‘ਠੋਕੋ ਤਾਲੀ, ਠੋਕੋ ਤਾਲੀ’ ਇਕ ਵਾਰ ਫੇਰ ਠੰਢੇ ਬਸਤੇ ! ਸਿੱਧੂ ਨਹੀਂ ਬਣਨਗੇ ਡਿਪਟੀ ਮੁੱਖ ਮੰਤਰੀ – ਲਗਾਮ ਪੂਰੀ ਤਰ੍ਹਾਂ ਕੈਪਟਨ ਦੇ ਹੱਥ ‘ਚ

TeamGlobalPunjab
4 Min Read

ਬਿੰਦੂ ਸਿੰਘ

‘ਠੋਕੋ ਤਾਲੀ , ਠੋਕੋ ਠੋਕੋ’ ਕਹੇ ਜਾਣ ਤੇ ਤਾੜੀਆਂ ਦੀ ਗੂੰਜ ਤੇ ਉਸ ਸ਼ਖਸ ਨੂੰ ਸੁਣਨ ਵਾਲੇ ਲੋਕਾਂ ‘ਚ ਵੀ ਇਕ ਚੁੱਪੀ ਹੈ। ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਨਾ ਕਿਸੀ ਸਟੇਜ ‘ਤੇ, ਨਾ ਲੋਕਾਂ ਦੀ ਕਿਸੀ ਸਭਾ ‘ਚ  ਤੇ ਨਾ ਹੀ ਮੀਡੀਆ ਦਰਮਿਆਨ ਆਪਣੀ ਗੱਲ ਰੱਖ ਰਹੇ ਹਨ । ਕਰਤਾਰਪੁਰ ਲਾਂਘਾ ਖੁੱਲ੍ਹਣ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ ਸਮਾਗਮ ਵਿਚ ਭਾਵੁਕ ਭਾਸ਼ਣ ਦੇਣ ਵਾਲੇ ਸਿੱਧੂ ਸਿੱਖ ਸੰਗਤ ਦੇ ਦਿਲਾਂ ਵਿੱਚ ਇਕ ਵਾਰ ਫਿਰ ਹੀਰੋ ਬਣੇ ਪਰ ਵਾਪਿਸ ਆ ਫਿਰ ਚੁੱਪ ਧਾਰ ਲਈ ।

ਸਿੱਧੂ ਨੂੰ ਲੈ ਕਿਆਸ ਅਰਾਈਆਂ ਦਾ ਦੌਰ ਲਗਾਤਾਰ ਜਾਰੀ ਹੈ। ਇਕ ਵਾਰ ਫਿਰ ਤੋਂ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗੱਲ ਸਾਹਮਣੇ ਆਈ। ਮੀਡੀਆ ਤੇ ਅਖਬਾਰਾਂ ਵਿਚ ਅੱਜ ਕੱਲ੍ਹ ਸਿੱਧੂ ਮੁੜ ਤੋਂ ਸੁਰਖੀਆਂ ਚ’ ਹਨ ।

ਪਰ ਸਿੱਧੂ ਬਾਰੇ ਇਕ ਵਾਰ ਫਿਰ ਉੱਠੀ ਫਰਮਾਇਸ਼ ਉਨ੍ਹਾਂ  ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸ ਅਰਾਈਆਂ ਨੂੰ ਕਾਂਗਰਸ ਹਾਈਕਮਾਨ ਦੇ ਫਰਮਾਨ ਨੇ ਠੰਢੇ ਬਸਤੇ ਪਾ ਦਿੱਤਾ ।  ਪਰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਬਿਆਨ ਦੇ ਕੇ ਅਜੇ  ਹਾਲ ਦੀ ਘੜੀ ਇਕ ਵਾਰ ਫਿਰ ਤੋਂ ਸਿੱਧੂ ਨੂੰ ਕਿਸੇ ਵੀ ਨਵੀਂ ਜ਼ਿੰਮੇਵਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਹਾਲ ਵਿੱਚ ਹੀ ਕਿਹਾ ਹੈ ਕਿ ਪੰਜਾਬ ਦੀ ਵਜ਼ਾਰਤ ‘ਚ ਇਕ ਮੰਤਰੀ ਦੀ ਥਾਂ ਖਾਲੀ ਹੈ ਤੇ ਇਸ ਬਾਬਤ ਫੈਸਲਾ ਸੋਨੀਆ ਗਾਂਧੀ  ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਲੈਣਗੇ। ਪੰਜਾਬ ਦੇ ਕੁਝ ਵਿਧਾਇਕਾਂ ਵੱਲੋਂ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਲਾਉਣ ਦੀ ਮੰਗ ‘ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਤਿੰਨ ਡਿਪਟੀ ਮੁੱਖ ਮੰਤਰੀ ਲਾਉਣ ਦੀ ਗੱਲ ਦਾ ਜਵਾਬ ਦਿੰਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਲੈਣਾ ਹੈ ਪਰ ਇਸ ਸੰਬੰਧੀ ਆਲਾ ਕਮਾਨ ਵੱਲੋਂ ਅਜੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਰਹੀ ਹੈ।

