ਮਹਾਨ ਕੋਸ਼ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ – ਡਾ. ਗੁਰਨਾਮ ਸਿੰਘ

TeamGlobalPunjab
5 Min Read

ਮਹਾਨ ਕੋਸ਼ ਦਾ ਗੁਰਮਤਿ ਸੰਗੀਤ ਵਿਚ ਯੋਗਦਾਨ

  *ਗੁਰਨਾਮ ਸਿੰਘ(ਡਾ.)

ਆਮ ਕਰਕੇ ਮਹਾਨ ਕੋਸ਼ ਵਜੋਂ ਜਾਣੇ ਜਾਂਦੇ ਵਿਲੱਖਣ ਗ੍ਰੰਥ ਦਾ ਸੰਪੂਰਣ ਨਾਮ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਹੈ। ਇਸ ਰਚਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ, ਸਿੱਖ ਧਰਮ, ਸਿੱਖ ਇਤਿਹਾਸ ਸਬੰਧੀ ਸਰਬਾਂਗੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਪ੍ਰਮਾਣਿਕ ਜਾਣਕਾਰੀ ਦੇ ਇਸ ਸਰੋਤ ਗ੍ਰੰਥ ਵਿਚ ਸੰਗੀਤ ਅਤੇ ਗੁਰਮਤਿ ਸੰਗੀਤ ਸਬੰਧੀ ਮਹਤੱਵਪੂਰਨ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਹੈ। ਭਾਈ ਕਾਹਨ ਸਿੰਘ ਨਾਭਾ ਨੇ 1926 ਵਿਚ ਪਟਿਆਲਾ ਦਰਬਾਰ ਦੀ ਸਰਪ੍ਰਸਤੀ ਨਾਲ ਪ੍ਰਕਾਸ਼ਿਤ ਕਰਵਾਇਆ।

ਭਾਈ ਕਾਹਨ ਸਿੰਘ ਨਾਭਾ ਸੰਗੀਤ ਦੇ ਵੀ ਗਿਆਤਾ ਸਨ ਅਤੇ ਵੱਖ-ਵੱਖ ਸੰਗੀਤ ਸਾਜ਼ਾਂ ਨਾਲ ਆਪ ਨੂੰ ਗਹਿਰਾ ਪਿਆਰ ਸੀ। ਤਾਊਸ, ਦਿਲਰੁਬਾ ਅਤੇ ਸਿਤਾਰ ਆਪ ਦੇ ਪ੍ਰਿਅ ਸਾਜ਼ ਸਨ। ਸੰਗੀਤ ਅਤੇ ਗੁਰਮਤਿ ਸੰਗੀਤ ਸਬੰਧੀ ਆਪ ਨੇ ਜਿਥੇ ਵੱਖ-ਵੱਖ ਵਿਦਵਾਨਾਂ ਅਤੇ ਹੋਰ ਸਰੋਤਾਂ ਤੋਂ ਜਾਣਕਾਰੀ ਇਕੱਤਰ ਕੀਤੀ, ਉਥੇ ਆਪ ਦੇ ਸੰਗੀਤ ਗੁਰੂ, ਗੁਰੂਸਰ ਮਿਹਰਾਜ ਦੇ ਮਹੰਤ ਗੱਜਾ ਸਿੰਘ ਤੰਤੀ ਸਾਜ਼ ਤਾਊਸ ਦੇ ਕੁਸ਼ਲ ਵਾਦਕ ਅਤੇ ਰਾਗ ਵਿਦਿਆ ਦੇ ਪ੍ਰਕੰਡ ਵਿਦਵਾਨ ਸਨ। ਪਟਿਆਲਾ ਅਤੇ ਹੋਰ ਵੱਖ-ਵੱਖ ਰਿਆਸਤਾਂ ਵਿਚ ਆਪ ਨੂੰ ਸੰਗੀਤ ਦੇ ਵਡੇ ਸਾਧਕ ਅਤੇ ਵਿਦਵਾਨ ਵਜੋਂ ਜਾਣਿਆ ਜਾਂਦਾ ਸੀ। ਮਹਾਨ ਕੋਸ਼ ਵਿਚ ਸੰਗੀਤ ਅਤੇ ਗੁਰਮਤਿ ਸਬੰਧੀ ਦਿਤੀ ਜਾਣਕਾਰੀ ਵੀ ਮਹੰਤ ਗੱਜਾ ਸਿੰਘ, ਸ਼ਿਮਲਾ ਦੇ ਇੰਜੀਨੀਅਰ ਸ. ਮੁਕੰਦ ਸਿੰਘ (ਜਿਸ ਦਾ ਜ਼ਿਕਰ ਮਹਾਨ ਕੋਸ਼ ਵਿਚ ਹੈ) ਅਤੇ ਉਨਾਂ ਦੇ ਸਮਕਾਲੀ ਉਸਤਾਦ ਸੰਗੀਤਕਾਰਾਂ ਦੇ ਪ੍ਰਮਾਣਿਕ ਗਿਆਨ ਦਾ ਪ੍ਰਮਾਣ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਸੰਗੀਤ ਸ਼ਾਸਤਰ ਦੀ ਬੁਨਿਆਦੀ ਪਰਿਭਾਸ਼ਿਕ ਸ਼ਬਦਾਵਲੀ ਸਬੰਧੀ ਜਾਣਕਾਰੀ ਦਿਤੀ ਗਈ ਹੈ ਜਿਵੇਂ ਸ਼ਰੁਤੀ, ਸੁਰ, ਥਾਟ, ਆਰੋਹ, ਅਵਰੋਹ, ਉਸਤਾਦ, ਉੱਚ ਸੁਰ, ਉਠਾਨ, ਉਦਾਤ, ਓੜਵ, ਅਸਥਾਈ, ਅਚਲ ਥਾਟ, ਅਨਹਤ, ਅਨਹਤ ਸ਼ਬਦ, ਅਨਹਦ ਨਾਦ, ਅਨਾਹਤ, ਅਨਿਬੱਧ, ਅਨੁਵਾਦੀ, ਆਲਾਪੀ, ਅਵਰੋਹੀ, ਆਹਤ, ਆਭੋਗ, ਆਲਾਪ, ਆਲਾਪਨ, ਆਲਾਪਿ, ਆਲਿਸਯ, ਅਵਿਭਾਵ, ਔੜਵ, ਅੰਤਰਾ, ਸਥਾਈ, ਸਨਾਦ, ਸਮ, ਸੁਰ ਤਾਨ, ਸੰਗੀਤ, ਸੰਗੀਤ ਛੰਦ, ਸੰਚਾਰੀ, ਕਾਕੂ, ਕੁਹੁਕ, ਕੂੜਤਾਨ, ਖਰਜ, ਕੰਨਰਸ, ਖਿਆਲ ਆਦਿ।

