ਜਗਤਾਰ ਸਿੰਘ ਸਿੱਧੂ;
ਮੈਨੇਜਿੰਗ ਐਡੀਟਰ
ਜਲੰਧਰ ਲੋਕ ਸਭਾ ਦੀ ਉਪ ਚੋਣ ਮੁੱਖ ਮੰਤਰੀ ਭਗਵੰਤ ਮਾਨ ਲਈ ਵੱਡੀ ਚੁਣੋਤੀ ਬਣ ਕੇ ਸਾਹਮਣੇ ਆ ਰਹੀ ਹੈ। ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਜਲੰਧਰ ਲੋਕ ਸਭਾ ਦੀ ਉਪ ਚੋਣ ਉਸ ਮੌਕੇ ਆ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਸਾਲ ਮੁਕੰਮਲ ਕਰ ਚੁੱਕੀ ਹੈ। ਬੇਸ਼ੱਕ ਇਹ ਪਾਰਲੀਮੈਂਟ ਦੀ ਚੋਣ ਹੈ ਪਰ ਇਸ ਚੋਣ ਵਿੱਚ ਜਲੰਧਰ ਦੇ ਵੋਟਰ ਮਾਨ ਸਰਕਾਰ ਦੇ ਕੰਮ-ਕਾਜ ਉੱਪਰ ਵੀ ਹੱਕ ਜਾਂ ਵਿਰੋਧ ਵਿੱਚ ਫਤਵਾ ਦੇਣਗੇ। ਉਂਞ ਜੇਕਰ ਵੇਖਿਆ ਜਾਵੇ ਤਾਂ ਮਾਨ ਸਰਕਾਰ ਆਪਣੇ ਇੱਕ ਸਾਲ ਦੇ ਸਮੇਂ ਵਿੱਚ ਦੂਜੀ ਵਾਰ ਪਾਰਲੀਮੈਂਟ ਚੋਣ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਦੇ ਸ਼ੁਰੂ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਆ ਗਈ ਸੀ ਕਿਉਂ ਜੋ ਭਗਵੰਤ ਮਾਨ ਵੱਲੋਂ ਪਾਰਲੀਮੈਂਟ ਤੋਂ ਅਸਤੀਫ਼ਾ ਦੇਣ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਸੰਗਰੂਰ ਲੋਕ ਸਭਾ ਦੀ ਸੀਟ ਆਪ ਹਾਰ ਗਈ ਤਾਂ ਰਾਜਸੀ ਮਾਹਿਰਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਆਪਣੇ ਹੀ ਘਰ ਵਿੱਚ ਹਾਰ ਗਿਆ। ਇਸ ਤਰਾਂ ਹੁਣ ਆਪ ਲਈ ਇਮਤਿਹਾਨ ਦਾ ਦੂਜਾ ਮੌਕਾ ਹੈ। ਚੋਣ ਦੇ ਮੱਦੇਨਜ਼ਰ ਪਾਰਟੀ ਦੇ ਦਬਾਅ ਨੂੰ ਇਸ ਪੱਖ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਪ ਵੱਲੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਪ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਦੂਜੇ ਦਿਨ ਸਾਬਕਾ ਕਾਂਗਰਸੀ ਵਿਧਾਇਕ ਨੂੰ ਜਲੰਧਰ ਲੋਕ ਸਭਾ ਦੇ ਹਲਕੇ ਦੀ ਆਪ ਦੀ ਟਿਕਟ ਵੀ ਦੇ ਦਿੱਤੀ ਗਈ। ਇਹ ਵੱਖਰੀ ਗੱਲ ਹੈ ਕਿ ਸਾਬਕਾ ਕਾਂਗਰਸੀ ਨੇਤਾ ਰਿੰਕੂ ਜਲੰਧਰ ਵਿੱਚ ਆਪ ਦੀ ਬੇੜੀ ਪਾਰ ਲਗਾ ਸਕੇਗਾ ਜਾਂ ਨਹੀਂ।
