ਨਵੀਂ ਦਿੱਲੀ: ਰਾਸ਼ਟਰੀ ਸਿੱਖਿਆ ਸੋਧ ਅਤੇ ਸਿਖਲਾਈ ਪ੍ਰੀਸ਼ਦ (NCERT) ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਕਲਾਸ 3 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਆਪਰੇਸ਼ਨ ਸਿੰਧੂਰ ’ਤੇ ਦੋ ਵਿਸ਼ੇਸ਼ ਪਾਠ ਸ਼ਾਮਲ ਕੀਤੇ ਹਨ। 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਪਾਕਿਸਤਾਨੀ ਅੱਤਵਾਦੀਆਂ ਨੇ ਧਰਮ ਪੁੱਛ ਕੇ 26 ਭਾਰਤੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਹਮਲੇ ਦੇ ਜਵਾਬ ’ਚ ਭਾਰਤੀ ਫੌਜ ਨੇ ਆਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਜਿਸ ’ਚ ਪਹਿਲਾਂ ਪਾਕਿਸਤਾਨ ਦੇ ਅੱਤਵਾਦੀ ਅੱਡਿਆਂ ਨੂੰ ਤਬਾਹ ਕੀਤਾ ਗਿਆ ਅਤੇ ਫਿਰ ਪਾਕਿਸਤਾਨੀ ਫੌਜ ਨੂੰ ਵੀ ਗੋਡਿਆਂ ’ਤੇ ਲਿਆਂਦਾ ਗਿਆ।
ਪਹਿਲਗਾਮ ਦੇ ਸ਼ਹੀਦਾਂ ਦੇ ਸਨਮਾਨ ਦਾ ਵਾਅਦਾ
NCERT ਨੇ ਕਲਾਸ 3 ਤੋਂ 8 ਤੱਕ ਦੇ ਵਿਦਿਆਰਥੀਆਂ ਲਈ ਆਪਰੇਸ਼ਨ ਸਿੰਧੂਰ ’ਤੇ ਦੋ ਵਿਸ਼ੇਸ਼ ਪਾਠਾਂ ’ਚ ਦੱਸਿਆ ਹੈ ਕਿ ਇਹ ਆਪਰੇਸ਼ਨ ਸਿਰਫ਼ ਇੱਕ ਸੈਨਿਕ ਫੌਜ ਨਹੀਂ ਸੀ, ਸਗੋਂ ਸ਼ਾਂਤੀ ਦੀ ਰਾਖੀ ਅਤੇ ਪਹਿਲਗਾਮ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਲੋਕਾਂ ਦੇ ਸਨਮਾਨ ਦਾ ਵਾਅਦਾ ਵੀ ਸੀ। NCERT ਨੇ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਤਕਰੀਬਨ ਤਿੰਨ ਮਹੀਨਿਆਂ ਬਾਅਦ ਇਹ ਕਦਮ ਚੁੱਕਿਆ ਹੈ।
ਵਿਸ਼ੇਸ਼ ਪਾਠ ’ਚ ਕੀ ਸ਼ਾਮਲ?
