ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਬਹੁਤ ਅਹਿਮ ਹੈ ਪਹਿਲਾ ਲਾਹੌਰ ਸਾਜ਼ਿਸ਼ ਕੇਸ

TeamGlobalPunjab
15 Min Read

-ਡਾ. ਚਰਨਜੀਤ ਸਿੰਘ ਗੁਮਟਾਲਾ;

ਗ਼ਦਾਰ ਕਿਰਪਾਲ ਸਿੰਘ ਦੀ ਮੁਖ਼ਬਰੀ ਕਾਰਨ 21 ਫ਼ਰਵਰੀ 2015 ਨੂੰ ਦੇਸ਼ ਭਰ ਵਿਚ ਇਨਕਲਾਬ ਲਿਆਉਣ ਦੀ ਯੋਜਨਾ ਫੇਲ ਹੋਣ ਉਪਰੰਤ ਸਰਕਾਰ ਨੇ ਗ਼ਦਰੀਆਂ ਨੂੰ ਬੜੀ ਤੇਜੀ ਨਾਲ ਗ੍ਰਿਫ਼ਤਾਰ ਕਰਨਾ ਸ਼ੁਰੂ ਕੀਤਾ। ਫੜੇ ਗਏ ਗ਼ਦਰੀਆਂ ਵਿਚੋਂ ਹੀ ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਪੁਲਿਸ ਦੀ ਮਦਦ ਕੀਤੀ ਤੇ ਬਾਦ ਵਿਚ ਵਾਅਦਾ ਮੁਆਫ਼ ਗੁਆਹ ਬਣ ਕੇ ਫੜੇ ਗ਼ਦਰੀਆਂ ਨੂੰ ਸਜਾਵਾਂ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਗ਼ਦਰੀਆਂ ਨੂੰ ਲਾਹੌਰ ਜੇਲ ਵਿਚ ਲਿਆਂਦਾ ਗਿਆ । ਜਹਾਜ਼ੋਂ ਉਤਰਦੇ ਗ੍ਰਿਫ਼ਤਾਰ ਕੀਤੇ ਗ਼ਦਰੀਆਂ ਨੂੰ ਇੱਥੇ ਲਿਆਂਦਾ ਗਿਆ। ਇਨ੍ਹਾਂ ਵਿਚ ਭਾਈ ਸੋਹਣ ਸਿੰਘ ਭਕਨਾ ਪ੍ਰਧਾਨ ਗ਼ਦਰ ਪਾਰਟੀ, ਭਾਈ ਕੇਸਰ ਸਿੰਘ ਠੱਠਗੜ੍ਹ ਮੀਤ ਪ੍ਰਧਾਨ, ਭਾਈ ਜਵਾਲਾ ਸਿੰਘ ਠੱਠੀਆਂ ਦੂਸਰੇ ਮੀਤ ਪ੍ਰਧਾਨ, ਭਾਈ ਸ਼ੇਰ ਸਿੰਘ ਵੇਈਂ ਪੋਈਂ, ਮਾਸਟਰ ਊਧਮ ਸਿੰਘ ਕਸੇਲ ਤੇ ਮੰਗਲ ਸਿੰਘ ਭੰਗੜ ਲਾਲਪੁਰ ਢੋਟੀਆਂ ਸ਼ਾਮਲ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਹੀ ਫੜੇ੍ਹ ਹੋਏ ਪੰਡਿਤ ਜਗਤ ਰਾਮ ਹਰਿਆਣਾ (ਹੁਸ਼ਿਆਰਪੁਰ), ਸ੍ਰੀ ਪ੍ਰਿਥੀ ਸਿੰਘ ਆਜ਼ਾਦ, ਭਾਈ ਗੁਜਰ ਸਿੰਘ ਭਕਨਾ ਆਦਿ ਅਤੇ ਆਰੀਆ ਸਮਾਜ ਲੀਡਰ ਭਾਈ ਪਰਮਾਨੰਦ ਤੇ ਸ੍ਰੀ ਕਿਦਾਰ ਨਾਥ ਸਹਿਗਲ ਵੀ ਇਨ੍ਹਾਂ ਵਿਚ ਰਲਾ ਲਏ ਗਏ।

ਇਨ੍ਹਾਂ ਸਾਰਿਆਂ ਅਤੇ ਕੁਝ ਹੋਰਨਾਂ ਨੂੰ ਜੋ ਅਜੇ ਤੀਕ ਗ੍ਰਿਫ਼ਤਾਰ ਨਹੀਂ ਹੋਏ ਸਨ, ਮਿਲਾ ਕੇ 82 ਵਿਅਕਤੀਆਂ ‘ਤੇ 26 ਅਪ੍ਰੈਲ 1915 ਨੂੰ ‘ਲਾਹੌਰ ਸਾਜ਼ਿਸ਼’ ਨਾਮ ਦਾ ਮੁਕਦਮਾ ਚਲਾਇਆ ਗਿਆ। ਪਹਿਲਾ ਕੇਸ ਹੋਣ ਕਰਕੇ ਇਸ ਨੂੰ ‘ਪਹਿਲਾ ਲਾਹੌਰ ਸਾਜ਼ਿਸ਼ ਕੇਸ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਚਾਰ ਹੋਰ ਲਾਹੌਰ ਸਪਲੀਮੈਂਟਰੀ ਸਾਜ਼ਿਸ਼ ਕੇਸ, ਦੋ ਮੰਡੀ ਸਾਜ਼ਿਸ਼ ਕੇਸ, ਦੋ ਬਰਮਾ ਸਾਜ਼ਿਸ਼ ਕੇਸ , ਫਿਰੋਜ਼ਪੁਰ ਕਤਲ ਕੇਸ, ਅਨਾਰਕਲੀ ਕਤਲ ਕੇਸ, ਪਧਰੀ ਕਤਲ ਕੇਸ, ਵੱਲਾ ਪੁਲ ਕੇਸ, ਜਗਤਪੁਰ ਕਤਲ ਕੇਸ, ਨੰਗਲ ਕਤਲ ਕੇਸ ਆਦਿ ਨਾਂ ਦੇ ਮੁਕੱਦਮੇ ਚਲਾ ਕੇ ਗ਼ਦਰੀਆਂ ਨੂੰ ਸਜਾਵਾਂ ਦਿੱਤੀਆਂ ਗਈਆਂ।

