ਨੌਜਵਾਨਾਂ ‘ਚ ਵਿਆਪਕ ਰੋਸ ਲਹਿਰ, ਲੱਤਾਂ ਬਾਹਾਂ ਤੋੜ ਕੇ ਦੇਸ਼ ਦੇ ਭਵਿੱਖ ਨੂੰ ਲੰਗੜਾ ਲੂਲਾ ਨਾ ਬਣਾਓ

TeamGlobalPunjab
4 Min Read

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਅੰਦਰ ਐਤਵਾਰ ਰਾਤ ਨੂੰ ਨਕਾਬਪੋਸ਼ਾਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੀਤੀ ਕੁੱਟਮਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ਅੰਦਰ ਵਿਰੋਧੀ ਸੁਰਾਂ ਨੂੰ ਕਿਵੇਂ ਗੁੰਡਾ ਗਰਦੀ ਕਰਕੇ ਚੁੱਪ ਕਰਵਾਇਆ ਜਾ ਰਿਹਾ ਹੈ । ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਦਾ ਸਿਰ ਪਾੜ ਦਿੱਤਾ ਗਿਆ। ਇਹ ਸਾਰਾ ਵਰਤਾਰਾ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਅਜਿਹਾ ਕਰਕੇ ਨਾਗਰਿਕਤਾ ਸੋਧ ਕਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਚੁੱਪ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਸਬਕ ਸਿਖਾਇਆ ਜਾਵੇਗਾ। ਹਾਲਾਂਕਿ ਯੂਨੀਵਰਸਿਟੀ ਦੇ ਵਿਦਿਆਰਥੀ ਤਾਂ ਪਿਛਲੇ ਕਈ ਦਿਨ ਤੋਂ ਫੀਸਾਂ ਵਿੱਚ ਹੋਏ ਵਾਧੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਹਨ ਪਰ ਦੇਸ਼ ਦੀ ਹਾਕਮ ਧਿਰ ਭਾਜਪਾ ਅਤੇ ਉਸ ਦੇ ਹਮਾਇਤੀ ਇਸ ਨੂੰ ਨਾਗਰਿਕਤਾ ਸੋਧ ਕਨੂੰਨ ਦੇ ਵਿਰੋਧ ਦੀ ਕੜੀ ਵਜੋਂ ਹੀ ਦੇਖਦੇ ਹਨ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੌਮੀ ਪੱਧਰ ‘ਤੇ ਆਪਣਾ ਸਥਾਨ ਰੱਖਦੀ ਹੈ। ਰੋਸ ਪ੍ਰਗਟ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਜਪਾ ਯੂਨੀਵਰਸਿਟੀ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ। ਉੱਥੇ ਵਾਈਸ ਚਾਂਸਲਰ ਨੂੰ ਸਖਤੀ ਨਾਲ ਵਿਦਿਆਰਥੀਆਂ ‘ਤੇ ਅਧਿਆਪਕਾਂ ਨੂੰ ਕੁਚਲਣ ਲਈ ਲਾਇਆ  ਗਿਆ ਹੈ ਪਰ ਭਾਜਪਾ ਦੇ ਹਮਾਇਤੀ  ਵਿਦਿਆਰਥੀ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਅਤੇ ਇਹ ਵੀ ਉਲਟਾ ਦੋਸ਼ ਲਾ ਰਹੇ ਹਨ ਕਿ ਖੱਬੇ ਪੱਖੀ ਵਿਦਿਆਰਥੀਆਂ ਨੇ ਭੰਨਤੋੜ ਤੇ ਹਿੰਸਾ ਕੀਤੀ ਹੈ। ਜੇਕਰ ਭਾਜਪਾ ਹਮਾਇਤੀਆਂ ਦੀ ਦਲੀਲ ਵੇਖੀ ਜਾਵੇ ਤਾਂ ਅਮਨ ਕਨੂੰਨ ਦੀ ਜਿੰਮੇਵਾਰੀ ਪੁਲਿਸ ਦੇ ਹੱਥ ਹੈ। ਪੁਲਿਸ ਸਿੱਧੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੇਠਾਂ ਕੰਮ ਕਰਦੀ ਹੈ। ਪੁਲਿਸ ਨੇ ਨਕਾਬ ਪੋਸ਼ਾਂ ਨੂੰ ਯੂਨੀਵਰਸਿਟੀ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਕਰਨ ਤੋਂ ਕਿਉਂ ਨਹੀਂ ਰੋਕਿਆ। ਜਦੋਂ ਵਿਦਿਆਰਥੀਆਂ ਦੇ ਸਿਰ ਪਾੜੇ ਜਾ ਰਹੇ ਸਨ ਤਾਂ ਉਸ ਵੇਲੇ ਪੁਲਿਸ ਕਿੱਥੇ ਸੀ। ਯੂਨੀਵਰਸਿਟੀ ਦੇ ਅਧਿਕਾਰੀ ਸਥਿਤੀ ਨੂੰ ਵੇਖਕੇ ਮੌਕੇ ‘ਤੇ ਹਰਕਤ ਵਿੱਚ ਕਿਉਂ ਨਹੀਂ ਆਏ। ਪੁਲਿਸ ਸਾਰੇ ਘਟਨਾਕ੍ਰਮ ਵਿੱਚ ਦੇਰੀ ਨਾਲ ਦਖਲ ਕਿਉਂ ਹੋਈ? ਕੀ ਇਹ ਖੁੱਲ੍ਹ ਦਿੱਤੀ ਗਈ ਕਿ ਪਹਿਲਾਂ ਨਕਾਬਪੋਸ਼ ਚੰਗੀ ਤਰ੍ਹਾਂ ਕੁਟਾਪਾ ਕਰ ਲੈਣ? ਯੂਨੀਵਰਸਿਟੀ ਦੇ ਹੋਸਟਲ ਅੰਦਰ ਦਾਖਲ ਹੋ ਕੇ ਵਿਦਿਆਰਥੀਆਂ ਨੂੰ ਭਾਲ ਭਾਲ ਕੇ ਕੁੱਟਿਆ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਨਕਾਬਪੋਸ਼ਾਂ ਕੋਲ ਲਿਸਟਾਂ ਸਨ। ਬੇਸ਼ਕ ਕੇਂਦਰੀ ਗ੍ਰਹਿ ਮੰਤਰੀ ਨੇ ਪੁਲਿਸ ਕਮਿਸ਼ਨਰ ਤੋਂ ਸਾਰੇ ਮਾਮਲੇ ਦੀ ਰਿਪੋਰਟ ਮੰਗ ਲਈ ਹੈ ਪਰ ਕੀ ਇਸ ਨਾਲ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇਗਾ। ਦੇਸ਼ ਦੇ ਗ੍ਰਹਿ ਮੰਤਰੀ ਤਾਂ ਪਹਿਲਾਂ ਹੀ ਕਈ ਦਿਨ ਤੋਂ ਆਖ ਰਹੇ ਹਨ ਕਿ ਕਾਂਗਰਸ ਦੇ ਰਾਹੁਲ ਗਾਂਧੀ ਪ੍ਰਿਯੰਕਾ ਅਤੇ ਵਿਰੋਧੀ ਧਿਰਾਂ ਵਿਦਿਆਰਥੀਆਂ ਨੂੰ ਭੜਕਾ ਰਹੀਆਂ ਹਨ। ਫਿਰ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੀੜਤ ਧਿਰਾਂ ਨੂੰ ਕਿਹੋ ਜਿਹਾ ਇਨਸਾਫ ਮਿਲੇਗਾ।

