ਕਰਤਾਰਪੁਰ ਸਾਹਿਬ ਜਾਣ ਲਈ ਲੋੜਵੰਦ ਸ਼ਰਧਾਲੂ ਕਰ ਸਕਣਗੇ ਮੁਫ਼ਤ ਦਰਸ਼ਨ

TeamGlobalPunjab
3 Min Read

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਦਿਨ ਰਾਤ ਤਾਂਘ ਵਧਦੀ ਜਾ ਰਹੀ ਹੈ ਪਰ ਬਹੁਤੇ ਚਾਹਵਾਨਾਂ ਕੋਲ ਮਾਇਆ ਦੀ ਘਾਟ ਅਤੇ ਹੋਰ ਲੋੜੀਂਦੇ ਸਾਧਨ ਨਾ ਹੋਣ ਕਾਰਨ ਉਹ ਉਥੇ ਪਹੁੰਚਣ ਲਈ ਅਸਮਰੱਥ ਹਨ। ਉਹਨਾਂ ਦੀ ਨਾ ਸਰਕਾਰ ਮਦਦ ਕਰਨ ਲਈ ਤਿਆਰ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਪਰ ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਇਕ ਅਜਿਹੀ ਸਖਸ਼ੀਅਤ ਨੇ ਉਹਨਾਂ ਦੀ ਬਾਂਹ ਫੜਨ ਦਾ ਐਲਾਨ ਕਰ ਦਿੱਤਾ ਹੈ ਜੋ ਉਹਨਾਂ ਨੂੰ ਉਸ ਪਵਿੱਤਰ ਅਸਥਾਨ ਦੇ ਮੁਫ਼ਤ ਦਰਸ਼ਨ ਕਰਵਾਉਣਗੇ।
ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸਪੀ ਸਿੰਘ ਓਬਰਾਏ ਨੇ ਦੋ ਪੜਾਵਾਂ ਹੇਠ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ। ਡਾ. ਐੱਸਪੀ ਸਿੰਘ ਓਬਰਾਏ ਦਾ ਕਹਿਣਾ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਅੰਦਰ ਅਥਾਹ ਚਾਅ ਤੇ ਉਤਸ਼ਾਹ ਹੈ ਪਰ ਹਰੇਕ ਸ਼ਰਧਾਲੂ ਇਸ ਦਾ ਖਰਚ ਨਹੀਂ ਕਰ ਸਕਦਾ। ਸੇਵਾ ਦੇ ਪੁੰਜ ਓਬਰਾਏ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ। ਉਹਨਾਂ ਦੱਸਿਆ ਕਿ ਟਰੱਸਟ ਦੇ ਫ਼ੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ 31 ਮਈ 2020 ਤੱਕ 550 ਜਦਕਿ ਦੂਜੇ ਪੜਾਅ ’ਚ 1 ਜੂਨ ਤੋਂ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ’ਤੇ ਦਰਸ਼ਨ ਕਰਵਾਏ ਜਾਣਗੇ। ਇਹਨਾਂ ਸ਼ਰਧਾਲੂਆਂ ਨੂੰ ਮਹੀਨੇ ਦੇ ਦੂਜੇ ਤੇ ਚੌਥੇ ਹਫ਼ਤੇ ਨਿਰਧਾਰਤ ਕੀਤੇ ਜਾਣ ਵਾਲੇ ਦਿਨ 50-50 ਸ਼ਰਧਾਲੂ ਜਥੇ ਦੇ ਰੂਪ ਵਿੱਚ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ ਅਤੇ ਇਸ ਕੰਮ ਲਈ ਇੱਕ ਵਿਸ਼ੇਸ਼ ਫਾਰਮ ਤਿਆਰ ਕੀਤਾ ਗਿਆ ਹੈ ਜੋ ਟਰੱਸਟ ਦੇ ਸਾਰੇ ਜ਼ਿਲ੍ਹਾ ਦਫ਼ਤਰਾਂ ’ਚ ਮਿਲੇਗਾ। ਫ਼ਾਰਮ ’ਚ ਯਾਤਰਾ ਕਰਨ ਵਾਲੇ ਦੀ ਲੋੜੀਂਦੀ ਸਮੁੱਚੀ ਜਾਣਕਾਰੀ ਦਰਜ ਕੀਤੀ ਜਾਵੇਗੀ ਅਤੇ ਟਰੱਸਟ ਵੱਲੋਂ ਇਸ ਕਾਰਜ ਲਈ ਆਪਣੇ ਵਾਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਸ਼ਰਧਾਲੂ ਕੋਲੋਂ ਕੇਵਲ ਜ਼ਰੂਰੀ ਲੋੜੀਂਦੇ ਦਸਤਾਵੇਜ਼ ਹੀ ਲਏ ਜਾਣਗੇ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਨੂੰ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ ਤੋਂ ਇਲਾਵਾ ਆਮਦਨ ਦਾ ਸਵੈ-ਤਸਦੀਕ ਸਰਟੀਫਿਕੇਟ ਵੀ ਦੇਣਾ ਪਵੇਗਾ ਤਾਂ ਜੋ ਲੋੜਵੰਦ ਸ਼ਰਧਾਲੂ ਹੀ ਇਸ ਸੇਵਾ ਦਾ ਲਾਭ ਲੈ ਸਕਣ।
ਡਾ. ਓਬਰਾਏ ਅਨੁਸਾਰ ਚੁਣੇ ਗਏ ਸ਼ਰਧਾਲੂਆਂ ਦੀ ਹੀ ਟਰੱਸਟ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਅਪਲਾਈ ਕੀਤੀ ਜਾਵੇਗੀ। ਟਰੱਸਟ ਦੇ ਮੁਖੀ ਦਾ ਕਹਿਣਾ ਹੈ ਕਿ ਲੋੜਵੰਦ ਸ਼ਰਧਾਲੂਆਂ ਦਾ ਉਨ੍ਹਾਂ ਦੇ ਘਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਲਾਂਘੇ ਤੱਕ ਦਾ ਕਿਰਾਇਆ ਵੀ ਟਰੱਸਟ ਵੱਲੋਂ ਹੀ ਖਰਚਿਆ ਜਾਵੇਗਾ। ਲੋੜਵੰਦ ਸ਼ਰਧਾਲੂਆਂ ਲਈ ਇਹ ਖੁਸ਼ਖ਼ਬਰ ਹੈ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Share this Article
Leave a comment