ਕੈਨੇਡਾ ਰਹਿੰਦੇ ਭਰਾ ਨੂੰ ਵਿਦਾ ਕਰਨ ਵੇਲੇ ਜੱਫੀ ਨੂੰ ਤਰਸਿਆ ਇੰਗਲੈਂਡ ਵਾਲਾ ਭਰਾ

TeamGlobalPunjab
3 Min Read

-ਅਵਤਾਰ ਸਿੰਘ

ਬੰਗਾ: ਦੁਨੀਆ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਕਰੋਨਾ ਵਾਇਰਸ ਨੇ ਅਪਣੱਤ ਵਿਚ ਵੀ ਫਰਕ ਪਾ ਦਿੱਤਾ ਹੈ। ਹਰ ਇਕ ਭਾਵੇਂ ਉਸ ਦਾ ਕਿੰਨਾ ਵੀ ਗੂੜ੍ਹਾ ਰਿਸ਼ਤਾ ਕਿਓਂ ਨਾ ਹੋਵੇ, ਉਸ ਨੂੰ ਵੀ ਇਹੀ ਡਰ ਸਤਾ ਰਿਹਾ ਕਿ ਇਹ ਲਾਗ ਕਿਤੇ ਮੇਰੇ ਵਲ ਨਾ ਆ ਜਾਵੇ। ਇਸ ਨੇ ਦੂਰੀਆਂ ਵਧਾ ਦਿੱਤੀਆਂ ਹਨ। ਕਿਸੇ ਸਮੇਂ ਵਿਦੇਸ਼ ਤੋਂ ਪਰਤੇ ਜਾਂ ਵਿਦੇਸ਼ ਜਾ ਰਹੇ ਆਪਣੇ ਸਕੇ ਸੰਬੰਧੀ ਨੂੰ ਘੁੱਟ ਘੁੱਟ ਜੱਫੀਆਂ ਪੈਂਦੀਆਂ ਸਨ ਪਰ ਹੁਣ ਬੀਤੇ ਸਮੇਂ ਦੀਆਂ ਗੱਲਾਂ ਬਣਦੀਆਂ ਜਾ ਰਹੀਆਂ ਹਨ। ਇਹੀ ਕੁਝ ਵਾਪਰਿਆ ਦੋਆਬੇ ਦੇ ਪਿੰਡ ਮਜਾਰੀ ਦੇ ਦੋ ਪ੍ਰਵਾਸੀ ਪੰਜਾਬੀ ਭਰਾਵਾਂ ਨਾਲ। ਲੌਕਡਾਊਨ ‘ਚ ਫਸੇ ਪ੍ਰਵਾਸੀ ਪੰਜਾਬੀਆਂ ਦੀ ਹੌਲੀ ਹੌਲੀ ਵਾਪਸੀ ਸ਼ੁਰੂ ਹੋ ਗਈ ਹੈ। ਪਰ ਹੁਣ ਆਪਣਿਆਂ ਨੂੰ ਤੋਰਨ ਵੇਲੇ ਪਹਿਲਾਂ ਵਾਲੇ ਚਾਅ ਮਲਾਰ ਨਜ਼ਰ ਨਹੀਂ ਆ ਰਹੇ।

ਪਿੰਡ ਮਜਾਰੀ ਵਾਸੀ ਸੋਹਣ ਸਿੰਘ (80) ਨੂੰ ਕੈਨੇਡਾ ਵਿਦਾ ਕਰਨ ਵੇਲੇ ਉਸ ਦਾ ਭਰਾ ਜੋਗਿੰਦਰ ਸਿੰਘ (75) ਮਨੋ ਮਨੀ ਭਾਵੁਕ ਤਾਂ ਹੋਇਆ ਪਰ ਕਰੋਨਾ ਦੀ ਪਾਬੰਦੀ ਕਾਰਨ ਉਹ ਜੱਫ਼ੀ ਨਾ ਪਾ ਸਕੇ।

ਜੋਗਿੰਦਰ ਸਿੰਘ ਜੋ ਇੰਗਲੈਂਡ ਤੋਂ ਆਪਣੇ ਵਤਨ ਆਇਆ ਹੋਇਆ ਹੈ। ਉਸ ਨੇ ਆਪਣੇ ਭਰਾ ਨੂੰ ਗੁਲਦਸਤਾ ਫੜਾ ਕੇ ਸਫ਼ਰ ਚੰਗਾ ਹੋਣ ਅਤੇ ਤੰਦਰੁਸਤ ਰਹਿਣ ਦੀਆਂ ਸ਼ੁੱਭ ਕਾਮਨਾਵਾਂ ਹੀ ਦਿੱਤੀਆਂ।

