅਪ੍ਰੈਲ 2028 ਤੋਂ ਬਾਅਦ ਦਿੱਲੀ ਵਿੱਚ ਕਿਸੇ ਵੀ ਨਵੇਂ ਪੈਟਰੋਲ ਜਾਂ ਸੀਐਨਜੀ ਮੋਟਰਸਾਈਕਲ ਅਤੇ ਸਕੂਟਰ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਇਸ ਤਰ੍ਹਾਂ ਨਵਾਂ ਟੂ-ਵੀਲਰ ਖਰੀਦਣ ਲਈ ਸਿਰਫ਼ ਇਲੈਕਟ੍ਰਿਕ ਦਾ ਵਿਕਲਪ ਹੀ ਬਚੇਗਾ।

ਭਵਿੱਖ ਦੀ ਤਿਆਰੀ ਅਤੇ ਪ੍ਰਦੂਸ਼ਣ ਤੋਂ ਮੁਕਤੀ

ਫਿਲਹਾਲ ਪੁਰਾਣੇ ਦੋਪਹੀਆ ਵਾਹਨਾਂ ‘ਤੇ ਕੋਈ ਪਾਬੰਦੀ ਨਹੀਂ ਹੈ, ਪਰ ਨਵੇਂ ਪੈਟਰੋਲ ਵਾਹਨ ਖਰੀਦਣ ਵਾਲਿਆਂ ਕੋਲ 31 ਮਾਰਚ 2028 ਤੱਕ ਦਾ ਹੀ ਸਮਾਂ ਹੈ। ਦਿੱਲੀ, ਜੋ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹੈ, ਉੱਥੇ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਹਿੱਸਾ ਗੱਡੀਆਂ ਦੇ ਧੂਏਂ ਕਾਰਨ ਹੁੰਦਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ, ਪਰ ਜੇਕਰ ਤੁਸੀਂ 2027 ਜਾਂ 2028 ਤੋਂ ਬਾਅਦ ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਲੈਕਟ੍ਰਿਕ ਵਾਹਨਾਂ ਲਈ ਤਿਆਰ ਰਹਿਣਾ ਹੋਵੇਗਾ ਕਿਉਂਕਿ ਦਿੱਲੀ ਹੁਣ ਇਲੈਕਟ੍ਰਿਕ ਮੋਬਿਲਿਟੀ ਦੇ ਯੁੱਗ ਵਿੱਚ ਕਦਮ ਰੱਖ ਚੁੱਕੀ ਹੈ।

Share This Article
Leave a Comment