ਨਿਧੜਕ ਯੋਧਾ ਸ਼ਾਮ ਸਿੰਘ ਅਟਾਰੀ ਦਾ ਇਤਿਹਾਸ

TeamGlobalPunjab
5 Min Read

ਸੰਦੀਪ ਸਿੰਘ ਝੂੰਬਾ;

ਸਿੱਖ ਇਤਿਹਾਸ ਦਾ ਜਨਮ ਹੀ ਤਿੱਖੀ ਤਲਵਾਰ ਦੀ ਧਾਰ ਵਿੱਚੋਂ ਹੋਇਆ ਹੈ। ਸਿੱਖੀ ਦੀਆਂ ਨੀਹਾਂ ਹੀ ਖੂਨ ਦੀਆਂ ਧਾਰਾ ਵਿੱਚੋਂ ਉਠੀਆਂ ਹਨ। ਸਿੱਖੀ ਤੋਂ ਆਪਾਂ ਵਾਰਨ ਵਾਲੇ ਮਹਾਨ ਯੋਧੇ ਹੋਏ ਹਨ ਜਿਨ੍ਹਾਂ ਨੇ ਸਿੱਖੀ ਲਈ ਸਭ ਕੁੱਝ ਕੁਰਬਾਨ ਕਰ ਦਿੱਤਾ ਹੈ। ਅਜਿਹੇ ਹੀ ਇਕ ਮਹਾਨ ਯੋਧੇ , ਸੂਰਬੀਰ ਸ਼ਾਮ ਸਿੰਘ ਅਟਾਰੀ ਜਿਨ੍ਹਾਂ ਦਾ ਜਨਮ 1785 ਈ ਨੂੰ ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੇ ਵੱਡੇ ਵਡੇਰਿਆਂ ਨੇ ਪੁਰਾਣੇ ਥੇਹ ਤੋਂ ਪਿੰਡ ਵਸਾ ਕੇ ਇੱਕ ਉੱਚੀ ਅਟਾਰੀ ਬਣਾਈ ਸੀ। ਇਸ ਤੋਂ ਹੀ ਸ਼ਾਮ ਸਿੰਘ ਦੇ ਨਾਮ ਨਾਲ ਅਟਾਰੀ ਸ਼ਬਦ ਜੁੜ ਗਿਆ।

ਸਰਦਾਰ ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਕਮਾਂਡਰ ਸਨ। ਉਹਨਾਂ ਨੇ ਛੋਟੀ ਉਮਰ ਵਿੱਚ ਹੀ ਸ਼ਾਮ ਸਿੰਘ ਨੂੰ ਘੋੜ ਸਵਾਰੀ, ਤਲਵਾਰਬਾਜ਼ੀ , ਤੀਰ ਅੰਦਾਜੀ ਤੇ ਉਸ ਸਮੇਂ ਲੜੀਆਂ ਜਾਂਦੀਆਂ ਲੜਾਈਆਂ ਵਿੱਚ ਨਿਪੁੰਨ ਕੀਤਾ ਸੀ। ਸ਼ਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ। ਆਪਣੇ ਪਿਤਾ ਨਿਹਾਲ ਸਿੰਘ ਦੀ ਥਾਂ ਉਹਨਾ ਆਪ ਸੰਭਾਲ ਲਈ। ਸ਼ਾਮ ਸਿੰਘ ਫ਼ੌਜੀ ਹੱਥ- ਕੰਢਿਆਂ ਵਿਚ ਐਨੇ ਮਾਹਰ ਹੋ ਗਏ ਕਿ ਦੂਰ- ਦੂਰ ਤੱਕ ਆਪਦੀ ਬਹਾਦਰੀ ਤੇ ਸਿਆਣਪ ਦਾ ਸਿੱਕਾ ਚੱਲਣ ਲੱਗਾ। ਕਸ਼ਮੀਰ, ਮੁਲਤਾਨ, ਬਾਲਕੋਟ ਦੀਆਂ ਜਿੱਤਾਂ ਨਾਲ ਸ਼ਾਮ ਸਿੰਘ ਦਾ ਖਾਲਸਾ ਫੌਜਾਂ ‘ਚ ਸਤਿਕਾਰ ਵੱਧ ਗਿਆ।

