ਮੁੱਖ ਮੰਤਰੀ ਦੇ ਨਾਲ ਬੈਠਣ ਵਾਲੇ ਸਿੱਧੂ ਨੂੰ ਆਹ ਦੇਖੋ ਵਿਧਾਨ ਸਭਾ ‘ਚ ਹੁਣ ਕਿਸ ਸੀਟ ‘ਤੇ ਬਿਠਾਇਆ ਜਾਵੇਗਾ

TeamGlobalPunjab
3 Min Read

ਚੰਡੀਗੜ੍ਹ : ਅੱਜ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਸੈਸ਼ਨ ਦੌਰਾਨ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਵਿਧਾਨ ਸਭਾ ਅੰਦਰ ਉਨ੍ਹਾਂ ਦੀ ਸੀਟ ਨੂੰ ਲੈ ਕੇ ਮੀਡੀਆ ਜਗਤ ਵਿੱਚ ਜਿਹੜਾ ਰੌਲਾ ਪੈ ਰਿਹਾ ਸੀ, ਇੰਝ ਜਾਪਦਾ ਹੈ ਜਿਵੇਂ ਉਸ ‘ਤੇ ਹੁਣ ਡਿਸਕ ਬ੍ਰੇਕਾਂ ਲੱਗ ਗਈਆਂ ਹਨ।ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਹੜੇ ਸਿੱਧੂ ਕਦੇ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਬਰਾਬਰ ਵਾਲੀ ਸੀਟ ‘ਤੇ ਬੈਠਿਆ ਕਰਦੇ ਸਨ, ਵਜ਼ਾਰਤ ਛੱਡਣ ਤੋਂ ਬਾਅਦ ਉਨ੍ਹਾਂ ਦੀ ਸੀਟ ਬਦਲ ਕੇ ਹੁਣ ਦੂਸਰੀ ਕਤਾਰ ਦੇ ਅੰਤ ਵਿੱਚ ਤੈਅ ਕਰ ਦਿੱਤੀ ਗਈ ਹੈ। ਸਿੱਧੂ ਹੁਣ ਕਾਂਗਰਸ ਦੇ ਛੇ ਵਾਰ ਵਿਧਾਇਕ ਰਹਿ ਚੁਕੇ ਸੀਨੀਅਰ ਆਗੂ ਰਾਕੇਸ਼ ਪਾਂਡੇ ਤੋਂ ਬਾਅਦ ਬੈਠਣਗੇ।

ਦੱਸ ਦਈਏ ਕਿ ਨਿਯਮਾਂ ਅਨੁਸਾਰ ਵਿਧਾਨ ਸਭਾ ਅੰਦਰ ਪਹਿਲਾਂ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸੀਟਾਂ ਨਿਰਧਾਰਿਤ ਕਰਕੇ ਸਪੀਕਰ ਨੂੰ ਜਾਣੂ ਕਰਵਾਇਆ ਜਾਂਦਾ ਹੈ ਅਤੇ ਇਸ ਪ੍ਰਕਾਰ ਜਿਹੜਾ ਮੰਤਰੀ ਆਪਣੇ ਆਹੁਦੇ ਤੋਂ ਅਸਤੀਫਾ ਦੇ ਚੁਕਿਆ ਹੁੰਦਾ ਹੈ ਉਸ ਦੀ ਸੀਟ ਪਿੱਛਲੀਆਂ ਕਤਾਰਾਂ ਵਿੱਚ ਚਲੀ ਜਾਂਦੀ ਹੈ। ਇਨ੍ਹਾਂ ਨਿਯਮਾਂ ਤਹਿਤ ਹੀ ਨਵਜੋਤ ਸਿੰਘ ਸਿੱਧੂ ਦੀ ਸੀਟ ਵੀ ਦੂਸਰੀ ਕਤਾਰ ਦੇ ਅੰਤ ਵਿੱਚ ਚਲੀ ਗਈ ਹੈ। ਦੱਸਣਯੋਗ ਹੈ ਕਿ ਸਿੱਧੂ ਦੀ ਸੀਟ ਨਿਰਧਾਰਿਤ ਕਰਨ ਤੋਂ ਪਹਿਲਾਂ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਲੰਬੀ ਵਿਚਾਰ ਚਰਚਾ ਕੀਤੀ ਗਈ। ਉਸ ਤੋਂ ਪਹਿਲਾਂ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਸਿੱਧੂ ਨੂੰ ਰਾਣਾ ਗੁਰਜੀਤ ਸਿੰਘ ਦੇ ਨਾਲ ਵਾਲੀ ਸੀਟ ‘ਤੇ ਬਿਠਾਇਆ ਜਾ ਸਕਦਾ ਹੈ।

ਇੱਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਸੰਦੋਆ ਦੀ, ਤਾਂ ਉਨ੍ਹਾਂ ਵੱਲੋਂ ਭਾਵੇਂ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਜਾ ਚੁਕਿਆ ਹੈ ਪਰ ਫਿਰ ਵੀ ਇਨ੍ਹਾਂ ਸਾਰਿਆਂ ਦੇ ਅਸਤੀਫੇ ਵਿਧਾਨ ਸਭਾ ਸਪੀਕਰ ਵੱਲੋਂ ਅਜੇ ਤੱਕ ਮਨਜ਼ੂਰ ਨਹੀਂ ਹੋਏ ਜਿਸ ਕਾਰਨ ਇਨ੍ਹਾਂ ਦੀਆਂ ਸੀਟਾਂ ਵੀ ਆਮ ਆਦਮੀ ਪਾਰਟੀ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਹ ਵਿਧਾਇਕ ਪਹਿਲਾਂ ਹੀ ਪਿੱਛੇ ਤੋਂ ਤੀਜੀ ਕਤਾਰ ਵਿੱਚ ਬੈਠਦੇ ਹਨ ਅਤੇ ਹੁਣ ਇਨ੍ਹਾਂ ਦੀ ਸੀਟ ਹੋਰ ਵੀ ਪਿੱਛੇ ਚਲੀ ਗਈ ਹੈ।

Share this Article
Leave a comment