ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਉਂ ਕਹਿਣਾ ਪਿਆ ਹਿੰਦੂ ਰਾਸ਼ਟਰ ਘੱਟ ਗਿਣਤੀਆਂ ਲਈ ਘਾਤਕ

TeamGlobalPunjab
3 Min Read

ਚੰਡੀਗੜ੍ਹ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸਿੱਖਾਂ ਸਣੇ ਘੱਟ ਗਿਣਤੀ ਭਾਈਚਾਰਿਆਂ ਲਈ ਖ਼ਤਰਾ ਕਰਾਰ ਦਿੱਤਾ ਹੈ। ਅਜਿਹਾ ਕਹਿਣਾ ਭਾਰਤ ਦੇ ਇਹਨਾਂ ਲੋਕਾਂ ਲਈ ਨੁਕਸਾਨਦਾਇਕ ਸਾਬਿਤ ਹੋਵੇਗਾ। ਜਥੇਦਾਰ ਸਾਹਿਬ ਨੇ ਸੰਘ ਮੁਖੀ ਦੇ ਇਸ ਬਿਆਨ ‘ਤੇ ਟਿੱਪਣੀ ਕਰਦਿਆਂ ਇਸ ਬਿਆਨਬਾਜ਼ੀ ਨੂੰ ਘਾਤਕ ਤੇ ਮੰਦਭਾਗਾ ਕਿਹਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਵਰਗੀ ਜਥੇਬੰਦੀ ‘ਤੇ ਤੁਰੰਤ ਪਾਬੰਦੀ ਲਾਉਣੀ ਚਾਹੀਦੀ ਹੈ। ਜਿਸ ਦੇਸ਼ ਵਿਚ ਬਹੁਤ ਸਾਰੀਆਂ ਬੋਲੀਆਂ, ਭਾਸ਼ਾਵਾਂ, ਅਕੀਦੇ ਅਤੇ ਵਿਸ਼ਵਾਸ਼ ਹੋਣ ਉਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨਾ ਸਰਾਸਰ ਗ਼ਲਤ ਹੈ। ਗੱਲ ਇਵੇਂ ਸ਼ੁਰੂ ਹੋਈ ਕਿ ਦਸਹਿਰੇ ਵਾਲੇ ਦਿਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖ ਦਫ਼ਤਰ ਜੋ ਨਾਗਪੁਰ ਵਿਚ ਚੱਲ ਰਿਹਾ ਹੈ, ਵਿਖੇ ਇਕ ਸਮਾਗਮ ਦੌਰਾਨ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ। ਦੇਸ਼ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ। ਇਹ ਗੱਲ ਕਹਿਣ ਲੱਗਿਆਂ ਉਹਨਾਂ ਨੇ ਇਸ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਕਿ ਕੇਂਦਰ ਦੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਸੰਵਿਧਾਨ ਅਨੁਸਾਰ ਚੁਣੀ ਗਈ ਹੈ। ਸੰਵਿਧਾਨ ਦੇ ਤਹਿਤ ਹੀ ਸਾਰਾ ਦੇਸ਼ ਚਲਦਾ ਹੈ।

ਸੰਵਿਧਾਨ ਤਹਿਤ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਲਿੰਗ ਭੇਦ ਅਤੇ ਬਿਰਾਦਰੀਆਂ ਤੋਂ ਉੱਪਰ ਉੱਠ ਕੇ ਅਧਿਕਾਰ ਮਿਲੇ ਹਨ।  ਇਸ ਤੋਂ ਪਹਿਲਾਂ ਅੰਗਰੇਜ਼ ਹਕੂਮਤ ਖਿਲਾਫ ਲੜੇ ਖੂਨੀ ਸੰਘਰਸ਼ ਵਿੱਚ ਹਰ ਧਰਮ, ਜਾਤ ਅਤੇ ਸਭਿਅਚਾਰ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਸੀ। ਅੰਗਰੇਜ਼ਾਂ ਦੀ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਨੇ ਇਸ ਧਰਤੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਿਸਦਾ ਭਾਰਤ ਅਤੇ ਪਾਕਿਸਤਾਨ ਨੂੰ ਅੱਜ ਤਕ ਨੁਕਸਾਨ ਝੱਲਣਾ ਪੈ ਰਿਹਾ ਹੈ। ਜੇ ਹੁਣ ਮੁੜ ਭਾਰਤ ਵਿਚ ਅਜਿਹਾ ਵਾਪਰਦਾ ਹੈ ਤਾਂ ਹਾਲਾਤ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਭਾਰਤ ਦੇ ਇਸ ਸਤਰੰਗੇ ਸਮਾਜ ਨੂੰ ਇਕ ਸੱਭਿਆਚਾਰ ਅਤੇ ਧਰਮ ਨਾਲ ਜੋੜਨ ਦੇ  ਯਤਨ ਇਸ ਦੀ ਮਹਾਨਤਾ ਨੂੰ ਛੋਟਾ ਕਰਨ ਦੇ ਬਰਾਬਰ ਹੋਵੇਗਾ।  ਇਸ ਬਾਰੇ ਵੱਖ ਵੱਖ ਸਵਾਲ ਖੜੇ ਹੋਣਗੇ ਅਰਾਜਕਤਾ ਦਾ ਮਾਹੌਲ ਪੈਦਾ ਹੋਵੇਗਾ। ਇਸ ਬਾਰੇ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪਵੇਗੀ ਕਿ ਉਹਨਾਂ ਦਾ ਇਸ ਬਾਰੇ ਕੀ  ਸਟੈਂਡ ਹੈ।

ਅਵਤਾਰ ਸਿੰਘ ਭੰਵਰਾ (ਸੀਨੀਅਰ ਪੱਤਰਕਾਰ)

Share this Article
Leave a comment