17 ਗ਼ਦਰੀ ਜਿਹੜੇ ਭਗੌੜੇ ਕਰਾਰ ਦਿੱਤੇ ਗਏ, ਉਨ੍ਹਾਂ ਵਿਚ ਭਾਈ ਪ੍ਰੇਮ ਸਿੰਘ ਸੁਰ ਸਿੰਘ,ਭਾਈ ਬੰਤਾ ਸਿੰਘ ਸੰਘਵਾਲ, ਭਾਈ ਬੀਰ ਸਿੰਘ ਬਾਹੋਵਾਲ, ਭਾਈ ਜਵੰਦ ਸਿੰਘ ਨੰਗਲ, ਸ੍ਰੀ ਰਾਮ ਰਖਾ ਸਾਹਿਬਾ ਸੜੋਆ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਸਜਨ ਸਿੰਘ ਨਾਰੰਗਵਾਲ, ਭਾਈ ਉਤਮ ਸਿੰਘ ਹਾਂਸ, ਭਾਈ ਗਾਂਧਾ ਸਿੰਘ ਕੱਚਰਭੰਨ, ਡਾਕਟਰ ਮਥਰਾ ਸਿੰਘ, ਭਾਈ ਹਰਨਾਮ ਸਿੰਘ ਕਹੂਟਾ, ਸ੍ਰੀ ਵਿਨਾਇਕ ਰਾਉ (ਬੰਗਾਲੀ), ਸ੍ਰੀ ਰਾਮ ਬਿਹਾਰੀ ਬੋਸ, ਭਾਈ ਅਰਜਨ ਸਿੰਘ ਲੋਹਟਬਧੀ, ਭਾਈ ਕਰਮ ਸਿੰਘ ਕੋਟਲਾ ਅਜਨੇਰ, ਭਾਈ ਕੇਹਰ ਸਿੰਘ ਸੈਦੋ ਮੋਗਾ ਅਤੇ ਅਨੋਖ ਸਿੰਘ ਜੋ ਅਗਲੇ ਮੁਕੱਦਮੇ ਵਿਚ ਵਾਅਦਾ ਮੁਆਫ਼ ਗਵਾਹ ਬਣ ਗਿਆ ਸ਼ਾਮਲ ਸਨ। ਇਨ੍ਹਾਂ ਭਗੌੜਿਆਂ ਵਿਚੋਂ ਸ੍ਰੀ ਰਾਮ ਰਖਾ ਤਾਂ ਚੱਬੇ ਦੇ ਡਾਕੇ ਵਿਚ ਫਟੜ ਹੋ ਕੇ ਸ਼ਹੀਦ ਹੋ ਗਏ, ਭਾਈ ਬੰਤਾ ਸਿੰਘ ਸੰਘਵਾਲ ਤੇ ਭਾਈ ਬੂਟਾ ਸਿੰਘ ਅਕਾਲਗੜ੍ਹ ਨੂੰ ਹੋਰਨਾਂ ਮੁਕੱਦਮਿਆਂ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

