ਚੰਡੀਗੜ੍ਹ : ਇੰਨੀ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਦੇ ਮਾਮਲੇ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਕਤਲ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਬਿਆਨੀ ਜੰਗ ਕਾਫੀ ਵਧ ਗਈ ਹੈ। ਰੰਧਾਵਾ ਨੇ ਜਿੱਥੇ ਬੀਤੀ ਕੱਲ੍ਹ ਪੱਤਰਕਾਰ ਸੰਮੇਲਨ ਕਰਕੇ ਮਜੀਠੀਆ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਦੋਸ਼ ਲਾਏ ਉੱਥੇ ਹੀ ਉਸ ਤੋਂ ਪਹਿਲਾਂ ਮਜੀਠੀਆ ਨੇ ਵੀ ਇਹ ਦੋਸ਼ ਲਾਏ ਸਨ। ਮਜੀਠੀਆ ਨੇ ਨਾ ਸਿਰਫ ਇਹ ਇਲਜ਼ਾਮ ਲਾਏ ਬਲਕਿ ਰੰਧਾਵਾ ਦੇ ਸਬੰਧਾ ਦੀ ਜਾਂਚ ਕਰਵਾਉਣ ਲਈ ਡੀਜੀਪੀ ਤੱਕ ਵੀ ਪਹੁੰਚ ਕਰ ਲਈ ਹੈ।
ਜਾਣਕਾਰੀ ਮੁਤਾਬਿਕ ਮਜੀਠੀਆ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਸ਼ਿਕਾਇਤ ਦੇ ਕੇ ਇਹ ਮੰਗ ਕੀਤੀ ਹੈ ਕਿ ਜੱਗੂ ਭਗਵਾਨਪੁਰੀਆ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਵਿੱਚਕਾਰ ਸਬੰਧ ਹਨ ਅਤੇ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਢਿੱਲਵਾਂ ਦੇ ਕਤਲ ਕੇਸ ਦੀ ਵੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਬੀਤੀ ਕੱਲ੍ਹ ਰੰਧਾਵਾ ਨੇ ਪੱਤਰਕਾਰ ਸੰਮੇਲਨ ਕਰਕੇ ਨਾ ਸਿਰਫ ਮਜੀਠੀਆ ਦੀਆਂ ਗੈਂਗਸਟਰਾਂ ਨਾਲ ਕੁਝ ਤਸਵੀਰਾਂ ਦਿਖਾਈਆਂ ਸਨ ਬਲਕਿ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਮਜੀਠੀਆ ਨੂੰ ਬਾਦਲਾਂ ਨੇ ਭੌਂਕਣ ਲਈ ਰੱਖਿਆ ਹੈ।