ਮਾਨ ਪੰਜਾਬ ‘ਚ ਤੇਰਾਂ ਸੀਟਾਂ ਦੇ ਸਟੈਂਡ ਤੇ ਕਾਇਮ!

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਬੇਸ਼ਕ ਆਪ ਦੀ ਪੰਜਾਬ ਵਿੱਚ ਲੋਕ ਸਭਾ ਚੋਣ ਨੂੰ ਲੈ ਕੇ ਗਠਜੋੜ ਕਰਨ ਬਾਰੇ ਦਿੱਲੀ ਵਿਖੇ ਪਾਰਟੀ ਦੇ ਸੁਪਰੀਮੋ ਅਤੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ਤੇ ਮੀਟਿੰਗ ਹੋਈ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਹਨ ਪਰ ਇਕ ਗੱਲ ਬੜੀ ਸਾਫ ਹੈ ਕਿ ਮੁੱਖ ਮੰਤਰੀ ਮਾਨ ਜਾਤੀ ਤੌਰ ਉੱਪਰ ਪੰਜਾਬ ਦੀਆਂ ਤੇਰਾਂ ਸੀਟਾਂ ਆਪ ਦੇ ਲੜਨ ਦੇ ਹੱਕ ਵਿੱਚ ਹਨ ਅਤੇ ਕਾਂਗਰਸ ਨਾਲ ਸਮਝੌਤੇ ਦੇ ਵਿਰੁੱਧ ਹਨ। ਇਸੇ ਲਈ ਆਖ ਰਹੇ ਹਨ ਕਿ ਪੰਜਾਬ ਬਣੇਗਾ ਹੀਰੋ ਅਤੇ ਬਾਕੀ ਜ਼ੀਰੋ। ਅਜਿਹਾ ਨਹੀਂ ਹੈ ਕਿ ਮੁੱਖ ਮੰਤਰੀ ਮਾਨ ਪਹਿਲੀਵਾਰ ਇਸ ਮਾਮਲੇ ਬਾਰੇ ਬੋਲੇ ਹਨ ਸਗੋਂ ਲਗਾਤਾਰ ਇਸ ਸਟੈਂਡ ਉੱਪਰ ਕਾਇਮ ਹਨ। ਉਹ ਤਾਂ ਇਹ ਵੀ ਆਖ ਰਹੇ ਹਨ ਕਿ ਚੰਡੀਗੜ ਦੀ ਲੋਕ ਸਭਾ ਸੀਟ ਵੀ ਆਪ ਦੀ ਝੋਲੀ ਪਾਈ ਜਾਵੇਗੀ। ਦਿੱਲੀ ਦੀ ਮੀਟਿੰਗ ਵਿਚ ਮੰਥਨ ਬਾਅਦ ਪੰਜਾਬ ਦੇ ਗਠਜੋੜ ਬਾਰੇ ਅਧਿਕਾਰਤ ਬਿਆਨ ਨਾਲ ਹੀ ਸਥਿਤੀ ਤਾਂ ਸਾਫ ਹੋਵੇਗੀ ਪਰ ਫੈਸਲਾ ਲੈਣ ਵੇਲੇ ਮੁੱਖ ਮੰਤਰੀ ਦੀ ਰਾਇ ਅਹਿਮ ਭੂਮਿਕਾ ਅਦਾ ਕਰੇਗੀ।

ਜੇਕਰ ਕੌਮੀ ਪ੍ਰਸਥਿਤੀਆਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਸ ਵੇਲੇ ਉੱਤਰੀ ਭਾਰਤ ਵਿਚ ਕੇਂਦਰ ਸਰਕਾਰ ਅਤੇ ਭਾਜਪਾ ਨਾਲ ਸਭ ਤੋਂ ਵਧੇਰੇ ਟਕਰਾਅ ਦੀ ਸਥਿਤੀ ਪੰਜਾਬ ਅਤੇ ਦਿੱਲ਼ੀ ਨਾਲ ਬਣਦੀ ਹੋਈ ਨਜ਼ਰ ਆ ਰਹੀ ਹੈ। ਦਿੱਲ਼ੀ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਦੋਸ਼ ਹੇਠ ਈ ਡੀ ਵਲੋਂ ਚਾਰ ਸੰਮਨ ਆ ਚੁੱਕੇ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਸੰਮਨ ਗੈਰ ਕਾਨੂੰਨੀ ਹਨ ਕਿਉਂ ਜੋ ਉਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਜਿਵੇਂ ਈ ਡੀ ਆਖ ਰਹੀ ਹੈ। ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕ ਸਭਾ ਚੋਣ ਵਿਚ ਆਪ ਦੀ ਪ੍ਰਚਾਰ ਮੁਹਿੰਮ ਨੂੰ ਰੋਕਣ ਵਾਸਤੇ ਆਪ ਦੇ ਆਗੂਆਂ ਨੂੰ ਕੇਂਦਰੀ ਏਜੰਸੀਆਂ ਪ੍ਰੇਸ਼ਾਨ ਕਰ ਰਹੀਆਂ ਹਨ ਅਤੇ ਜੇਲ ਵਿਚ ਸੁੱਟ ਰਹੀਆਂ ਹਨ। ਅਜਿਹੀ ਸਥਿਤੀ ਵਿਚ ਕਿਸੇ ਸਮੇਂ ਵੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਇਹ ਲੜਾਈ ਆਪ ਤਾਂ ਲੜ ਹੀ ਰਹੀ ਹੈ ਪਰ ਜੇਕਰ ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਆਪ ਨਾਲ ਖੜਦੀ ਹੈ ਤਾਂ ਲੜਾਈ ਨੂੰ ਬਲ ਮਿਲਦਾ ਹੈ। ਇਸ ਤਰਾਂ ਇੰਡੀਆ ਗਠਜੋੜ ਜਿਥੇ ਲੋਕ ਸਭਾ ਚੋਣਾਂ ਲਈ ਪਲੇਟਫਾਰਮ ਦੀ ਮਜਬੂਤੀ ਅਹਿਮ ਹੈ ਉਥੇ ਕੇਜਰੀਵਾਲ ਵਿਰੁੱਧ ਕਿਸੇ ਵੀ ਕਾਰਵਾਈ ਦੇ ਟਾਕਰੇ ਲਈ ਅਹਿਮੀਅਤ ਰਖਦਾ ਹੈ।
ਪੰਜਾਬ ਵਿਚ ਆਪ ਅਤੇ ਕਾਂਗਰਸ ਦਾ ਗਠਜੋੜ ਹੋਵੇਗਾ ਕਿ ਨਹੀਂ?

ਇਸ ਦਾ ਜਵਾਬ ਤਾਂ ਦੋਹਾਂ ਧਿਰਾਂ ਦੇ ਆਗੂ ਹੀ ਦੇਣਗੇ ਪਰ ਪੰਜਾਬ ਦੀ ਸਥਿਤੀ ਕੌਮੀ ਪੱਧਰ ਦੇ ਰਾਜਸੀ ਸੀਨ ਨੂੰ ਜ਼ਰੂਰ ਪ੍ਰਭਾਵਿਤ ਕਰੇਗੀ।

- Advertisement -

ਸੰਪਰਕਃ 9814002186

Share this Article
Leave a comment