NCERT ਦੇ ਇੱਕ ਪਾਠ ’ਚ ਦੱਸਿਆ ਗਿਆ ਹੈ ਕਿ 7 ਮਈ 2025 ਨੂੰ ਭਾਰਤ ਨੇ ਪਾਕਿਸਤਾਨ ਅਤੇ PoJK ’ਚ ਸਥਿਤ 9 ਅੱਤਵਾਦੀ ਅੱਡਿਆਂ ’ਤੇ ਮਿਜ਼ਾਈਲਾਂ ਅਤੇ ਹਵਾਈ ਹਮਲਿਆਂ ਨਾਲ ਨਿਸ਼ਾਨਾ ਸਾਧਿਆ। 7 ਅੱਤਵਾਦੀ ਅੱਡਿਆਂ ਨੂੰ ਥਲ ਸੈਨਾ ਨੇ ਅਤੇ ਮੁਰੀਦਕੇ ਤੇ ਬਹਾਵਲਪੁਰ ’ਚ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਦੇ 2 ਅੱਡਿਆਂ ਨੂੰ ਵਾਯੂ ਸੈਨਾ ਨੇ ਤਬਾਹ ਕਰ ਦਿੱਤਾ। NCERT ਨੇ ਆਪਣੇ ਪਾਠ ’ਚ ਜ਼ੋਰ ਦਿੱਤਾ ਹੈ ਕਿ ਹਰ ਨਿਸ਼ਾਨੇ ਦੀ ਮੁੜ ਜਾਂਚ ਕੀਤੀ ਗਈ ਅਤੇ ਸਿਰਫ਼ ਅੱਤਵਾਦੀ ਅੱਡਿਆਂ ’ਤੇ ਹੀ ਹਮਲਾ ਕੀਤਾ ਗਿਆ।
ਪਾਠ ਦੇ ਸਿਰਲੇਖ
NCERT ਨੇ ਕਲਾਸ 3 ਤੋਂ 8 ਤੱਕ ਦੇ ਦੋ ਮੋਡਿਊਲ ਦਾ ਸਿਰਲੇਖ ‘ਆਪਰੇਸ਼ਨ ਸਿੰਧੂਰ – ਵੀਰਤਾ ਦੀ ਗਾਥਾ’ ਅਤੇ ਕਲਾਸ 9 ਤੋਂ 12 ਲਈ ਮੋਡਿਊਲ ਦਾ ਸਿਰਲੇਖ ‘ਆਪਰੇਸ਼ਨ ਸਿੰਧੂਰ – ਸਨਮਾਨ ਅਤੇ ਵੀਰਤਾ ਦਾ ਮਿਸ਼ਨ’ ਰੱਖਿਆ ਹੈ। ਇਨ੍ਹਾਂ ਮੋਡਿਊਲ ਦਾ ਮਕਸਦ ਸਕੂਲੀ ਵਿਦਿਆਰਥੀਆਂ ’ਚ ਭਾਰਤ ਦੀ ਸੈਨਿਕ ਸ਼ਕਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ’ਚ ਐਸ-400 ਏਅਰ ਡਿਫੈਂਸ ਸਿਸਟਮ ਦਾ ਵੀ ਜ਼ਿਕਰ ਹੈ, ਜਿਸ ਨੇ ਦੁਸ਼ਮਣ ਦੇ ਜਹਾਜ਼ਾਂ ਅਤੇ ਡਰੋਨਾਂ ਨੂੰ ਤਬਾਹ ਕੀਤਾ।
NCERT ਦੇ ਪਾਠ ’ਚ ਮਹੱਤਵਪੂਰਨ ਜਾਣਕਾਰੀ
ਇੱਕ ਪਾਠ ’ਚ ਕਿਹਾ ਗਿਆ ਹੈ, “ਅਤੀਤ ’ਚ ਭਾਰਤ ਨੇ ਹਮੇਸ਼ਾ ਆਪਣੇ ਲੋਕਾਂ ਲਈ ਖੜ੍ਹੇ ਹੋਣ ਦੀ ਹਿੰਮਤ ਦਿਖਾਈ ਹੈ। ਭਾਰਤ ਨੇ 1947, 1965, 1971 ਅਤੇ 1999 ਦੀਆਂ ਜੰਗਾਂ ’ਚ ਸਖ਼ਤ ਜਵਾਬ ਦਿੱਤਾ। ਆਪਰੇਸ਼ਨ ਸਿੰਧੂਰ ਵੀ ਜੈਸ਼-ਏ-ਮੁਹੰਮਦ (JeM), ਲਸ਼ਕਰ-ਏ-ਤੈਅਬਾ (LeT), ਹਿਜ਼ਬੁਲ ਮੁਜਾਹਿਦੀਨ (HuM) ਅਤੇ ਪਾਕਿਸਤਾਨ ਦੀ ਜਾਸੂਸੀ ਏਜੰਸੀ ISI ਦੀ ਅਗਵਾਈ ਵਾਲੇ ਅੱਤਵਾਦ ਨੂੰ ਰੋਕਣ ਦਾ ਭਾਰਤ ਦਾ ਤਰੀਕਾ ਸੀ। ਇਹ ਸਿਰਫ਼ ਸੈਨਿਕ ਮੁਹਿੰਮ ਨਹੀਂ ਸੀ, ਸਗੋਂ ਸ਼ਾਂਤੀ ਦੀ ਰਾਖੀ ਅਤੇ ਸ਼ਹੀਦਾਂ ਦੇ ਸਨਮਾਨ ਦਾ ਵਾਅਦਾ ਵੀ ਸੀ।