ਦੂਜੇ ਪਾਸੇ ਜਲੰਧਰ ਲੋਕ ਸਭਾ ਹਲਕੇ ਲਈ ਲੰਬੇ ਸਮੇਂ ਤੋਂ ਕਾਬਜ਼ ਰਹੀ ਕਾਂਗਰਸ ਪਾਰਟੀ ਨੇ ਮਰਹੂਮ ਕਾਂਗਰਸੀ ਨੇਤਾ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੂੰ ਟਿਕਟ ਦੇ ਕੇ ਟਕਸਾਲੀ ਕਾਂਗਰਸੀ ਆਗੂਆਂ ਉੱਪਰ ਮੁੜ ਭਰੋਸੇ ਦਾ ਪ੍ਰਗਟਾਵਾ ਕੀਤਾ ਹੈ। ਬੇਸ਼ੱਕ ਕਾਂਗਰਸ ਲਈ ਵੀ ਇਹ ਸੀਟ ਜਿੱਤਣੀ ਵੱਡੀ ਚੁਣੋਤੀ ਵਾਲੀ ਗੱਲ ਹੈ ਕਿਉਂ ਜੋ ਕਾਂਗਰਸ ਜਿੱਥੇ ਧੜੇਬੰਦੀ ਦਾ ਬੁਰੀ ਤਰਾਂ ਸ਼ਿਕਾਰ ਹੈ ਉੱਥੇ ਇਸ ਦੇ ਕਈ ਸਾਬਕਾ ਮੰਤਰੀ ਅਤੇ ਹੋਰ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਅਜੇ ਵੀ ਜੇਲ੍ਹ ਵਿੱਚ ਬੈਠੇ ਹਨ।
ਜਲੰਧਰ ਦੀ ਲੋਕ ਸਭਾ ਉਪ ਚੋਣ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਪਹਿਲਾ ਬਾਰ ਵੱਖੋ-ਵੱਖਰੇ ਚੋਣ ਲੜ ਰਹੇ ਹਨ। ਭਾਜਪਾ ਪੰਜਾਬ ਵਿੱਚ ਜਿਸ ਤਰਾਂ ਸਰਗਰਮੀ ਦਿਖਾ ਰਹੀ ਹੈ, ਉਸਦੇ ਮੱਦੇਨਜ਼ਰ ਭਾਜਪਾ ਵੀ ਜਿੱਤ ਦੀ ਆਸ ਨਾਲ ਆਪਣੀਆਂ ਗਿਣਤੀਆਂ-ਮਿਣਤੀਆਂ ਕਰ ਰਹੀ ਹੈ। ਅਕਾਲੀ ਦਲ ਬੇਸ਼ੱਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਸ਼ੀਆ ’ਤੇ ਚਲਾ ਗਿਆ ਸੀ ਪਰ ਅਕਾਲੀ ਦਲ ਜਲੰਧਰ ਲੋਕ ਸਭਾ ਚੋਣ ਨੂੰ ਆਪਣੀ ਮਜ਼ਬੂਤੀ ਦਾ ਪ੍ਰਗਟਾਵਾ ਕਰਨ ਦੇ ਨਜ਼ਰੀਏ ਤੋਂ ਦੇਖ ਰਿਹਾ ਹੈ।
ਇਸ ਚੋਣ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਚੋਣ ਉਸ ਮੌਕੇ ਉੱਤੇ ਆ ਗਈ ਹੈ ਜਦੋਂ ਬਾਰਿਸ਼, ਗੜੇਮਾਰ ਅਤੇ ਹਨੇਰੀਆਂ ਕਾਰਨ ਕਣਕ ਦੀ ਫ਼ਸਲ ਦਾ ਬਹੁਤ ਵਧੇਰੇ ਨੁਕਸਾਨ ਹੋਇਆ ਹੈ। ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਖ਼ਰਾਬੇ ਲਈ ਪ੍ਰਤੀ ਏਕੜ ਕੁੱਝ ਰਾਹਤ ਦੇਣ ਦਾ ਐਲਾਨ ਵੀ ਕੀਤਾ ਹੈ ਪਰ ਕਿਸਾਨ ਇਸ ਨਾਲ ਸੰਤੁਸ਼ਟ ਨਹੀਂ ਹਨ। ਇਹ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਸਾਨ ਜਥੇਬੰਦੀਆਂ ਜਲੰਧਰ ਦੀ ਚੋਣ ਵਿੱਚ ਆਪ ਦੇ ਉਮੀਦਵਾਰ ਦਾ ਵਿਰੋਧ ਕਰ ਸਕਦੀਆਂ ਹਨ।