ਮਹਾਰਾਜਾ ਰਣਜੀਤ ਸਿੰਘ ਦੇ  ਦੇਹਾਂਤ ਤੋਂ ਬਾਅਦ ਸਿੱਖ ਰਾਜ ਖਾਨਾਜੰਗੀ ਦਾ ਸ਼ਿਕਾਰ ਹੋਣ ਲੱਗਿਆ ਤਾਂ ਗ਼ਦਾਰ ਡੋਗਰੇ ਤੇ ਫ਼ਿਰੰਗੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੀਆਂ ਵਿਉਂਤਾਂ ਘੜਨ ਲੱਗੇ। ਇਸ ਦੌਰਾਨ ਧਿਆਨ ਸਿੰਘ ਡੋਗਰੇ ਦੇ ਪੋਤਰੇ ਹੀਰਾ ਸਿੰਘ ਡੋਗਰਾ ਤੇ ਉਸਦੇ ਨਿੱਜੀ ਸਲਾਹਕਾਰ ਪੰਡਿਤ ਜੱਲੇ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਪਰ ਅੰਗ੍ਰੇਜ਼ਾਂ ਦੀ ਮਿਲੀਭੁਗਤ ਨਾਲ ਡੋਗਰਾ ਗੁਲਾਬ ਸਿੰਘ, ਤੇਜਾ ਸਿੰਘ ਤੇ ਲਾਲ ਸਿੰਘ ਸਿੱਖ ਰਾਜ ਨੂੰ ਕਮਜ਼ੋਰ ਕਰਨ ‘ਚ ਸਫ਼ਲ ਹੋ ਗਏ। ਡੋਗਰਿਆਂ ਨੇ ਸਿੱਖ ਰਾਜ ਦੇ ਭੇਤ ਦੱਸ ਕਿ ਅੰਗਰੇਜ਼ਾਂ ਨੂੰ ਪੰਜਾਬ ਤੇ ਕਬਜ਼ਾ ਕਰਨ ਦੀ ਹੋਰ ਹਲਾਸ਼ੇਰੀ ਦਿੱਤੀ। ਜਿਸ ਦੇ ਚੱਲਦਿਆਂ ਅੰਗਰੇਜ਼ਾਂ ਤੇ ਸਿੱਖਾਂ ਵਿਚਾਲੇ 18-19 ਦਸੰਬਰ 1845 ਨੂੰ ਮੁੱਦਕੀ ਦੀ ਲੜਾਈ , 21-22 ਦਸੰਬਰ 1845 ਨੂੰ ਫੇਰੂ ਸ਼ਾਹ ਦੀ ਲੜਾਈ , 10 ਫਰਵਰੀ 1846 ਸਭਰਾਵਾਂ ਦੀ ਲੜਾਈ ਹੋਈ। ਇਹਨਾਂ ਜੰਗਾਂ ਵਿੱਚ ਜਦੋ ਵੀ ਸਿੱਖ ਫੌਜਾਂ ਜਿੱਤ ਦੇ ਕਿਨਾਰੇ ਪੁੱਜਦੀਆਂ ਤਾਂ ਅੰਗਰੇਜ਼ਾਂ ਨਾਲ ਸੰਧੀ ਕਰੀ ਬੈਠੇ ਫੌਜ਼ ਦੇ ਕਮਾਂਡਰ ਤੇਜਾ ਸਿੰਘ ਤੇ ਲਾਲ ਸਿੰਘ ਗ਼ਦਾਰੀ ਕਰਕੇ ਆਪਣੀਆਂ ਹੀ ਫੌਜਾਂ ਖਿਲਾਫ਼ ਜਾਂਦੇ। ਅੰਗਰੇਜ਼ਾਂ ਨਾਲ ਲੜਾਈਆਂ ਸ਼ੁਰੂ ਹੋਣ ਸਮੇਂ ਸ਼ਾਮ ਸਿੰਘ ਆਪਣੇ ਪਿੰਡ ਅਟਾਰੀ ਸਨ। ਫੇਰੂ ਸ਼ਾਹ ਦੀ ਲੜਾਈ ‘ਚ ਸਿੱਖ ਫੌਜਾਂ ਦੀ ਹਾਰ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਸੁਨੇਹਾ ਭੇਜਿਆ ‘ਸਰਦਾਰ ਜੀ ਹੁਣ ਤੁਸੀ ਹੀ ਸਿੱਖ ਰਾਜ ਦੇ ਬਚਾਅ ਲਈ ਕੁਝ ਕਰ ਸਕਦੇ ਹੋ। ਆਓ ਤੇ ਸਿੱਖ ਰਾਜ ਦੀਆਂ ਫੌਜਾ ਦੀ ਕਮਾਨ ਸੰਭਾਲੋ।’ ਸੁਨੇਹਾ ਮਿਲਦਿਆਂ ਹੀ ਸ਼ਾਮ ਸਿੰਘ ਅਟਾਰੀ ਚੱਲ ਪਏ ਤੇ ਸਿੱਖ ਰਾਜ ਦੀ ਕਮਾਨ ਸੰਭਾਲ ਲਈ।