26 ਜਨਵਰੀ ਨੂੰ ਮੁੜ ਕਿਸਾਨ ਟਰੈਕਟਰ ਮਾਰਚ

Prabhjot Kaur
4 Min Read

ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ

ਗਣਤੰਤਰ ਦਿਵਸ ਦੇਸ਼ ਦੇ ਲਈ ਵੱਡਾ ਸਮਾਰੋਹ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ 26 ਜਨਵਰੀ ਦੇ ਮੌਕੇ ’ਤੇ ਦੇਸ਼ ਦੇ ਕਿਸਾਨਾਂ ਨੂੰ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਅੰਦਰ ਟਰੈਕਟਰ ਮਾਰਚ ਕਰਨ ਦਾ ਸੱਦਾ ਦੇਣ ਦੀ ਨੌਬਤ ਕਿਉਂ ਆਈ? ਕਿਸਾਨ ਜਥੇਬੰਦੀਆਂ ਭਲਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕਰ ਰਹੀਆਂ ਹਨ। ਅਜਿਹੇ ਮਾਰਚ ਕਿਸਾਨਾਂ ਵੱਲੋਂ ਹਰਿਆਣਾ, ਯੂਪੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਵਿੱਚ ਵੀ ਕੀਤੇ ਜਾ ਰਹੇ ਹਨ। ਦੇਸ਼ ਦੇ ਲੋਕਾਂ ਨੂੰ ਉਹ ਦਿਨ ਵੀ ਚੇਤੇ ਹੈ ਜਦੋਂ 26 ਜਨਵਰੀ ਨੂੰ ਦਿੱਲੀ ਅੰਦਰ ਟਰੈਕਟਰ ਮਾਰਚ ਕੀਤਾ ਗਿਆ ਸੀ ਤਾਂ ਕਈ ਤਰ੍ਹਾਂ ਦੇ ਵਿਵਾਦ ਕਿਸਾਨ ਅੰਦੋਲਨ ਬਾਰੇ ਗਿਣਮਿਥੇ ਢੰਗ ਨਾਲ ਚਲਾਏ ਗਏ ਸਨ। ਕਿਸਾਨਾਂ ਨੂੰ ਦੇਸ਼ ਵਿਰੋਧੀ ਅਤੇ ਹੋਰ ਕਈ ਤਰ੍ਹਾਂ ਦੇ ਦੋਸ਼ਾਂ ਨਾਲ ਨਿਸ਼ਾਨੇ ’ਤੇ ਲਿਆ ਗਿਆ ਸੀ। ਹੁਣ ਭਲਕੇ ਮੁੜ ਟਰੈਕਟਰ ਮਾਰਚ ਹੋ ਰਹੇ ਹਨ ਪਰ ਇਹ ਦਿੱਲੀ ਦੀਆਂ ਬਰੂਹਾਂ ’ਤੇ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨਗੇ।

ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਅਦਾਲਤ ਵੱਲੋਂ ਅੱਜ ਜ਼ਮਾਨਤ ਕੀਤੇ ਜਾਣ ਉੱਪਰ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਾਰੀ ਸਥਿਤੀ ਅਦਾਲਤ ਦਾ ਫੈਸਲਾ ਲਿਖਤੀ ਤੌਰ ’ਤੇ ਸਾਹਮਣੇ ਆਉਣ ਨਾਲ ਹੀ ਆਏਗੀ ਪਰ ਇਹ ਗੱਲ ਸਪਸ਼ਟ ਹੈ ਕਿ ਯੂਪੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ। ਜਿਸ ਕਰਕੇ ਇਸ ਮਾਮਲੇ ਵਿੱਚ ਦੋਸ਼ੀ ਮਿਸ਼ਰਾ ਨੂੰ ਜ਼ਮਾਨਤ ’ਤੇ ਆਉਣ ਦਾ ਮੌਕਾ ਮਿਲ ਗਿਆ। ਕਿਸਾਨਾਂ ਵੱਲੋਂ ਮਿਸ਼ਰਾ ਦੀ ਜ਼ਮਾਨਤ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਬੇਸ਼ੱਕ ਭਾਜਪਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਦਾਲਤੀ ਮਾਮਲੇ ‘ਚ ਉਹ ਕੋਈ ਟਿੱਪਣੀ ਨਹੀਂ ਕਰਨਗੇ ਪਰ ਪੰਜਾਬ ਅੰਦਰ ਭਾਜਪਾ ਨੂੰ ਇਸ ਮੁੱਦੇ ਉਪਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਕਿਸਾਨਾਂ ਦਾ ਦੂਜਾ ਵੱਡਾ ਮੁੱਦਾ ਫਸਲਾਂ ਦੀ ਘੱਟੋ-ਘੱਟ ਸਹਾਇਕ ਕੀਮਤ ਤੈਅ ਕਰਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਐਮ.ਐਸ.ਪੀ ਦੇ ਮੁੱਦੇ ਉੱਪਰ ਕੇਂਦਰ ਸਰਕਾਰ ਨੇ ਜਿਹੜੀ ਕਮੇਟੀ ਬਣਾਈ ਹੈ ਉਸ ਵਿੱਚ ਸਰਕਾਰ ਦੇ ਹਮਾਇਤੀਆਂ ਦਾ ਬੋਲਬਾਲਾ ਹੈ। ਇਸ ਲਈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਨੇ ਇਸ ਮਾਮਲੇ ਵਿੱਚ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਅੰਦੋਲਨ ਅਤੇ ਲਖੀਮਪੁਰ ਖੀਰੀ ਨਾਲ ਸਬੰਧਤ ਮਾਮਲੇ ਵਿੱਚ ਕਿਸਾਨਾਂ ਉਪਰ ਬਣੇ ਕੇਸ ਵੀ ਕਿਸਾਨ ਜਥੇਬੰਦੀਆਂ ਵੱਲੋਂ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਕੇਸਾਂ ਕਰਕੇ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ਼ ਲੈਣ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਮੋਰਚੇ ਦੀ ਹਮਾਇਤ ਕੀਤੀ ਹੈ। ਕਿਸਾਨ ਜਥੇਬੰਦੀਆਂ ਭਲਕੇ ਜਦੋਂ ਟਰੈਕਟਰ ਮਾਰਚ ਕਰਨਗੀਆਂ ਤਾਂ ਆਪਣੀਆਂ ਮੰਗਾਂ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਵੱਲੋਂ ਉਠਾਏ ਗਏ ਮੁੱਦਿਆਂ ਲਈ ਵੀ ਆਵਾਜ਼ ਬੁਲੰਦ ਕਰਨਗੀਆਂ।

- Advertisement -

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੂੰ ਭਲਕੇ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਥੇ ਕੇਂਦਰ ਸਰਕਾਰ ਨੇ ਕਿਸਾਨੀ ਮਾਮਲਿਆਂ ਵਿਚ ਧੱਕਾ ਕੀਤਾ ਹੈ ਉਥੇ ਮਾਨ ਸਰਕਾਰ ਵੱਲੋਂ ਅੱਜ ਤੱਕ ਕਿਸਾਨੀ ਮੁੱਦਿਆਂ ਉੱਪਰ ਕੋਈ ਵੀ ਠੋਸ ਫੈਸਲਾ ਨਹੀਂ ਲਿਆ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਖੇਤੀ ਨੀਤੀ ਹੀ ਨਹੀਂ ਬਣਾਈ ਤਾਂ ਇਸ ਮਾਮਲੇ ਵਿਚ ਦੂਜੀਆਂ ਸਰਕਾਰਾਂ ਨਾਲੋਂ ਆਪਣੇ-ਆਪ ਨੂੰ ਬੇਹਤਰ ਕਿਸ ਤਰ੍ਹਾਂ ਆਖ ਰਹੀ ਹੈ। ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਕੇ ਜਿਥੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉਥੇ ਕੇਂਦਰ ਅਤੇ ਸੂਬਾ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨੀ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਲੱਭਿਆ ਜਾਵੇ ਕਿਉਂ ਜੋ ਖੇਤੀ ਦੇਸ਼ ਦੀ ਆਰਥਿਕਤਾ ਦਾ ਬਹੁਤ ਵੱਡਾ ਧੁਰਾ ਹੈ।

Share this Article
Leave a comment