ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਡਿਪੋਰਟ, PM ਟਰੂਡੋ ਨੇ ਕਿਹਾ- ਨਿੱਝਰ ਕਤਲ ਕਾਂਡ ‘ਚ ਹੋ ਸਕਦਾ ਹੈ ਭਾਰਤ ਦਾ ਹੱਥ

Rajneet Kaur
3 Min Read

 ਬਰੈਂਪਟਨ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ‘ਤੇ ਸਿੱਖ ਆਗੂ ਦੇ ਕਤਲ ਦਾ ਦੋਸ਼ ਲਾਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਦੋਸ਼ਾਂ ਨੂੰ ਭਰੋਸੇਯੋਗ ਦੱਸਿਆ ਹੈ ਕਿ ਕੈਨੇਡਾ ਵਿੱਚ ਸਿੱਖ ਕਾਰਕੁਨ ਦੇ ਕਤਲ ਨਾਲ ਭਾਰਤ ਸਰਕਾਰ ਦੇ ਸਬੰਧ ਹੋ ਸਕਦੇ ਹਨ। ਉਨ੍ਹਾਂ ਨੇ ਸੰਸਦ ਨੂੰ ਦੱਸਿਆ ਕਿ  ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਸੱਭਿਆਚਾਰਕ ਕੇਂਦਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੈਨੇਡੀਅਨ ਖੁਫੀਆ ਏਜੰਸੀਆਂ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ।

ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ 9-10 ਸਤੰਬਰ ਨੂੰ ਭਾਰਤ ਵਿੱਚ ਹੋਈ ਜੀ-20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਉਹ ਇਹ ਦੋਸ਼ ਲਗਾ ਰਹੇ ਹਨ। ਇਸ ਦੇ ਨਾਲ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਡਿਪੋਰਟ ਕਰ ਦਿਤਾ ਹੈ, ਜੋ ਕੈਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ ਦਾ ਮੁਖੀ ਸੀ। ਹਾਲਾਂਕਿ ਜੌਲੀ ਨੇ ਇਸ ਡਿਪਲੋਮੈਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਟਰੂਡੋ ਨੇ ਕਿਹਾ, ‘ਪਿਛਲੇ ਕਈ ਹਫ਼ਤਿਆਂ ਤੋਂ, ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਾਂ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਕਾਰ ਸੰਭਾਵੀ ਸਬੰਧਾਂ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਪੈਰਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕਤਲ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਸਰਕਾਰ ’ਤੇ ਦਬਾਅ ਪਾਉਣਗੇ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਵਸਦੇ ਭਾਰਤੀ ਮੂਲ ਦੇ ਸਿੱਖਾਂ ਦੀ ਵੱਡੀ ਆਬਾਦੀ ਇਸ ਕਤਲ ਤੋਂ ਗੁੱਸੇ ਵਿਚ ਹੈ। ਬਹੁਤ ਸਾਰੇ ਸਿੱਖ ਆਪਣੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਦੇਸ਼ ਵਿਚ ਭਾਰਤੀ ਮੂਲ ਦੇ 14 ਤੋਂ 18 ਲੱਖ ਨਾਗਰਿਕ ਹਨ, ਜਿਨ੍ਹਾਂ ਵਿਚੋਂ ਬਹੁਤੇ ਸਿੱਖ ਹਨ। ਕੈਨੇਡਾ ਦੀ ਵਿਰੋਧੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਸਿੱਖ ਭਾਈਚਾਰੇ ਵਿਚੋਂ ਹਨ।

ਕੈਨੇਡੀਅਨ ਪੀਐਮ ਨੇ ਕਿਹਾ, ‘ਕੈਨੇਡੀਅਨ ਧਰਤੀ ‘ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਨਯੋਗ ਉਲੰਘਣਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ‘ਤੇ ਕੈਨੇਡਾ ਦੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਤਾਲਮੇਲ ਕਰ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment