ਦੇਖੋ ਪੰਜਾਬ ਪੁਲਿਸ ਦੀ ਆਹ ਕਰਤੂਤ! ਰਿਸ਼ਵਤ ‘ਚ ਮੰਗ ਲਈ ‘ਨਵੀਂ ਚੀਜ਼’ ਨੌਜਵਾਨ ਨੇ ਚੋਰੀ ਬਣਾ ਲਈ ਵੀਡੀਓ , ਕਰਤੀ ਵਾਇਰਲ

TeamGlobalPunjab
5 Min Read

ਪਟਿਆਲਾ : ਪੰਜਾਬ ਪੁਲਿਸ ਇੰਨੀ ਦਿਨੀਂ ਰੋਜਾਨਾਂ ਨਵੇਂ ਵਿਵਾਦ ‘ਚ ਫਸੀ ਦਿਖਾਈ ਦਿੰਦੀ ਹੈ। ਜਿਸ ਕਾਰਨ ਨਾ ਸਿਰਫ ਪੁਲਿਸ ਦਾ ਆਪਣਾ ਅਕਸ ਹੋਰ ਹੋਰ, ਤੇ ਹੋਰ ਖਰਾਬ ਹੁੰਦਾ ਜਾ ਰਿਹਾ ਹੈ ਬਲਕਿ ਗ੍ਰਹਿ ਮੰਤਰਾਲਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੋਣ ਕਾਰਨ ਸਾਰੀਆਂ ਉਂਗਲਾਂ ਕੈਪਟਨ ਵੱਲ ਹੀ ਉੱਠ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬਹਾਦਰਗੜ੍ਹ ਦੀ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਵਲੋਂ ਸੁਨੀਲ ਕੁਮਾਰ ਨਾਮਕ ਇੱਕ ਨੌਜਵਾਨ ਤੋਂ ਸ਼ਿਕਾਇਤ ਲਿਖਣ ਬਦਲੇ ਸ਼ਰਾਬ ਤੇ ਮੀਟ ਦੀ ਮੰਗ ਕੀਤੇ ਜਾਣ ਦੇ ਦੋਸ਼ ਲੱਗੇ ਹਨ ਅਤੇ ਸੁਨੀਲ ਦਾ ਕਹਿਣਾ ਹੈ ਕਿ ਇਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਸਾਹਮਣੇ ਸ਼ਰਤ ਰੱਖੀ ਕਿ ਉਹ ਪਹਿਲਾਂ ਉਨ੍ਹਾਂ ਦੀ ਸੇਵਾ ਕਰੇ ਫਿਰ ਉਸਦੀ ਸ਼ਿਕਾਇਤ ਲਿਖੀ ਜਾਵੇਗੀ। ਸੁਨੀਲ ਦਾ ਦਾਅਵਾ ਹੈ ਕਿ ਉਸ ਨੇ ਇਸ ਮਾਮਲੇ ਵਿੱਚ  ਚੁਸ਼ਤੀ ਅਤੇ ਤੇਜੀ ਦਿਖਾਉਂਦਿਆਂ ਉਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਬਣਾ ਲਈ, ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਇਸ ਪੂਰੇ ਘਟਨਾਕ੍ਰਮ ਦੀ ਸ਼ਿਕਾਇਤ ਸੁਨੀਲ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਵੀ ਦਿੱਤੀ ਹੈ। ਸੁਨੀਲ ਵੱਲੋਂ ਬਣਾਈ ਗਈ ਇਸ ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਚੌਂਕੀ ਅੰਦਰ ਦਾਖਲ ਹੋਣ ਤੋਂ ਪਹਿਲਾਂ ਸੁਨੀਲ ਕੁਮਾਰ ਇੱਕ ਸ਼ਰਾਬ ਦੀ ਬੋਤਲ ਹੱਥ ‘ਚ ਫੜੀ ਖੜ੍ਹਾ ਹੈ ਤੇ ਕੈਮਰੇ ‘ਤੇ ਕਹਿੰਦਾ ਹੈ ਕਿ ਉਸ ਕੋਲੋਂ ਬਹਾਦਰਗੜ੍ਹ ਚੌਂਕੀ ਪੁਲਿਸ ਵਾਲਿਆਂ ਨੇ ਪਰਿਵਾਰਕ ਝਗੜੇ ਦੀ ਸ਼ਿਕਾਇਤ ਲਿਖਣ ਦੇ ਬਦਲੇ ਸ਼ਰਾਬ ਅਤੇ ਮੀਟ ਦੀ ਮੰਗ ਕੀਤੀ ਹੈ। ਇਸ ਉਪਰੰਤ ਸੁਨੀਲ ਉਸ ਬੋਤਲ ਨੂੰ ਦੱਬੇ ਵਿੱਚੋਂ ਬਾਹਰ ਕੱਢਦਾ ਹੈ ਤੇ ਕੈਮਰੇ ‘ਤੇ ਦਿਖਾ ਕੇ ਉਸ ਵਿਅਕਤੀ ਨਾਲ ਬਾਈਕਨੁਮਾ ਕਿਸੇ ਵਾਹਨ ‘ਤੇ ਸਵਾਰ ਹੋ ਕੇ ਬਹਾਦਰਗੜ੍ਹ ਚੌਂਕੀ ਵੱਲ ਤੁਰ ਪੈਂਦਾ ਹੈ। ਵੀਡੀਓ ਵਿੱਚ ਅੱਗੇ ਦਿਖਾਈ ਦਿੰਦਾ ਹੈ ਕਿ ਸੁਨੀਲ ਵੀਡੀਓ ਬਣਾਉਣ ਵਾਲੇ ਉਸ ਸਖਸ਼ ਨੂੰ ਤਾਂ ਬਾਹਰ ਹੀ ਖੜ੍ਹਾ ਕਰ ਜਾਂਦਾ ਹੈ ਪਰ ਆਪ ਬਹਾਦਰਗੜ੍ਹ ਚੌਂਕੀ ਦੇ ਅੰਦਰ ਚਲਾ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਸੁਨੀਲ ਅੰਦਰੋਂ ਵੀਡੀਓ ਬਣਾਉਣ ਵਾਲੇ ਸਖਸ ਨੂੰ ਫੋਨ ਕਰਦਾ ਹੈ ਤੇ ਉਹ ਵੀ ਸੁਨੀਲ ਕੋਲ ਚੌਂਕੀ ਦੇ ਅੰਦਰ ਪਹੁੰਚ ਜਾਂਦਾ ਹੈ। ਇਸ ਦੌਰਾਨ ਕੈਮਰੇ ‘ਤੇ ਦਿਖਾਈ ਦਿੰਦਾ ਹੈ ਬਹਾਦਰਗੜ੍ਹ ਚੌਂਕੀ ਦੇ ਅੰਦਰਲਾ ਨਜ਼ਾਰਾ। ਜਿਸ ਵਿੱਚ ਮੇਜ਼ ‘ਤੇ ਖਾਣ-ਪੀਣ ਦਾ ਸਮਾਨ, ਦਾਰੂ ਦੀ ਬੋਤਲ ਤੇ ਇੱਕ ਕੌਲੀ ‘ਚ ਮੀਟ ਆਦਿ ਰੱਖ ਕੇ ਇੱਕ ਵਰਦੀਧਾਰੀ ਤੇ ਇੱਕ ਨਿੱਕਰ ਬਨੈਣ ਪਾਈ ਸਖ਼ਸ਼ ਵੀਡੀਓ ਬਣਾਉਣ ਵਾਲੇ ਨੂੰ ਦੇਖ ਕੇ ਘਬਰਾਹਟ ਦੀ ਸਥਿਤੀ ਵਿੱਚ ਬੋਤਲ ਅਤੇ ਹੋਰ ਸਮਾਨ ਇੱਧਰ ਉੱਧਰ ਕਰ ਰਹੇ ਹੁੰਦੇ ਹਨ। ਇਸ  ਦੌਰਾਨ ਵੀਡੀਓ ਬਣਾਉਣ ਵਾਲਾ ਸਖ਼ਸ਼ ਕੈਮਰੇ ਨੂੰ ਪੂਰੀ ਚੌਂਕੀ ਅੰਦਰ ਘੁੰਮਾ ਦਿੰਦਾ ਹੈ ਤੇ ਨਾਲ ਹੀ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਨੂੰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨਾਲ ਫੋਨ ‘ਤੇ ਗੱਲ ਕਰਨ ਲਈ ਕਹਿੰਦਾ ਹੈ। ਜਿਸ ਤੋਂ ਬਾਅਦ ਨਿੱਕਰ ਬਨੈਣ ਪਾਈ ਉਹ ਸਖ਼ਸ਼ ਫੋਨ ‘ਤੇ ਬੈਂਸ ਸਾਬ੍ਹ! ਬੈਂਸ ਸਾਬ੍ਹ! ਕਰਦਾ ਆਪਣੀ ਸਫਾਈ ਦਿੰਦਾ ਹੈ, ਤੇ ਇੱਧਰ ਦੂਜੇ ਪਾਸੇ ਵੀਡੀਓ ਵਿੱਚ ਸੁਨੀਲ ਕੁਮਾਰ ਇਹ ਦੱਸਦਾ ਹੈ ਕਿ ਇਹ ਉਹੀ ਬੋਤਲ ਹੈ ਜਿਹੜੀ ਉਨ੍ਹਾਂ ਨੇ ਉਸ ਤੋਂ ਸ਼ਿਕਾਇਤ ਲਿਖਣ ਬਦਲੇ ਮੰਗਾਈ ਹੈ। ਜਿਸ ਬਾਰੇ ਮੌਕੇ ‘ਤੇ ਮੌਜੂਦ ਪੁਲਿਸ ਵਾਲਿਆਂ ਦੀ ਅਵਾਜ਼ ਆਉਂਦੀ ਹੈ ਕਿ ਉਨ੍ਹਾਂ ਨੇ ਉਸ ਕੋਲੋਂ ਇਹ ਬੋਤਲ ਨਹੀਂ ਮੰਗੀ ਇਹ ਆਪਣੇ ਆਪ ਲੈ ਕੇ ਆਇਆ ਹੈ। ਫਿਰ ਹੌਲੀ ਹੌਲੀ ਉਸ ਵੀਡੀਓ ਵਿੱਚ ਪੁਲਿਸ ਵਾਲੇ ਸੁਨੀਲ ਕੁਮਾਰ ਅਤੇ ਉਸ ਦੇ ਸਾਥੀ ਨੂੰ ਘੇਰ ਕੇ ਚੌਂਕੀ ਵਿੱਚੋਂ ਬਾਹਰ ਕੱਢ ਦਿੰਦੇ ਹਨ ।