- Advertisement -

ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਗ਼ਦਰ ਲਹਿਰ ਨੂੰ ਹਿੰਦੁਸਤਾਨ ਵਿਚੋਂ ਅੰਗਰੇਜ਼ੀ ਹਕੂਮਤ ਨੂੰ ਉਲਟਾਉਣ ਵਾਲਾ ਸਭ ਤੋਂ ਖ਼ਤਰਨਾਕ ਯਤਨ ਕਰਾਰ ਦਿੰਦਾ ਹੈ। ਉਸ ਦੇ ਸਤੀਂ ਕਪੜੀਂ ਅੱਗ ਲੱਗੀ ਹੋਈ ਸੀ। ਉਹ ਇਸ ਲਹਿਰ ਨਾਲ ਸੰਬੰਧਿਤ ਦੇਸ਼ ਭਗਤਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੁੰਦਾ ਸੀ ਤਾਂ ਜੋ ਭਵਿੱਖ ਵਿਚ ਅਜਿਹੀ ਲਹਿਰ ਸਿਰ ਨਾ ਚੁੱਕ ਸਕੇ। ਇਸ ਮੰਤਵ ਲਈ ਉਸ ਨੇ ਉਸ ਸਮੇਂ ਦੇ ਕਾਨੂੰਨ ਵਿਚ ਸੋਧਾਂ ਕਰਨ ਲਈ ਦਸੰਬਰ 1914 ਵਿਚ ਕੇਂਦਰੀ ਹਕੂਮਤ ਨੂੰ ਲਿਖਿਆ ਤੇ ਇਕ ਆਰਡੀਨੈਂਸ ਦਾ ਖਰੜਾ ਬਣਾ ਕੇ ਹਿੰਦ ਸਰਕਾਰ ਨੂੰ ਭੇਜਿਆ। ਆਪਣਾ ਦਬਾਅ ਬਨਾਉਣ ਲਈ ਉਸ ਨੇ 27 ਫ਼ਰਵਰੀ 1915 ਨੂੰ ਝੋਲੀ ਚੁਕ ਸਿੱਖ ਸਰਦਾਰਾਂ ਦੀ ਮੀਟਿੰਗ ਸੱਦੀ। ਇਨ੍ਹਾਂ ਝੋਲੀਝੁਕ ਜਗੀਰਦਾਰ ਸਰਦਾਰਾਂ ਨੇ ਸਭ ਗ਼ਦਰੀਆਂ ਨੂੰ ਇਕ ਵੱਢੋਂ ਫੜ੍ਹ ਕੇ ਜੇਲ੍ਹਾਂ ਵਿਚ ਬੰਦ ਕਰਨ ਦੀ ਸਲਾਹ ਦਿੱਤੀ। ਲੁਧਿਆਣੇ ਦੇ ਗਜਣ ਸਿੰਘ ਨੇ ਤਾਂ ਇੱਥੋਂ ਤੀਕ ਕਿਹਾ ਕਿ ਜੇ ਮੁਕੱਦਮੇ ਲੰਮੇ ਹੋ ਗਏ ਤਾਂ ਇਸ ਨਾਲ ਲੋਕਾਂ ਉਪਰ ਬੁਰਾ ਪ੍ਰਭਾਵ ਪਵੇਗਾ।ਇਸ ਲਈ ਇਨ੍ਹਾਂ ਉਪਰ ਪੁਲਸ ਦੀ ਰਿਪੋਰਟ ਉੱਤੇ ਹੀ ਮੁਕੱਦਮੇ ਦਰਜ਼ ਕੀਤੇ ਜਾਣ। ਇਸ ਵਿਚਾਰ ਨਾਲ ਸਾਰੇ ਸਹਿਮਤ ਸਨ। ਪੰਜਾਬ ਸਰਕਾਰ ਨੇ ਇਸ ਨੂੰ ਵਿਸ਼ੇਸ ਅਦਾਲਤਾਂ ਸਥਾਪਤ ਕਰਨ ਲਈ ਵਰਤਿਆ।

ਨਵੇਂ ਕਾਨੂੰਨ ਅਨੁਸਾਰ ਸਰਕਾਰ ਹਿੰਦ ਵਿਚ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਵਰੰਟ ਫੜ੍ਹ ਕੇ ਜੇਲ੍ਹ ਬੰਦ ਕਰ ਸਕਦੀ ਸੀ, ਕਿਸੇ ਵੀ ਇਲਾਕੇ ਵਿੱਚੋਂ ਦੇਸ਼ ਨਿਕਾਲਾ ਦੇ ਸਕਦੀ ਸੀ ਜਾਂ ਕਿਸੇ ਵੀ ਥਾਂ ਨਜ਼ਰਬੰਦ ਕਰ ਸਕਦੀ ਸੀ,ਜਦ ਕਿ ਉਸ ਸਮੇਂ ‘ਪਹਿਲਾਂ ਹਿੰਦ ਆਉਣ ਵਾਲੇ ਕਾਨੂੰਨ’ ਅਨੁਸਾਰ ਕੇਵਲ ਬਾਹਰੋਂ ਆਉਣ ਵਾਲਿਆਂ ਨੂੰ ਹੀ ਫੜ੍ਹਿਆ ਤੇ ਬੰਦ ਕੀਤਾ ਜਾ ਸਕਦਾ ਸੀ।

ਗ਼ਦਰੀ ਮੁਕੱਦਮਿਆਂ ਲਈ ਵਿਸ਼ੇਸ਼ ਅਦਾਲਤਾਂ (ਟ੍ਰਿਬਿਊਨਲ) ਸਥਾਪਤ ਕਰਨ ਦਾ ਅਧਿਕਾਰ ਸਰਕਾਰ ਨੂੰ ਦਿੱਤਾ ਗਿਆ ਜੋ ਕਿ ਮੌਤ ਤੀਕ ਦੀ ਸਜ਼ਾ ਦੇ ਸਕਦੀਆਂ ਸਨ। ਉਸ ਸਮੇਂ ਪਹਿਲਾਂ ਮੈਜਿਸਟਰੇਟਾਂ ਅੱਗੇ ਕੱਚਾ ਮੁਕੱਦਮਾ ਦਾਇਰ ਹੋਣ ਤੇ ਉਸ ਪਿੱਛੋਂ ਅਪੀਲਾਂ ਕਰਨ ਦੀ ਰਿਆਇਤ ਗ਼ਦਰੀਆਂ ਪਾਸੋਂ ਖੋਹ ਲਈ ਗਈ। ਇਸ ਤਰ੍ਹਾਂ ਗਵਰਨਰ ਓਡਵਾਇਰ ਨੂੰ ਗ਼ਦਰੀਆਂ ਦੇ ਖੂਨ ਨਾਲ ਨਹਾਉਣ ਦੇ ਪੂਰੇ ਅਧਿਕਾਰ ਦੇ ਦਿੱਤੇ ਗਏ, ਜਿਸ ਲਈ ਉਹ ਤਰਲੋਮੱਛੀ ਹੋ ਰਿਹਾ ਸੀ।

