ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਅੰਮ੍ਰਿਤਸਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਹੋ ਰਹੇ ਬੰਬ ਧਮਾਕਿਆਂ ਨੇ ਸਰਕਾਰ ਦੇ ਪੁਖਤਾ ਸੁਰੱਖਿਆ ਪ੍ਰਬੰਧਾਂ ਉਪਰ ਸਵਾਲ ਖੜੇ ਕਰ ਦਿੱਤੇ ਹਨ। ਬੀਤੀ ਅੱਧੀ ਰਾਤ ਨੂੰ ਰਾਮਦਾਸ ਸਰਾਂ ਨਜ਼ਦੀਕ ਹੋਏ ਧਮਾਕੇ ਬਾਅਦ ਕਾਬੂ ਆਏ ਦੋਸ਼ੀਆਂ ਦੀ ਪੁਛ-ਪੜਤਾਲ ਤੋਂ ਸੱਚ ਸਾਹਮਣੇ ਆਉਣ ਦੀ ਉਮੀਦ ਹੈ ਪਰ ਵੱਡਾ ਸਵਾਲ ਇਹ ਉਠ ਰਿਹਾ ਹੈ ਕਿ ਕੀ ਇਹ ਮੰਦਭਾਗੀ ਘਟਨਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ? ਇਸ ਤੋਂ ਪਹਿਲਾਂ ਹੈਰੀਟੇਜ ਸਟਰੀਟ ਵਿਚ ਦੋ ਬੰਬ ਧਮਾਕੇ ਹੋਏ ਸਨ ਪਰ ਕਿਸੇ ਦੋਸ਼ੀ ਦੀ ਪਹਿਚਾਣ ਨਹੀਂ ਹੋ ਸਕੀ ਸੀ। ਬੀਤੀ ਰਾਤ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਫੜਨ ਦੀ ਵੱਡੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ। ਇਸ ਗੱਲ ਦੀ ਸ਼ਾਬਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਜਾਂਦੀ ਹੈ ਕਿ ਉਹਨਾਂ ਦੀ ਮੁਸਤੈਦੀ ਕਾਰਨ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਿਆ। ਉਹਨਾਂ ਦੀ ਕਾਰਵਾਈ ਬਾਅਦ ਫੌਰੀ ਤੌਰ ’ਤੇ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਅਤੇ ਸ਼੍ਰੋਮਣੀ ਕਮੇਟੀ ਨੇ ਦੋਸ਼ੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਫੌਰੀ ਤੌਰ ’ਤੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਸੀ ਪਰ ਬਾਅਦ ਵਿਚ ਤਿੰਨ ਹੋਰ ਦੋਸ਼ੀ ਕਾਬੂ ਕੀਤੇ ਗਏ। ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਬਾਅਦ ਵਿਚ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਇਸ ਸਮੁੱਚੀ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਮੁਖੀ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਬਾਰੇ ਪੁੱਛ ਪੜਤਾਲ ਤੋਂ ਬਾਅਦ ਸਚਾਈ ਸਾਹਮਣੇ ਆ ਜਾਵੇਗੀ। ਇਹ ਵੀ ਪਤਾ ਲੱਗ ਜਾਵੇਗਾ ਕਿ ਦੋਸ਼ੀਆਂ ਨੇ ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਕਿਸ ਦੇ ਕਹਿਣ ਉਪਰ ਇਹ ਕਾਰਵਾਈ ਕੀਤੀ ਹੈ ਜਾਂ ਇਸ ਮੰਦਭਾਗੀ ਘਟਨਾ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਬਾਰੇ ਬੋਲਦਿਆਂ ਸਪਸ਼ਟ ਤੌਰ ’ਤੇ ਆਖਿਆ ਹੈ ਕਿ ਇਸ ਘਟਨਾ ਪਿੱਛੇ ਬਹੁਤ ਵੱਡੀ ਡੁੰਘੀ ਸਾਜ਼ਿਸ਼ ਹੈ। ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀ ਚੌਕਸੀ ਕਾਰਨ ਦੋਸ਼ੀ ਕਾਬੂ ਕੀਤੇ ਗਏ ਹਨ। ਇਸ ਨਾਲ ਕਿਸੇ ਵੱਡੀ ਮੰਦਭਾਗੀ ਘਟਨਾ ਨੂੰ ਵਾਪਰਣ ਤੋਂ ਵੀ ਰੋਕਿਆ ਜਾ ਸਕਿਆ ਹੈ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਪੁਲਿਸ ਦੀ ਨਲਾਇਕੀ ਕਾਰਨ ਲਗਾਤਾਰ ਧਮਾਕੇ ਹੋਣ ਦੀਆਂ ਤਿੰਨ ਵੱਡੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ। ਉਹਨਾਂ ਕਿਹਾ ਕਿ ਪੁਲਿਸ ਪਹਿਲਾਂ ਹੋਏ ਦੋ ਬੰਬ ਧਮਾਕਿਆਂ ਦੇ ਦੋਸ਼ੀਆਂ ਦਾ ਪਤਾ ਨਾ ਲਾ ਸਕੀ ਅਤੇ ਇਸ ਤਰ੍ਹਾਂ ਦੋਸ਼ੀਆਂ ਨੂੰ ਤੀਸਰੀ ਵਾਰਦਾਤ ਕਰਨ ਦਾ ਮੌਕਾ ਮਿਲ ਗਿਆ। ਉਹਨਾਂ ਇਹ ਵੀ ਸਵਾਲ ਕੀਤਾ ਕਿ ਅਜਿਹੀ ਸਾਜ਼ਿਸ਼ ਸੰਗਤਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਵੀ ਹੋ ਸਕਦੀ ਹੈ। ਇਹ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਖਤ ਕਾਰਵਾਈ ਕਰਕੇ ਅਜਿਹੀ ਮੰਦਭਾਗੀਆਂ ਘਟਨਾਵਾਂ ਉਪਰ ਕਾਬੂ ਪਾਇਆ ਜਾਵੇ।
ਇਸੇ ਦੌਰਾਨ ਵੱਖ ਵੱਖ ਧਾਰਮਿਕ ਆਗੂਆਂ ਨੇ ਜਿਥੇ ਇਹਨਾਂ ਬੰਬ ਘਨਟਾਵਾਂ ਦੀ ਨਿਖੇਧੀ ਕੀਤੀ ਹੈ ਉਥੇ ਇਹ ਵੀ ਮੰਗ ਕੀਤੀ ਹੈ ਕਿ ਜਾਂਚ ਪੜਤਾਲ ਦੌਰਾਨ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਪਿਛਲੇ ਸਮੇਂ ਵਿਚ ਵੀ ਅਜਿਹਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਸਿੱਖ ਸੰਗਤਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਹ ਵੀ ਮੰਗ ਉਠ ਰਹੀ ਹੈ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਵੀ ਇਹਨਾਂ ਮੰਦਭਾਗੀਆਂ ਘਟਨਾਵਾਂ ਦੀ ਜਾਂਚ ਲਈ ਸਹਿਯੋਗ ਦੇਣਾ ਚਾਹੀਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕੁੱਝ ਧਿਰਾਂ ਅਜਿਹਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸ ਨਾਲ ਪੰਜਾਬ ਵਿਚ ਗੜਬੜ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ। ਪੰਜਾਬ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਹੋ ਰਹੀ ਵੱਡੀ ਪੱਧਰ ’ਤੇ ਹਿੰਸਾ ਅਤੇ ਗੜਬੜ ਕਾਰਨ ਇਸ ਸਰਹੱਦੀ ਸੂਬੇ ਵਿਚ ਹੋਰ ਵੀ ਵਧੇਰੇ ਚੌਕਸੀ ਦੀ ਲੋੜ ਹੈ।