ਸਾਹਿਬਜ਼ਾਦਿਆਂ ਦਾ ਸਵਾਂਗ ਰਚਕੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਦੀ ਫਿਲਮ ਉੱਤੇ ਲੱਗੇ ਰੋਕ : ਜਥੇ. ਪੰਜੌਲੀ

Global Team
4 Min Read

ਫਤਿਹਗੜ੍ਹ ਸਾਹਿਬ: ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਪੂਰੀ ਤਰਾਂ ਨਾਲ ਵਿਵਾਦਾਂ ਦੇ ਘੇਰੇ ਵਿਚ ਘਿਰ ਚੁੱਕੀ ਹੈ। ਜਿਥੇ ਸਿੱਖ ਨੌਜਵਾਨਾਂ ਅਤੇ ਸੰਗਤਾਂ ਵੱਲੋਂ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਵੱਖ-ਵੱਖ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਥੇ ਬੀਤੇ ਦਿਨਾਂ ਤੋਂ ਸਿੱਖ ਜਥਿਆਂ, ਸੰਸਥਾਵਾਂ, ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮਤੇ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਜਾ ਰਿਹਾ ਸੀ। ਜਿਸ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਹੈ ਕਿ ਕਮੇਟੀ ਵੱਲੌਨ ਦਾਸਤਾਨ-ਏ-ਸਰਹੰਦ ਫਿਲਮ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ।
ਇਸ ਸਬੰਧੀ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦਾਸਤਾਨ-ਏ-ਸਰਹੰਦ ਫਿਲਮ ਉੱਤੇ ਪੱਕੀ ਰੋਕ ਲਾਉਣ ਲਈ ਕਿਹਾ ਗਿਆ।
ਸ. ਕਰਨੈਲ ਸਿੰਘ ਪੰਜੌਲੀ ਨੇ ਮੌਕੇ ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਪ੍ਰੈਸ ਮਿਲਣੀ ਨੂੰ ਸੰਬੋਧਨ ਹੁੰਦਿਆ ਕਿਹਾ ਕਿ “ਦਾਸਤਾਨ ਏ ਸਰਹੰਦ” ਫਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਪ੍ਰਵਾਨਗੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸ਼ੁਰੂਆਤੀ ਦਿਨਾਂ ਦੌਰਾਨ ਜਦੋਂ ਇਹ ਫਿਲਮ ਹਾਲੀ ਬਣਨੀ ਸ਼ੁਰੂ ਹੋਈ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਮਾਮਲਾ ਆਇਆ ਸੀ। ਇਸ ਸਬੰਧੀ ਸਬ-ਕਮੇਟੀ ਬਣਾਈ ਗਈ ਸੀ ਤੇ ਉਸ ਕਮੇਟੀ ਨੇ ਆਪਣੀ ਪੜਤਾਲ ਤੋਂ ਬਾਅਦ ਇਸ ਫਿਲਮ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਫਿਲਮ ਸਿੱਖੀ ਸਿਧਾਂਤ ਦੇ ਉਲਟ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹਵਾਲੇ ਨਾਲ ਸ. ਕਰਨੈਲ ਸਿੰਘ ਪੰਜੌਲੀ ਨੇ ਇਹ ਵੀ ਕਿਹਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਇਸ ਫਿਲਮ ਉੱਤੇ ਰੋਕ ਸਬੰਧੀ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ।
ਅੱਜ ਇਸ ਤੋਂ ਛੇਤੀ ਬਾਅਦ ਹੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਤੋਂ ਇਸ ਫਿਲਮ ਨੂੰ ਮਨਜੂਰੀ ਬਾ ਦਿੱਤੇ ਹੋਣ ਬਾਰੇ ਇਕ ਲਿਖਤੀ ਬਿਆਨ ਜਾਰੀ ਕਰ ਦਿੱਤਾ ਗਿਆ।
ਵਿਦਿਆਰਥੀ ਵਫਦ ਦੀ ਅਗਵਾਈ ਕਰਨ ਵਾਲੇ ਖੋਜਾਰਥੀਆਂ ਰਣਜੀਤ ਸਿੰਘ ਅਤੇ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ, ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ/ਪਰਦੇਕਾਰੀ ਦੀ ਸਖਤ ਮਨਾਹੀ ਹੈ।
ਹੁਣ ‘ਦਾਸਤਾਨ-ਏ-ਸਰਹਿੰਦ’ ਨਾਮੀ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ। ਫਿਲਮ ਦੇ ਪ੍ਰਸ਼ੰਸਕਾਂ ਵੱਲੋਂ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਵਿੱਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਦੇ ਹਾਮੀ ਹਾਂ ਪਰ ਅਸੀਂ ਇਹ ਗੱਲ ਬਿਲਕੁਲ ਸਪੱਸ਼ਟਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਪ੍ਰਚਾਰ-ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ-ਪ੍ਰਸਤੀ ਦੇ ਕੁਰਾਹੇ ਉੱਪਰ ਤੋਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ।

Share this Article
Leave a comment