ਇਸ ਕਾਨੂੰਨ ਦੀ ਅਖ਼ਬਾਰਾਂ ਵਿਚ ਬੜੀ ਵਿਰੋਧਤਾ ਹੋਈ। ਵਾਇਸਰਾਇ ਦੀ ਵਿਧਾਨ ਕੌਂਸਲ ਦੇ ਮੈਂਬਰਾਂ ਨੇ ਸਖ਼ਤ ਧਾਰਾਵਾਂ ਵਿਰੁੱਧ ਇਤਰਾਜ਼ ਕੀਤਾ ਤੇ ਇਹ ਮੰਗ ਰੱਖੀ ਕਿ ਅਪੀਲ ਕਰਨ ਦੀ ਸੁਵਿਧਾ ਹੋਣੀ ਚਾਹੀਦੀ ਹੈ। ਪਰ ਇਸ ਬਾਰੇ ਬਹੁ-ਸੰਮਤੀ ਨਾ ਬਣ ਸਕੀ।

ਡੀਫ਼ੈਂਸ ਆਫ਼ ਇੰਡੀਆ ਰੂਲਜ਼ (ਭਾਰਤ ਦੀ ਸੁਰੱਖਿਆ ਕਾਨੂੰਨ) ਅਧੀਨ ਇਕ ਵਿਸ਼ੇਸ਼ ਟ੍ਰਿਬਿਊਨਲ ਬਣਾਇਆ ਗਿਆ। ਮੇਜਰ ਏ ਏ ਇਰਵਿਨ ਇਸ ਦੇ ਪ੍ਰਧਾਨ ਸਨ। ਰਾਇ ਬਹਾਦਰ ਪੰਡਿਤ ਸ਼ਿਵ ਨਰਾਇਣ ਤੇ ਟੀ. ਪੀ. ਐਲਿਸ ਇਸ ਦੇ ਮੈਂਬਰ ਸਨ।ਆਪਣੀ ਕਾਰਵਾਈ ਨੂੰ ਲੋਕਾਂ ਤੋਂ ਛੁਪਾਉਣ ਲਈ ਇਹ ਵਿਸ਼ੇਸ਼ ਅਦਾਲਤ ਲਾਹੌਰ ਸੈਂਟਰਲ ਜੇਲ੍ਹ ਅੰਦਰ ਹੀ ਬੈਠਦੀ ਸੀ। ਅਖ਼ਬਾਰਾਂ ਨੂੰ ਇਸ ਦੀ ਕਾਰਵਾਈ ਸੁਣਨ ਤੇ ਨੋਟ ਕਰਨ ਦੀ ਮਨਾਹੀ ਸੀ। ਅਖ਼ਬਾਰਾਂ ਲਈ ਮਾੜੀ ਮੋਟੀ ਕਹਾਣੀ ਬਣਾ ਕੇ ਪੁਲਿਸ ਹੀ ਜਾਰੀ ਕਰਦੀ ਸੀ।

- Advertisement -

ਇਸ ਅਦਾਲਤ ਵਿਚ ਸੀ. ਆਈ. ਡੀ. ਦੇੇ ਸੁਪਰਡੈਂਟ ਹੇਅਰ ਸਕਾਟ ਨੇ 81 ਮੁਲਜ਼ਮਾਂ ਵਿਰੁੱਧ ਸ਼ਕਾਇਤ ਪੇਸ਼ ਕੀਤੀ ਤੇ ਗੁਆਹੀਆਂ ਪੇਸ਼ ਕੀਤੀਆਂ। ਇਨ੍ਹਾਂ ਉਪਰ ਬਾਦਸ਼ਾਹ ਦੇ ਵਿਰੁੱਧ ਬਗ਼ਾਵਤ ਕਰਨ ਦਾ ਦੋਸ਼ ਲਾਇਆ ਗਿਆ। ਪੁਲਿਸ ਨੇ ਝੂਠੇ ਗੁਆਹ ਪੇਸ਼ ਕੀਤੇ ਤੇ ਉਨ੍ਹਾਂ ਨੂੰ ਜੋ ਕਹਿਣ ਲਈ ਕਿਹਾ ਗਿਆ, ਉਨ੍ਹਾਂ ਨੇ ਉਹੋ ਹੀ ਕਿਹਾ। ਕਈ ਗੁਆਹ ਗ਼ਦਰੀਆਂ ਨੂੰ ਪਛਾਣ ਨਾ ਸਕੇ ਕਿਉਂਕਿ ਉਨ੍ਹਾਂ ਨੁੇ ਆਪਣੀਆਂ ਪੱਗੜੀਆਂ ਜਾਂ ਨਿਸ਼ਾਨੀਆਂ ਲੁਕਾ ਲਈਆਂ ਸਨ। ਇਕ ਗਵਾਹ ਪਛਾਣ ਨਾ ਸਕਿਆ ਤਾਂ ਜਦ ਜੱਜ ਨੇ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਪੱਗਾਂ ਉਲਟਾ ਕੇ ਬੱਧੀਆਂ ਹੋਈਆਂ ਹਨ, ਇਸ ਲਈ ਪਛਾਣ ਨਹੀਂ ਹੁੰਦੀ। ਇਸ ’ਤੇ ਭਾਈ ਜਵਾਲਾ ਸਿੰਘ ਠੱਠੀਆਂ ਮੀਤ ਪ੍ਰਧਾਨ ਗ਼ਦਰ ਪਾਰਟੀ ਨੇ ਕਿਹਾ ਕਿ ਪੱਗਾਂ ਹੀ ਬਦਲੀਆਂ ਹਨ, ਮੂੰਹ ਤਾਂ ਨਹੀਂ ਬਦਲੇ ਹੋਏ। ਜੱਜ ਲੋਹੇ ਲਾਖੇ ਹੋ ਗਏ। ਇਸੇ ਗੱਲ ਉਤੇ ਭਾਈ ਜਵਾਲਾ ਸਿੰਘ ਨੂੰ ਤੀਹ ਬੈਂਤ ਮਾਰਨ ਦੀ ਸਜ਼ਾ ਦੇ ਦਿੱਤੀ ਤੇ ਉਨ੍ਹਾਂ ਨੂੰ 30 ਬੈਂਤ ਮਾਰੇ ਗਏ।

