ਮਾਸਕੋ: ਰੂਸ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੀ ਜੁਬਾਨ ‘ਤੇ ਇਕ ਹੀ ਗੱਲ ਸੀ, ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ। ਰੂਸ ਦੇ ਮੈਗਨਿਸਤੋਗੋਰਸਕ ਸ਼ਹਿਰ ‘ਚ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਮੈਗਨਿਸਤੋਗੋਰਸਕ ‘ਚ ਇਸ ਸਮੇ ਦਿਨ ‘ਚ ਤਾਪਮਾਨ ਸਿਫ਼ਰ ਤੋਂ 17 ਡਿਗਰੀ ਸੈਲਸੀਅਸ ਤੱਕ ਨੀਚੇ ਪਹੁੰਚ ਰਿਹਾ ਹੈ।
ਸੋਮਵਾਰ ਨੂੰ ਇਥੇ ਗੈਸ ਧਮਾਕੇ ‘ਚ ਇਮਾਰਤ ਢਹਿ ਢੇਰੀ ਹੋ ਗਈ ਸੀ। ਜਿਸ ਤੋਂ ਬਾਅਦ ਮਲਬੇ ‘ਚ ਦਬੇ ਜ਼ਿੰਦਾ ਲੋਕਾਂ ਦੀ ਭਾਲ ‘ਚ ਲੱਗੇ ਰਾਹਤ ਦਲ ਲਈ ਹਾਲਾਤ ਮੁਸ਼ਕਲ ਸਨ। ਇਨ੍ਹਾਂ ਮੁਸ਼ਕਲ ਹਾਲਾਤਾਂ ਦੇ ਵਿਚ ਮੰਗਲਵਾਰ ਨੂੰ ਇਥੇ ਇੱਕ ਰਾਹਤ ਭਰੀ ਖਬਰ ਆਈ।
ਬਚਾਅ ਦਲ ਨੇ ਇਸ ਇਮਾਰਤ ਦੇ ਮਲਬੇ ਹੇਠ ਤੋਂ ਹੀ 35 ਘੰਟਿਆਂ ਦੀ ਮਿਹਨਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ। ਸਥਾਨਕ ਮੀਡੀਆ ਦੀ ਰਿਪੋਰਟਾਂ ਮੁਤਾਬਕ ਬਚਾਅ ਦਲ ਨੂੰ ਬੱਚੇ ਦੇ ਰੋਣ ਦੀ ਆਵਾਜ਼ ਤੋਂ ਬਾਅਦ ਬੱਚੇ ਦਾ ਮਲਬੇ ਹੇਂਠ ਜ਼ਿੰਦਾ ਦਬੇ ਹੋਣ ਦਾ ਪਤਾ ਲੱਗਿਆ। 11 ਮਹੀਨੇ ਦੇ ਇਵਾਨ ਨਾਮ ਦੇ ਇਸ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਇਲਾਜ ਲਈ ਰਾਜਧਾਨੀ ਮਾਸਕੋ ਭੇਜ ਦਿੱਤਾ ਗਿਆ ਇਵਾਨ ਫ਼੍ਰੋਸਟਬਾਈਟ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਹੱਥਾਂ ਅਤੇ ਪੈਰਾਂ ਵਿੱਚ ਫਰੈਕਚਰ ਵੀ ਹੈ।
ਸੋਮਵਾਰ ਨੂੰ ਇੱਥੇ ਇੱਕ 10 ਮੰਜ਼ੀਲ਼ਾ ਇਮਾਰਤ ‘ਚ ਗੈਸ ਲੀਕ ਹੋਣ ਕਰਕੇ ਬਲਾਸਟ ਹੋ ਗਿਆ ਸੀ, ਜਿਸ ਨਾਲ 48 ਫਲੈਟਸ ਨੂੰ ਨੁਕਸਾਨ ਹੋਇਆ। ਹਾਦਸੇ ‘ਚ 7 ਲੋਕਾਂ ਦੀ ਮੌਤ ਅਤੇ 36 ਲੋਕ ਲਾਪਤਾ ਵੀ ਹੋਏ ਹਨ। ਬੱਚੇ ਨੂੰ ਬਚਾਉਣ ਤੋਂ ਬਾਅਦ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਬਚਾਅ ਦਲ ਦਾ ਇੱਕ ਕਰਮਚਾਰੀ ਬੱਚੇ ਨੂੰ ਕੰਬਲ ‘ਚ ਲਪੇਟ ਕੇ ਐਂਬੁਲਸ ਵੱਲ ਭੱਜਦਾ ਹੈ।