- Advertisement -

ਇਸ ਸਾਰੇ ਮਾਮਲੇ ਨੂੰ ਲੈ ਕੇ ਦੇਸ਼ ਦੀਆਂ  ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਅੱਜ ਜ਼ਬਰਦਸਤ ਰੋਸ ਪ੍ਰਗਟਾਵੇ ਕੀਤੇ ਹਨ। ਦੇਸ਼ ਦੇ ਸ਼ੁਭਚਿੰਤਕਾ ਵੱਲੋਂ ਪਹਿਲਾਂ  ਹੀ ਖਦਸਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਹਾਕਮ ਧਿਰ ਦੇਸ਼ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ। ਨਾਗਰਿਕਤਾ ਸੋਧ ਕਨੂੰਨ ਬਾਰੇ ਭਾਜਪਾ ਨੂੰ ਪੂਰਾ ਹੱਕ ਹੈ ਕੇ ਦੇਸ਼ ਦੇ ਲੋਕਾਂ ਨੂੰ ਸਮਝਾਏ ਕਿ ਭਾਜਪਾ ਸਹੀ ਹੈ ਪਰ ਵਿਰੋਧੀਆਂ ਨੂੰ ਡੰਡੇ ਨਾਲ ਚੁੱਪ ਕਰਵਾਉਣਾ ਤਾਨਾਸ਼ਾਹੀ ਰੁਝਾਨ ਹੈ। ਇਕ ਪਾਸੇ ਅਸੀਂ ਆਖਦੇ ਹਾਂ ਕਿ ਬੱਚੇ ਦੇਸ਼ ਦਾ ਭਵਿੱਖ ਹਨ ਪਰ ਦੂਜੇ ਪਾਸੇ ਭਵਿੱਖ ਦੀਆਂ ਲੱਤਾਂ ਬਾਹਾਂ ਤੋੜ ਕੇ ਦੇਸ਼ ਨੂੰ ਲੰਗੜਾ ਲੂਲਾ ਬਣਾਇਆ ਜਾ ਰਿਹਾ ਹੈ। ਇਹ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਰੁਝਾਨ ਹੈ ਅਤੇ ਇਸ ਗੁੰਡਾਗਰਦੀ ਨੂੰ ਫੌਰੀ ਤੌਰ ‘ਤੇ ਰੋਕਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਲੋੜ ਹੈ।

Share this Article
Leave a comment