ਭਾਈ ਹਰੀ ਸਿੰਘ ਦੇ ਮੱਥੇ ਉਤੇ ਰਸੌਲੀ ਸੀ, ਜਿਸ ਨੂੰ ਉਸ ਨੇ ਮੱਥੇ ਉੱਤੇ ਪੱਗ ਅਗਾਂਹ ਕਰਕੇ ਲੁਕਾਇਆ ਹੋਇਆ ਸੀ। ਗਵਾਹ ਸਾਰੇ ਦੋਸ਼ੀਆਂ ਵਿਚੋਂ ਉਸ ਨੂੰ ਪਛਾਣ ਨਾ ਸਕਿਆ। ਜੱਜ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਮੱਥੇ ਉਤੇ ਰਸੌਲੀ ਹੈ, ਪੱਗਾਂ ਲੁਹਾ ਕੇ ਵਿਖਾਉ ਤਾਂ ਪਤਾ ਲਗੇਗਾ। ਇਸ ਉਤੇ ਜੱਜਾਂ ਨੇ ਪੱਗਾਂ ਲੁਹਾ ਦਿੱਤੀਆਂ ਤੇ ਉਨ੍ਹਾਂ ਦੀ ਸ਼ਨਾਖਤ ਹੋ ਗਈ।

ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ ਫ਼ੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ। ਇਨ੍ਹਾਂ ਵਿਚੋਂ 24 ਨੂੰ ਮੌਤ ਦੀ ਸਜ਼ਾ, 27 ਨੂੰ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜਬਤੀ ਦੀ ਸਜ਼ਾ ਸੁਣਾਈ ਗਈ। ਕੁਝ ਕੁ ਨੂੰ ਇਸ ਤੋਂ ਘੱਟ ਸਜ਼ਾਵਾਂ ਸੁਣਾਈਆਂ ਗਈਆਂ। ਇਨ੍ਹਾਂ ਵਿਚੋਂ ਭਾਈ ਸੋਹਣ ਸਿੰਘ ਭਕਨਾ ਪ੍ਰਧਾਨ ਗ਼ਦਰ ਪਾਰਟੀ ਤੇ ਭਾਈ ਕੇਸਰ ਸਿੰਘ ਠੱਠਗੜ੍ਹ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ ਭਾਈ ਊਧਮ ਸਿੰਘ ਕਸੇਲ, ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਸ਼ੇਰ ਸਿੰਘ ਵੇਈਂ ਪੋਈਂ ਤੇ ਭਾਈ ਮੰਗਲ ਸਿੰਘ ਲਾਲਪੁਰ ਢੋਟੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਇਨ੍ਹਾਂ ਦੀ ਭਾਰਤ ਦੀ ਧਰਤੀ ਉਪਰ ਕੋਈ, ਜੁਰਮ ਨਹੀਂ ਸੀ ਕਿਉਂਕਿ ਇਨ੍ਹਾਂ ਨੂੰ ਆਉਂਦਿਆਂ ਹੀ ਜਹਾਜ਼ੋਂ ਫੜ੍ਹ ਕੇ ਮਿੰਟਗੁਮਰੀ ਜੇਲ੍ਹ ਵਿਚ ਡਕ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ 11 ਗ਼ਦਰੀ ਅਜਿਹੇ ਸਨ ਜਿੰਨ੍ਹਾਂ ਨੇ ਉਨ੍ਹਾਂ ਘਟਨਾਵਾਂ ਵਿਚ ਭਾਗ ਨਹੀਂ ਸੀ ਲਿਆ, ਜਿਸ ਦੀ ਸਜ਼ਾ ਮੌਤ ਹੁੰਦੀ ਸੀ।

ਇਨ੍ਹਾਂ ਗ਼ਦਰੀਆਂ ਨੂੰ ਰਹਿਮ ਦੀਆਂ ਅਪੀਲਾਂ ਕਰਨ ਨੂੰ ਕਿਹਾ ਗਿਆ ਪਰ ਕਿਸੇ ਨੇ ਰਹਿਮ ਮੰਗਣਾ ਠੀਕ ਨਾ ਸਮਝਿਆ। ਇਸ ਫ਼ੈਸਲੇ ਵਿਰੁੱਧ ਦੇਸ਼ ਵਿਚ ਕ੍ਰੋਧ ਦੀ ਲਹਿਰ ਦੌੜ ਗਈ। ਜਨਤਕ ਬੇਚੈਨੀ ’ਤੇ ਲਾਰਡ ਹਾਰਡਿੰਗ ਪਿੱਟ ਉੱਠਿਆ। ਜਦ ਉਸ ਨੂੰ ਇਹ ਪਤਾ ਲੱਗਾ ਕਿ ਕਲਕੱਤੇ ਦੇ ਵਕੀਲ ਇਸ ਫ਼ੈਸਲੇ ਦੀਆਂ ਕਮਜ਼ੋਰੀਆਂ ਜਾਣ ਗਏ ਹਨ ਤੇ ਉਹ ਉਡੀਕਦੇ ਹਨ ਕਿ ਰਹਿਮ ਦੀਆਂ ਦਰਖਾਸਤਾਂ ਦਾ ਸਮਾਂ ਲੰਘ ਜਾਵੇ ਤਾਂ ਉਹ ਵਿਸ਼ੇਸ਼ ਅਦਾਲਤਾਂ ਵਾਲੇ ਡੀਫ਼ੈਂਸ ਆਫ਼ ਇੰਡੀਆ ਰੂਲਜ ਦੇ ਵਿਰੋਧ ਵਿਚ ਐਜੀਟੇਸ਼ਨ ਸ਼ੁਰੂ ਕਰਨ ਤਾਂ ਉਸ ਨੇ ਆਪ ਲਾਹੌਰ ਆ ਕੇ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਸਾਫ਼ ਕਹਿ ਦਿੱਤਾ ਕਿ ਉਹ 6 ਜਣਿਆਂ ਨੂੰ ਛੱਡ ਕੇ ਜਿਨ੍ਹਾਂ ਨੇ ਖੁਦ ਕਤਲਾਂ ਤੇ ਡਾਕਿਆਂ ਵਿਚ ਹਿੱਸਾ ਲਿਆ ਹੈ, ਬਾਕੀਆਂ ਦੀ ਕੁਰਬਾਨੀ ਦੀ ਆਗਿਆ ਨਹੀਂ ਦੇ ਸਕਦਾ। ਅਪੀਲਾਂ ਦੀ ਇਸ ਕਾਨੂੰਨ ਵਿਚ ਕੋਈ ਵਿਵਸਥਾ ਨਹੀਂ ਸੀ। ਵਾਇਸਰਾਇ ਨੇ 17 ਗ਼ਦਰੀਆਂ ਦੀਆਂ ਮੌਤਾਂ ਦੀਆਂ ਸਜ਼ਾਵਾਂ ਤੋੜ ਕੇ ਉਮਰ ਕੈਦਾਂ ਕਰ ਦਿੱਤੀਆਂ ਤੇ 7 ਉਮਰ ਕੈਦੀਆਂ ਦੀਆਂ ਸਜ਼ਾਵਾਂ ਘਟਾ ਦਿੱਤੀਆਂ।

ਇਨ੍ਹਾਂ ਗ਼ਦਰੀਆਂ ਨੂੰ ਦੇਸ਼ ਤੋਂ ਕੁਰਬਾਨ ਹੋਣ ਦਾ ਕਿੰਨਾ ਚਾਅ ਸੀ, ਇਸ ਦਾ ਪਤਾ ਮੁਕੱਦਮੇ ਦੌਰਾਨ ਹੀ ਲਗ ਗਿਆ ਸੀ। ਉਨ੍ਹਾਂ ਨੂੰ ਆਪਣੀਆਂ ਸਜ਼ਾਵਾਂ ਦਾ ਜ਼ਰਾ ਜਿੰਨਾ ਵੀ ਡਰ ਨਹੀਂ ਸੀ। ਲਾਹੌਰ ਜੇਲ੍ਹ ਵਿਚ ਅਨਾਰਕਲੀ ਬਜ਼ਾਰ ਵਿਚ 2 ਪੁਲਸ ਅਫ਼ਸਰਾਂ ਨੂੰ ਮਾਰਨ ਦੇ ਦੋਸ਼ ਵਿਚ ਭਾਈ ਅਰਜਨ ਸਿੰਘ ਖੁਖਰਾਣਾ ਨੂੰ, ਸਭ ਤੋਂ ਪਹਿਲਾਂ ਫ਼ਾਂਸੀ ਲੱਗਣ ਦਾ ਫ਼ਖ਼ਰ ਹਾਸਲ ਹੈ, ਨੂੰ ਜਦ ਫ਼ਾਂਸੀ ਲਈ ਲੈ ਜਾ ਰਹੇ ਸਨ ਤਾਂ ਉਹ ਉੱਚੀ ਉੱਚੀ ‘ਗ਼ਦਰ ਗੂੰਜ’ ਦੀਆਂ ਕਵਿਤਾਵਾਂ ਪੜ੍ਹਦੇ ਜਾ ਰਹੇ ਸਨ। ਭਾਈ ਕਰਤਾਰ ਸਿੰਘ ਸਰਾਭਾ ਨੂੰ ਜੱਜਾਂ ਨੇ ਕਿਹਾ ਕਿ ਉਹ ਅਜੇ ਬੱਚਾ ਹੈ ਤੇ ਇਕਬਾਲ ਨਾ ਕਰੇ ਤਾਂ ਸਰਾਭਾ ਨੇ ਜੱਜਾਂ ਨੂੰ ਉਤਰ ਦਿੱਤਾ ,“ਮੈਂ ਇਸ ਦੁਸ਼ਟ ਬੇਗਾਨੀ ਹਕੂਮਤ ਨੂੰ ਉਲਟਾਉਣ ਲਈ ਕੀਤੇ ਹੋਏ ਕਾਰਨਾਮੇ ਲੁਕਾਅ ਕੇ ਆਪਣੀ ਚਮੜੀ ਨਹੀਂ ਬਚਾਉਣਾ ਚਾਹੁੰਦਾ।” ਜੱਜਾਂ ਨੇ ਉਸ ਨੂੰ ਸੋਚਣ ਦਾ ਮੌਕਾ ਦੇਣ ਲਈ ਫ਼ੈਸਲਾ ਸੁਨਾਉਣਾ ਇਕ ਦਿਨ ਅੱਗੇ ਪਾ ਦਿੱਤਾ ਪਰ ਉਨ੍ਹਾਂ ਨੇ ਅਗਲੇ ਦਿਨ ਵੀ ਇਹੀ ਬਿਆਨ ਦਿੱਤਾ।ਜਦ 13 ਸਤੰਬਰ 1915 ਨੂੰ ਸਜ਼ਾਵਾਂ ਸੁਣਾਈਆਂ ਗਈਆਂ ਤੇ 24 ਗ਼ਦਰੀਆਂ ਨੂੰ ਫਾਂਸੀ ਦੇ ਕੇ ਮਾਰਨ ਦੀ ਸਜ਼ਾ ਦਿੱਤੀ ਗਈ ਤਾਂ ਸਾਰਿਆਂ ਨੇ ਜੱਜਾਂ ਦਾ ਸ਼ੁਕਰੀਆਂ ਅਦਾ ਕੀਤਾ। ਭਾਈ ਨਿਧਾਨ ਚੁੱਘਾ ਨੇ ਆਖਿਆ, “ਬਸ? ਐਨਾ ਹੀ ਜ਼ੋਰ ਸੀ?” ਭਾਈ ਜਵਾਲਾ ਸਿੰਘ ਨੂੰ ਉਮਰ ਕੈਦ ਹੋਈ ਸੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ?ਜਦ 24 ਫਾਂਸੀ ਵਾਲਿਆਂ ਨੂੰ ਫਾਂਸੀ ਦੇ ਕੇ ਮਾਰਨ ਲਈ ਤਿਆਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਲਾੜ੍ਹਿਆਂ ਵਾਂਗ ਚਾਅ ਚੜ੍ਹੇ ਹੋਏ ਸਨ। ਉਨ੍ਹਾਂ ਦੇ ਘਰ ਵਾਲਿਆਂ ਦੀਆਂ ਆਖ਼ਰੀ ਮੁਲਾਕਾਤਾਂ ਕਰਵਾ ਦਿੱਤੀਆਂ ਗਈਆਂ। ਉਨ੍ਹਾਂ ਨੇ ਫਾਂਸੀ ਤੋਂ ਪਹਿਲਾਂ ਵਾਲੀ ਸਾਰੀ ਰਾਤ ‘ਗ਼ਦਰ ਦੀ ਗੂੰਜ’ ਦੀਆਂ ਕਵਿਤਾਵਾਂ ਪੜ੍ਹਦਿਆਂ ਤੇ ਗਾਉਂਦਿਆਂ ਲੰਘਾਈ। ਸਵੇਰਾ ਹੋਇਆ ਤਾਂ ਜੇਲ੍ਹ ਦੇ ਹਾਕਮਾਂ ਨੇ ਆ ਕੇ ਕਿਹਾ “ਫਾਂਸੀਆਂ ਮੁਲਤਵੀ ਹੋ ਗਈਆਂ ਹਨ।” ਸਿਰਲੱਥੇ ਇਨ੍ਹਾਂ ਗ਼ਦਰੀਆਂ ਦੇ ਚਾਅ ਮਾਰੇ ਗਏ। ਦਿਨ ਨੂੰ 17 ਗ਼ਦਰੀਆਂ ਦੀਆਂ ਸਜ਼ਾਵਾਂ ਉਮਰ ਕੈਦ ਵਿਚ ਬਦਲ ਜਾਣ ਦਾ ਹੁਕਮ ਸੁਣਾਇਆ ਗਿਆ।