ਰਾਗਾਂ ਸਬੰਧੀ ਜਾਣਕਾਰੀ ਦਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਇਕ ਵੱਡਾ ਸਰੋਤ ਹੈ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰੀਰਾਗ ਤੋਂ ਜੈਜਾਵੰਤੀ ਤਕ ਇਕੱਤੀ ਮੁੱਖ ਰਾਗਾਂ ਦੀ ਜਾਣਕਾਰੀ ਹੈ। ਇਸ ਤੋਂ ਬਿਨਾਂ ਗਉੜੀ ਚੇਤੀ, ਗਉੜੀ ਬੈਰਾਗਣਿ, ਗਉੜੀ ਮਾਲਾ ਆਦਿ ਰਾਗ ਪ੍ਰਕਾਰਾਂ ਦੀ ਜਾਣਕਾਰੀ ਵੀ ਮੁਹਈਆ ਕਰਵਾਈ ਗਈ ਹੈ। ਗੁਰਮਤਿ ਸੰਗੀਤ ਪਰੰਪਰਾ ਵਿਚ ਪ੍ਰਚਾਰਤ ਬਹੁਤ ਸਾਰੇ ਹੋਰ ਰਾਗ ਜਿਵੇਂ ਭੈਰਵੀ, ਹਿੰਡੋਲ, ਯਮਨ, ਦੀਪਕ, ਮੇਘ, ਮਾਲਕੌਂਸ, ਸੁਘਰਈ ਆਦਿ ਰਾਗਾਂ ਦਾ ਵੀ ਉਲੇਖ ਕੀਤਾ ਗਿਆ ਹੈ। ਰਾਗਾਂ ਦੇ ਆਰੋਹ, ਅਵਰੋਹ ਅਤੇ ਸੰਪੂਰਣ ਜਾਣਕਾਰੀ ਸਾਨੂੰ ਮੱਧਕਾਲੀਨ ਰਾਗ ਪਰੰਪਰਾ ਤੋਂ ਵਿਕਸਤ ਰਾਗਾਂ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਮਹਾਨ ਕੋਸ਼ ਵਿਚ ਰਬਾਬ, ਸਾਰੰਦਾ, ਮਿਰਦੰਗ, ਸਾਰੰਗੀ, ਢੋਲਕ, ਦੁੰਦਭੀ, ਸਿਤਾਰ, ਜਲਤਰੰਗ, ਢੱਡ, ਭੇਰਿ, ਨਗਾਰਾ, ਦਮਾਮਾ, ਅਲਗੋਜਾ, ਸ਼ਨਾਈ, ਸਰੋਦ, ਸਾਰਦ ਸਾਜ, ਸੁਰੰਗੜਾ, ਖਟਤਾਲ, ਖਰਚਾਮ ਆਦਿ ਸਾਜ਼ਾਂ ਬਾਰੇ ਜਾਣਕਾਰੀ ਵੀ ਵਿਸ਼ੇਸ਼ ਹੈ। ਕੁੱਲ ਮਿਲਾ ਕੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਗੁਰਮਤਿ ਸੰਗੀਤ ਅਤੇ ਸੰਗੀਤ ਨਾਲ ਸਬੰਧਤ ਲਗਭਗ ਸੱਤ ਸੌ ਪੰਜਾਹ ਦੇ ਕਰੀਬ ਅੰਦਰਾਜ਼ ਅੰਕਿਤ ਹਨ।