- Advertisement -

ਧਿਆਨ ਦੇਣਯੋਗ ਹੈ ਕਿ ਦਿੱਲੀ ‘ਚ ਕਾਂਗਰਸ ਦੀ ਕੇਂਦਰ ਸਰਕਾਰ ਦੇ ਖਿਲਾਫ਼ ਰੱਖੀ ਗਈ ਭਾਰਤ ਬਚਾਓ ਰੈਲੀ ‘ਚ ਕੈਪਟਨ ਤੇ ਸਿੱਧੂ ਦੋਵੇਂ ਗੈਰਹਾਜ਼ਰ ਸਨ, ਜਦੋਂ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਸਾਰੇ ਵੱਡੇ ਆਗੂ ਇਸ ਰੈਲੀ ਵਿੱਚ ਸ਼ਾਮਿਲ ਸਨ। ਪਾਰਟੀ ਹਾਈਕਮਾਨ ਨੇ ਵਿਸ਼ੇਸ਼ ਤੋਰ ਤੇ ਕਾਂਗਰਸ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਰੈਲੀ ਵਿੱਚ ਸ਼ਿਰਕਤ ਕਰਨ ਲਈ ਆਖਿਆ ਸੀ  । ਹੁਣ ਪੰਜਾਬ ਮੁੱਖ ਮੰਤਰੀ ਦਫਤਰ ਵੱਲੋਂ ਮੌਸਮ ਦੀ ਖਰਾਬੀ ਦੀ ਵਜਾ ਕਰਕੇ ਹੈਲੀਕਾਪਟਰ ਦੇ ਨਾ ਉੱਡਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਦੂਜੇ ਪਾਸੇ ਪਿਛਲੇ ਦਿਨੀਂ ਕਈ ਵਿਧਾਇਕਾਂ ਵੱਲੋਂ ਵੀ ਵੱਖ ਵੱਖ ਤਰੀਕੇ ਨਾਲ ਬਗ਼ਾਵਤੀ ਸੁਰ ਤੇਜ਼ ਕੀਤੇ ਗਏ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਅਫਸਰਸ਼ਾਹੀ ਹਾਵੀ ਹੈ ਤੇ ਇਨ੍ਹਾਂ ਦੇ ਕੰਮ ਆਪਣੀ ਹੀ ਸਰਕਾਰ ਵਿੱਚ ਨਹੀਂ ਕੀਤੇ ਜਾ ਰਹੇ । ਵਿਧਾਇਕਾਂ ਦਾ ਕਹਿਣਾ ਸੀ ਜੇ ਹਾਲ ਅਜਿਹਾ ਰਿਹਾ ਤੇ ਉਨ੍ਹਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ।

ਪਰ ਪਿਛਲੀ ਕੁਝ ਸਮੇਂ ਤੋਂ ਚੱਲ ਰਹੇ ਇਸ ਸਾਰੇ ਵਰਤਾਰੇ ਤੋਂ ਇਹ ਗੱਲ ਫਿਰ ਤੋਂ ਸਾਹਮਣੇ ਆਈ ਹੈ, ਕਿ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਇਸ ਵਾਰ ਉਨ੍ਹਾਂ ਦੇ ਆਪਣੇ ਵਜ਼ੀਰ ਤੇ ਸਿਪਾਸਲਰ ਹੀ ਖੁਸ਼ ਨਹੀਂ ਹਨ। ਇਹ ਵੀ ਇਕ ਵਜਾ ਹੈ ਕਿ ਸਿੱਧੂ ਨੂੰ ਅੱਗੇ ਲੈ ਕੇ ਆਉਣ ਦੀਆਂ ਅਵਾਜ਼ਾਂ ਵਾਰ ਵਾਰ ਉੱਠਦੀਆਂ ਹਨ ਪਰ ਇਸ ਸਭ ਬਾਰੇ ਸਿੱਧੂ ਆਪ ਅਜੇ ਮੌਨੀ-ਬਾਬਾ ਬਣੇ ਹੋਏ ਹਨ ।

Share this Article
Leave a comment