ਜਿਨ੍ਹਾਂ ਗ਼ਦਰੀ ਯੋਧਿਆਂ ਨੂੰ 16 ਨਵੰਬਰ 1915 ਈ. ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਸ਼ਹੀਦ ਕੀਤਾ ਗਿਆ, ਉਹ ਸਨ (1) ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ (2) ਭਾਈ ਕਰਤਾਰ ਸਿੰਘ ਸਰਾਭਾ (3) ਭਾਈ ਜਗਤ ਸਿੰਘ ਸੁਰ ਸਿੰਘ (4) ਭਾਈ ਹਰਨਾਮ ਸਿੰਘ ਸਿਆਲਕੋਟ (5) ਭਾਈ ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ) (6) ਭਾਈ ਸੁਰਜਨ ਸਿੰਘ ਗਿੱਲਵਾਲੀ -1ਅਤੇ (7) ਭਾਈ ਸੁਰਜਨ ਸਿੰਘ ਗਿੱਲਵਾਲੀ-2 ਭਾਵ ਕਿ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਦੇ ਇਕੋ ਨਾਂ ਦੇ ਦੋ ਸ਼ਹੀਦ ਸਨ। ਇਨ੍ਹਾਂ ਵਿਚੋਂ ਪਿੰਗਲੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਸ ਨੇ ਕੋਈ ਐਸੀ ਕਾਰਵਾਈ ਨਹੀਂ ਸੀ ਕੀਤੀ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਂਦੀ। ਉਸ ਨੇ ਨਾ ਕੋਈ ਡਾਕਾ ਮਾਰਿਆ ਸੀ ਤੇ ਨਾ ਹੀ ਕੋਈ ਕਤਲ ਕੀਤਾ ਸੀ। ਉਹ ਪੰਜਾਬੀਆਂ ਅਤੇ ਬੰਗਾਲੀਆਂ ਵਿਚਕਾਰ ਰਾਬਤੇ ਦੀ ਕੜੀ ਬਣਿਆ ਸੀ।