ਇਤਿਹਾਸਕ ਤੌਰ ਤੇ ਵੇਖੀਏ ਤਾਂ ਗੁਰੂ ਸਾਹਿਬਾਨ ਤੋਂ ਇਲਾਵਾ ਗੁਰੂ ਘਰ ਦੀ ਕੀਰਤਨ ਪਰੰਪਰਾ ਨਾਲ ਸਬੰਧਤ ਵੱਖ-ਵੱਖ ਸ਼ਖਸੀਅਤਾਂ ਸਬੰਧੀ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ। ਉਦਾਹਰਣ ਵਜੋਂ ਭਾਈ ਮਰਦਾਨਾ, ਭਾਈ ਸੱਤਾ ਬਲਵੰਡ, ਭਾਈ ਸਾਦੂ, ਭਾਈ ਬਾਦੂ, ਗੱਜਾ ਸਿੰਘ, ਗੁਰਬਖਸ਼ ਸਿੰਘ ਆਦਿ ਦੇ ਨਾਮ ਵਿਸ਼ੇਸ਼ ਹੈ।

ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਵਿਚ ਸੰਗੀਤ ਅਤੇ ਗੁਰਮਤਿ ਸੰਗੀਤ ਸਬੰਧੀ ਦਿਤੇ ਗਏ ਵਿਸ਼ਾਲ ਅਤੇ ਵਿਸਤ੍ਰਿਤ ਗਿਆਨ ਨੂੰ ਇਥੇ ਸੰਖੇਪ ਅਤੇ ਸੂਚਨਾ ਮਾਤਰ ਹੀ ਬਿਆਨ ਕੀਤਾ ਗਿਆ ਹੈ। ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਲਈ ਇਹ ਗ੍ਰੰਥ ਬੁਨਿਆਦੀ ਤੌਰ ‘ਤੇ ਮੱਹਤਵਪੂਰਣ ਹੈ। ਪੰਜਾਬ ਦੀ ਸੰਗੀਤ ਪਰੰਪਰਾ ਨੂੰ ਇਸ ਦੇ ਮੌਲਿਕ ਸੰਦਰਭ ਵਿਚ ਪਛਾਨਣ ਲਈ ਵੀ ਇਹ ਗ੍ਰੰਥ ਵਿਸ਼ੇਸ਼ ਹੈ।

ਗੁਰਮਤਿ ਸੰਗੀਤ ਦੇ ਰਾਗਾਂ ਸਬੰਧੀ ਨਿਰਣੇ ਲਈ ਵੀ ਰਾਗ ਨਿਰਣਾਇਕ ਕਮੇਟੀ ਨੇ ਇਸ ਗ੍ਰੰਥ ਦੀ ਵਿਸ਼ੇਸ਼ ਸਹਾਇਤਾ ਲਈ ਸੀ ਅਤੇ ਇਸੇ ਤਰਾਂ ਐਮ.ਏ. ਮਕਾਲਫ ਨੇ ਵੀ ਸਿੱਖ ਰਿਲੀਜਨ ਸਬੰਧੀ ਲਿਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਤੋਂ ਜਾਣਕਾਰੀ ਪ੍ਰਾਪਤ ਕੀਤੀ।

ਇਸ ਲਈ ਜ਼ਰੂਰੀ ਹੈ ਕਿ ਹਿੰਦੁਸਤਾਨੀ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਦਿਆਂ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਵਿਸ਼ੇਸ਼ ਆਧਾਰ ਬਣਾਇਆ ਜਾਵੇ।

*drgnam@yahoo.com

Share This Article
Leave a Comment