ਗਦਾਰ ਤੇਜਾ ਸਿੰਘ ਨੇ 9 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਨੂੰ ਵੀ ਸ਼ਕਤੀਸ਼ਾਲੀ ਫੌਜਾਂ ਵਿਰੁੱਧ ਲੜਨ ਦੀ ਥਾਂ ਆਪਣੀ ਜਾਨ ਬਚਾਉਣ ਦੀ ਸਲਾਹ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਉਸ ਦੀ ਚੰਗੀ ਲਾਹ ਪਾਹ ਕੀਤੀ ਤੇ ਸਿੱਖ ਫੌਜ ਦੇ ਮੁਖੀਆਂ ਸਾਹਮਣੇ ਪ੍ਰਣ ਕੀਤਾ ਕਿ ਜੇ ਸਿੱਖ ਫੌਜ ਦੀ ਹਰ ਹੋਈ ਤਾ ਸਰਦਾਰ ਸ਼ਾਮ ਸਿੰਘ ਜਿਉਂਦਾ ਨਹੀਂ ਜਾਵੇਗਾ। ਸ਼ਾਮ ਸਿੰਘ ਦੇ ਇਸ ਪ੍ਰਣ ਤੋਂ ਬਾਅਦ ਸਿੱਖ ਫੌਜਾਂ ‘ਚ ਨਵਾਂ ਜੋਸ਼ ਭਰ ਗਿਆ। ਫਰੰਗੀਆਂ ਨੂੰ ਮਾਰ ਭਜਾਓ ਦੇ ਨਾਹਰਿਆਂ ਸਾਰਾ ਆਕਾਸ਼ ਗੂੰਜ ਉਠਿਆ। 10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਘੋੜੇ ਤੇ ਸਵਾਰ ਹੋ ਕਿ ਫੌਜਾਂ ਸਮੇਤ ਰਣ ਵਿੱਚ ਪਹੁੰਚ ਗਏ। ਦੂਜੇ ਪਾਸੇ ਰਾਬਰਟ ਡਿਕ, ਲਾਰਡ ਹਾਰਡਿੰਗ ਗਵਰਨਰ , ਗਿਲਬਰਟ , ਸਰ ਹੈਰੀ, ਸਮਿਥ ਦੀਆਂ ਫੌਜੀ ਡਿਵੀਜ਼ਨਾਂ ਨੇ ਖ਼ਾਲਸਾ ਫੌਜਾਂ ਤੇ ਗੋਲੇ ਦਾਗਣ ਲਈ ਤੋਪਾਂ ਬੀੜ ਲਈਆਂ। ਸਭਰਾਵਾਂ ਦੀ ਜੰਗ ਭਖੀ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਸਿੱਖ ਫੌਜਾਂ ਦੇ ਜੋਸ਼ ਅੱਗੇ ਫਰੰਗੀਆਂ ਦੇ ਪੈਰ ਖ਼ਿਸਕ ਰਹੇ ਸਨ। ਸਭਰਾਵਾਂ ਦੀ ਜੰਗ ਦਾ ਮੈਦਾਨ ਜਦੋ ਪੂਰੀ ਤਰ੍ਹਾਂ ਜੋਸ਼ ਵਿੱਚ ਆਇਆ ਤਾਂ ਗਦਾਰ ਤੇਜਾ ਸਿੰਘ ਖਾਲਸਾ ਫੌਜਾਂ ਨੂੰ ਦੀ ਮਦਦ ਕਰਨ ਦੀ ਥਾਂ ਜੰਗ ਦੇ ਮੈਦਾਨ ‘ਚੋ ਭੱਜ ਗਿਆ ਤੇ ਬੇੜੀਆਂ ਦੇ ਪੁਲ ਤੋਂ ਸਤਲੁਜ ਪਾਰ ਕਰਕੇ ਜਾਂਦਾ ਹੋਇਆ ਬੇੜੀਆਂ ਵਾਲੇ ਪੁਲ ਨੂੰ ਵੀ ਤੋੜ ਗਿਆ। ਤੇਜਾ ਸਿੰਘ ਦੀ ਗ਼ਦਾਰੀ ਕਾਰਨ ਹਾਰ ਸਾਹਮਣੇ ਨਜ਼ਰ ਆ ਰਹੀ ਸੀ ਪਰ ਸਰਦਾਰ ਸ਼ਾਮ ਸਿੰਘ ਜੰਗ ਦੇ ਮੈਦਾਨ ਵਿੱਚ ਜੂਝਦੇ ਰਹੇ ਤੇ ਸਿੱਖ ਫੌਜਾਂ ਵਿੱਚ ਜੋਸ਼ ਭਰਦੇ ਰਹੇ। ਆਖ਼ਰਕਾਰ 7 ਗੋਲੀਆਂ ਆਪਣੇ ਸੀਨੇ ਵਿੱਚ ਖਾ ਕਿ ਸਿੱਖ ਫੌਜਾਂ ਦਾ ਮਹਾਨ ਬਹਾਦਰ ਤੇ ਬਿਰਧ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀ ਆਪਣੇ ਘੋੜੇ ਤੋਂ ਹੇਠਾਂ ਡਿੱਗ ਗਿਆ ਤੇ ਆਪਣੇ ਦੇਸ਼ ਕੌਮ ਦੀ ਰਾਖੀ ਕਰਦਿਆਂ ਸ਼ਹਾਦਤ ਪਾ ਗਿਆ। ਸਰਦਾਰ ਸ਼ਾਮ ਸਿੰਘ ਦੀ ਇਸ ਕੁਰਬਾਨੀ ਕਰਕੇ ਉਹਨਾਂ ਦਾ ਨਾਮ ਸਿੱਖ ਇਤਿਹਾਸ ਦੇ ਵਰਕਿਆਂ ਵਿੱਚ ਉਲੀਕੀਆਂ ਗਿਆ।

- Advertisement -

Share this Article
Leave a comment