ਇਸ ਵੀਡੀਓ ਬਾਰੇ ਸੁਨੀਲ ਕੁਮਾਰ ਕਹਿੰਦਾ ਹੈ ਕਿ ਉਹ ਪਰਿਵਾਰਕ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪਿਛਲੇ 5 ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਿਹਾ ਸੀ ਅਤੇ ਲੰਘੇ ਮੰਗਲਵਾਰ ਰਾਤ ਕਰੀਬ ਸਾਢੇ 8 ਵਜੇ ਉਹ ਫਿਰ ਚੌਂਕੀ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਉਸ ਨੂੰ ਸ਼ਰਾਬ ਅਤੇ ਮੀਟ ਲਿਆਉਣ ਲਈ ਕਿਹਾ।

ਕੁੱਲ ਮਿਲਾ ਕੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਤੇ ਹੁਣ ਇਸ ਸਾਰੇ ਘਟਨਾਕ੍ਰਮ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਪੁਲਿਸ ਦਾ ਇਹ ਹਾਲ ਹੈ, ਤਾਂ ਬਾਕੀ ਥਾਣਿਆਂ ‘ਚ ਕੀ ਹਾਲਾਤ ਹੋਣਗੇ? ਹੁਣ ਦੇਖਣਾ ਇਹ ਹੋਵੇਗਾ ਕਿ, ਕੀ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚ ਗਈ ਹੈ? ਤੇ ਜੇ ਪਹੁੰਚ ਗਈ ਹੈ ਤਾਂ ਫਿਰ ਉਹ ਇਸ ਮਾਮਲੇ ‘ਚ ਕੀ ਕਾਰਵਾਈ ਕਰਦੇ ਹਨ।

- Advertisement -

Share this Article
Leave a comment