- Advertisement -

ਸੋਹਣ ਸਿੰਘ ਨੇ ਵੀ ਭਾਵੁਕ ਹੁੰਦਿਆਂ ਕਿਹਾ ਕਿ ਚੰਗਾ ਭਾਈ ਜੇ ਠੀਕ ਰਹੇ ਤਾਂ ਅਗਲੀ ਵਿਸਾਖੀ ਨੂੰ ਮਿਲਾਂਗੇ। ਦੋਵੇਂ ਭਰਾ ਹਰ ਵਰ੍ਹੇ ਵਾਂਗ ਇਸ ਵਾਰ ਵੀ ਆਪਣੇ ਜੱਦੀ ਪਿੰਡ ਨਾਲ ਜੁੜੇ ਰਹਿਣ ਤੇ ਮਨ ‘ਚ ਕੁਝ ਖਾਸ ਥਾਵਾਂ ਦੇਖਣ ਦਾ ਪ੍ਰੋਗਰਾਮ ਬਣਾ ਕੇ ਵਤਨ ਆਏ ਹੋਏ ਸਨ। ਅਜੇ ਉਹ ਇਸ ਬਾਰੇ ਰੂਪ-ਰੇਖਾ ਤਿਆਰ ਹੀ ਕਰ ਰਹੇ ਸਨ ਕਿ ਕਰੋਨਾ ਦਾ ਰੌਲਾ ਪੈ ਗਿਆ।

ਉਹ ਦੋ ਮਹੀਨੇ ਤੋਂ ਆਪਣੇ ਪਿੰਡ ਆਏੇ ਹੋਏ ਹਨ ਅਤੇ ਉਨ੍ਹਾਂ ਵਲੋਂ ਇਸ ਆਫ਼ਤ ਦੀ ਘੜੀ ‘ਚ ਪਿੰਡ ਦੇ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਲੈ ਕੇ ਪੰਚਾਇਤ ਰਾਹੀਂ ਘਰ ਘਰ ਪਹੁੰਚਾਈ ਗਈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪਿੰਡ ਦੀ ਭਲਾਈ ਲਈ ਕਈ ਹੋਰ ਕਾਰਜ ਵੀ ਕੀਤੇ ਗਏ ਜਿਨ੍ਹਾਂ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ ਹੈ।

ਦੋਵਾਂ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਕਹਿਣ ਸੀ ਕਿ ਐਨਆਰਆਈ ਤਾਂ ਹਮੇਸਾਂ ਆਪਣੇ ਵਤਨ ਦੀ ਸੁੱਖ ਖ਼ੈਰ ਹੀ ਮੰਗਦੇ ਹਨ ਅਤੇ ਇੱਥੋਂ ਦੇ ਵਿਕਾਸ ‘ਚ ਸਮਰਥਾ ਮੁਤਾਬਕ ਯੋਗਦਾਨ ਪਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ।

ਜੋਗਿੰਦਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਵੀ ਅਗਲੇ ਦਿਨਾਂ ‘ਚ ਇੰਗਲੈਂਡ ਆਪਣੇ ਪਰਿਵਾਰ ਕੋਲ ਜਾ ਰਹੇ ਹਨ। ਦੋਵਾਂ ਨੇ ਸਰਬਤ ਦਾ ਭਲਾ ਮੰਗਦਿਆਂ ਆਸ ਪ੍ਰਗਟਾਈ ਕਿ ਕਰੋਨਾਵਾਇਰਸ ਦੇ ਸਾਂਤ ਹੁੰਦਿਆਂ ਹੀ ਉਹ ਜਲਦੀ ਆਪਣੇ ਵਤਨ ਪਰਤ ਕੇ ਮੁੜ ਇਕੱਠੇ ਹੋਣਗੇ।

ਇਸ ਤਰ੍ਹਾਂ ਦੋ ਬਜ਼ੁਰਗ ਪ੍ਰਵਾਸੀ ਭਰਾਵਾਂ ਦਾ ਵਿਸਾਖੀ ਦੇ ਸ਼ੁਭ ਦਿਹਾੜੇ ‘ਤੇ ਵਿਛੜਨ ਵੇਲੇ ਭਾਵੁਕਤਾ ਦੀ ਇਲਾਕੇ ਵਿਚ ਕਾਫੀ ਚਰਚਾ ਹੈ।

- Advertisement -
Share this Article
Leave a comment