ਕਾਮਰੇਡ ਸੋਹਨ ਸਿੰਘ ਜੋਸ਼ ਨੇ ਆਪਣੀ ਪੁਸਤਕ ‘ਹਿੰਦੁਸਤਾਨ ਗ਼ਦਰ ਪਾਰਟੀ ਦਾ ਸੰਖੇਪ’ ਇਤਿਹਾਸ ਵਿਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਬਾਰੇ ਕੁਝ ਵਿਸ਼ੇਸ਼ ਪੱਖ ਪੇਸ਼ ਕੀਤੇ ਹਨ। ਉਨ੍ਹਾਂ ਅਨੁਸਾਰ ਜੱਜਾਂ ਨੇ ਭਾਰਤ ਦੀ ਥਾਂ ’ਤੇ ਅਮਰੀਕਾ ਨੂੰ ਸਾਜ਼ਿਸ਼ ਦਾ ਕੇਂਦਰ ਚੁਣਿਆ। ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਉਨ੍ਹਾਂ ਨੇ 8 ਗ਼ਦਾਰਾਂ ਨਵਾਬ ਖਾਨ, ਮੂਲਾ ਸਿੰਘ, ਉਮਰਾਉ ਸਿੰਘ, ਸੁੱਚਾ ਸਿੰਘ ਜੋ ਕਿ ਇਕ ਵਿਦਿਆਰਥੀ ਸੀ, ਜਵਾਲਾ ਸਿੰਘ, ਅਮਰ ਸਿੰਘ, ਊਧਮ ਸਿੰਘ ਅਤੇ ਨਿਰੰਜਣ ਸਿੰਘ ਦੇ ਕਿਰਦਾਰਾਂ ਬਾਰੇ ਵੀ ਇਸ ਮੁਕੱਦਮੇ ਵਿਚ ਅਦਾ ਕੀਤੇ ਰੋਲ ਬਾਰੇ ਵੀ ਲਿਖਿਆ ਹੈ। ਜੱਜਾਂ ਦੇ ਗ਼ੈਰ ਵਿਗਿਆਨਕ ਰਵੱਈਏ ਬਾਰੇ ਵੀ ਜ਼ੋਸ਼ ਹੁਰਾਂ ਬੜੇ ਵਿਸਥਾਰ ਨਾਲ ਲਿਖਿਆ, ਜੋ ਕਿ ਲੇਖ ਦੀਆਂ ਸੀਮਾਵਾਂ ਕਰਕੇ ਇਥੇ ਵਰਨਣ ਨਹੀਂ ਕੀਤਾ ਜਾ ਰਿਹਾ।ਜਿਹੜੇ ਦੇਸ਼ ਭਗਤ ਮੌਤ ਦੀ ਸਜ਼ਾ ਤੋਂ ਬਚ ਗਏ,ਉਨ੍ਹਾਂ ਨੇ ਸਾਰੀ ਉਮਰ ਗ਼ਦਰ ਪਾਰਟੀ ਦੀ ਵਿਚਾਰਧਾਰਾ ‘ਤੇ ਪਹਿਰਾ ਦਿੱਤਾ ਤੇ ਸਾਰੀ ਜ਼ਿੰਦਗੀ ਦਬੇ ਕੁਚਲੇ ਲੋਕਾਂ ਦੀ ਭਲਾਈ ਲਈ ਲਾ ਦਿੱਤੀ।ਇਹ ਲਹਿਰ ਭਾਵੇਂ ਅੰਗਰੇਜੀ ਹਕੂਮਤ ਦਾ ਤਖ਼ਤਾ ਪਲਟ ਨਾ ਸਕੀ, ਪਰ ਇਸ ਨੇ ਆਉਣ ਵਾਲੇ ਸਮੇਂ ਇਨਕਲਾਬੀ ਲਹਿਰਾਂ ਨੂੰ ਜਨਮ ਦਿੱਤਾ ਤੇ ਆਜ਼ਾਦੀ ਲਈ ਨੌ ਜੁਆਨ ਪੀੜੀ ਅੰਦਰ ਤੜਪ ਪੈਦਾ ਕੀਤੀ।

ਭਾਰਤੀਆਂ ਨੂੰ ਉਹ ਆਜ਼ਾਦੀ ਨਹੀਂ ਮਿਲੀ, ਜਿਨ੍ਹਾਂ ਲਈ ਇਨ੍ਹਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਕੀਤੀਆਂ ਸਨ। ਭਾਰਤ ਵਿਚ ਅੰਗਰੇਜ਼ੀ ਹਕੂਮਤ ਵਾਲੇ ਕਾਲੇ ਕਾਨੂੰਨਾਂ ਤੋਂ ਵੀ ਮਾੜੇ ਕਾਲੇ ਕਾਨੂੰਨ ਚਲ ਰਹੇ ਹਨ ਤੇ ਲੋਕਾਂ ਦੀ ਆਵਾਜ਼ ਨੂੰ ਬੰਦੂਕ ਦੀ ਨੋਕ ‘ਤੇ ਦਬਾਇਆ ਜਾ ਰਿਹਾ ਹੈ। ਜਿੰਨੀ ਦੇਰ ਤੀਕ ਭਾਰਤੀ ਪ੍ਰਣਾਲੀ ਨੂੰ ਬਦਲ ਕੇ ਐਸੀ ਵਿਵਸਥਾ ਕਾਇਮ ਨਹੀਂ ਕੀਤੀ ਜਾਂਦੀ ਜਿਸ ਲਈ ਇਨ੍ਹਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ, ਓਨੀ ਦੇਰ ਤੀਕ ਆਮ ਆਦਮੀ ਦੀ ਭਲਾਈ ਨਹੀਂ ਹੋ ਸਕਦੀ।ਸਾਮਰਾਜੀ ਅਰਥ ਵਿਵਸਥਾ ਨੂੰ ਢਹਿ ਢੇਰੀ ਕਰਨਾ ਹੀ ਇਨ੍ਹਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸੰਪਰਕ :91 9417533060

Share this Article
Leave a comment