ਵਿਲਾਇਤ ਡਾਇਰੀ : ਇੰਗਲੈਂਡ ਵਿੱਚ ਕੋਵਿਡ -19 ਪ੍ਰਤੀ ਗੰਭੀਰਤਾ ਤੇ ਜਾਗਰੂਕਤਾ

TeamGlobalPunjab
10 Min Read

-ਐੱਸ ਬਲਵੰਤ

 

ਇਸ ਸਾਲ ਧਰਤੀ ‘ਤੇ ਪਨਪੀ ਤੇ ਇਸ ਸਦੀ ਦੀ ਵੱਡੀ ਮਹਾਮਾਰੀ ਕੋਰੋਨਾ ਦੀ ਆਮਦ ਬਾਰੇ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰ ਰਹੇ ਸੀ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਰੋਨਾ ਦੀ ਆਫਤ ਨੂੰ ਚੁੱਕੀ ਤੇ ਭਾਰਤ ਦੀ ਗਰੀਬੀ ਨੂੰ ਛਿਪਾ ਟਰੰਪ ਨੂੰ ਰਿਝਾ ਰਹੇ ਸੀ। ਉਧਰ ਅਮਰੀਕਾ ਵਿਚ ਵੀ ਇਹੀ ਮਹਾਮਾਰੀ ਸਿਰ ਚੁੱਕ ਰਹੀ ਸੀ ਤੇ ਦੋਹਾਂ ਦੇਸ਼ਾਂ ਦੇ ਮੁਖੀ ਇਸ ਤੋਂ ਲਾਪ੍ਰਵਾਹ ਸਨ। ਮਗਰੋਂ ਭਾਵੇਂ ਇਹੀ ਲਾਪ੍ਰਵਾਹੀ ਬੇਸ਼ੁਮਾਰ ਲੋਕਾਂ ਦੀ ਜਾਨ ਲੈ ਬੈਠੀ ਤੇ ਮਗਰੋਂ ਇਹ ਸਿਲਸਿਲਾ ਐਨਾ ਵਧ ਗਿਆ ਕਿ ਹੁਣ ਪੂਰਾ ਸੰਸਾਰ ਇਸ ਦੀ ਲਪੇਟ ਵਿਚ ਹੈ ਤੇ ਇਸ ਮੌਤ ਦਾ ਤਾਂਡਵ ਅਜੇ ਤਕ ਵੀ ਜਾਰੀ ਹੈ। ਅਖੀਰ ਇਹ ਤਾਂਡਵ ਰੁਕੇਗਾ ਕਦੋਂ? ਇਹਦਾ ਤਾਂ ਹਾਲੇ ਪਤਾ ਹੀ ਨਹੀਂ। ਪਰ ਇੰਗਲੈਂਡ ਦੀ ਸਰਕਾਰ ਇਸ ਦੀ ਆਮਦ ਤੋਂ ਕੁਝ ਸਮਾਂ ਪਹਿਲਾਂ ਹੀ ਚੁਕੰਨੀ ਹੋ ਚੁੱਕੀ ਸੀ ਜਾਂ ਹੋ ਗਈ ਸੀ ਕਿ ਇਸ ਨੇ ਇੰਗਲੈਂਡ ਵਿਚ ਇਸਦੇ ਹੋਰ ਥਾਈਂ ਫੈਲਣ ਤੋਂ ਪਹਿਲਾਂ ਹੀ ਲੰਡਨ ਵਰਗੇ ਸ਼ਹਿਰਾਂ ਵਿਚ ਤਾਂ ਇਸ ਨੂੰ ਰੋਕਣ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ, ਕਿਉਂਕਿ ਸਰਕਾਰ ਦਾ ਇਹ ਮੰਨਣਾ ਵੀ ਉਸ ਦੀ ਸੋਚ ਵਿਚ ਸ਼ਾਮਿਲ ਸੀ ਕਿ ਇੰਗਲੈਂਡ ਵਿਚ ਲੰਡਨ ਹੀ ਇਕ ਐਸਾ ਸ਼ਹਿਰ ਹੈ ਜਿੱਥੇ ਦੁਨੀਆਂ ਭਰ ਦੇ ਸੈਲਾਨੀ ਤੇ ਕਾਰੋਬਾਰੀ ਲੋਕ ਇਸ ਦੇਸ ‘ਚੋ ਲੰਘਣ ਜਾਂ ਪਰਤਣ ਵੇਲੇ ਕੁਝ ਨਾ ਕੁਝ ਸਮੇਂ ਲਈ ਆਪਣੀ ਠਾਹਰ ਇਥੇ ਬਣਾ ਕੇ ਨਿਕਲਦੇ ਹਨ। ਇੰਗਲੈਂਡ ਦੇ ਬਾਕੀ ਹਿੱਸੇ ‘ਚ ਇਸ ਦੇ ਪ੍ਰਕੋਪੀ ਅਸਰ ਫੈਲਣ ਦਾ ਵੀ ਹਕੂਮਤ ਨੂੰ ਪਹਿਲਾਂ ਹੀ ਪਤਾ ਹੋਵੇਗਾ ਪਰ ਖਲਕਤ ਵਿਚ ਹਾਹਾਕਾਰ ਉਦੋਂ ਮਚੀ ਜਦੋਂ ਮਾਰਚ ਮਹੀਨੇ ਦੇ ਅਖੀਰ ਵਿਚ ਪੂਰੇ ਇੰਗਲੈਂਡ ਵਿਚ ਤਾਲਾਬੰਦੀ ਹੋਈ। ਇਸ ਮਹੀਨੇ ਦੇ ਅੰਤ ਤੀਕ ਸਭ ਲੋਕਾਂ ਨੂੰ ਘਰਾਂ ‘ਚੋ ਬਾਹਰ ਨਿਕਲਣ ਦੀ ਮਨਾਹੀ ਹੋ ਗਈ। ਕਾਰੋਬਾਰੀ ਅਦਾਰੇ ਬੰਦ ਹੋ ਗਏ। ਪੱਬਾਂ, ਸਟੋਰ, ਫੈਕਟਰੀਆਂ ਦੇ ਸਭ ਮਾਲਕਾਂ ਤੇ ਵਰਕਰਾਂ ਨੂੰ ਘਰ ਦੇ ਅੰਦਰ ਬਿਠਾ ਦਿੱਤਾ ਗਿਆ। ਬਾਹਰ ਨਿਕਲਣ ‘ਤੇ ਬਹੁਤ ਸਖਤੀ ਦਾ ਐਲਾਨ ਕਰ ਦਿੱਤਾ ਗਿਆ। ਜੁਰਮਾਨੇ ਲਗਾਉਣ ਤੀਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਿਰਫ ਜ਼ਰੂਰੀ ਕੰਮਾਂ ਵਾਲਿਆਂ ਲਈ ਹੀ ਸੜਕ ਤੋ ਲੰਘਣ ਦੀ ਆਗਿਆ ਸੀ ਜਿਸ ਵਿਚ ਸਿਹਤ, ਰੇਲ, ਡਾਕਖਾਨਾ, ਦਵਾਈਆਂ ਆਦਿ ਤੇ ਅਜਿਹੀਆਂ ਹੀ ਹੋਰ ਜ਼ਰੂਰੀ ਕੰਮ ਕਰਨ ਵਾਲੇ ਬਾਹਰ ਸੜਕ ‘ਤੇ ਇਕ ਮਿਥੇ ਪਾਸ ਰਾਹੀਂ ਜਾ ਸਕਦੇ ਸਨ। ਸਰਕਾਰ ਵਲੋਂ ਖਾਸ ਐਲਾਨਿਆਂ ਜਾ ਰਿਹਾ ਸੀ ਕਿ ਸੱਠ ਸਾਲ ਦੀ ਉਮਰ ਤੋਂ ਵੱਧ ਦੇ ਬੰਦੇ ਘਰੋਂ ਬਿਲਕੁਲ ਨਾ ਨਿਕਲਣ। ਇਥੋਂ ਤੀਕ ਕਿ ਇਸ ਉਮਰ ਦੇ ਕਰੋਨਿਕ ਬਿਮਾਰੀ ਵਾਲੇ ਵਿਅਕਤੀ ਲਈ ਹਰ ਹਫਤੇ ਉਸ ਲਈ ਪੂਰੇ ਹਫਤੇ ਦੀ ਖੁਰਾਕ ਵੀ ਘਰ ਭੇਜੀ ਜਾਂਦੀ ਸੀ। ਤਾਂਕਿ ਉਸ ਨੂੰ ਬਾਹਰ ਨਾ ਜਾਣਾ ਪਵੇ।

ਉਨ੍ਹਾਂ ਦਿਨਾਂ ਵਿਚ ਇਕ ਦੂਜੇ ਦਾ ਹਾਲ ਪੁੱਛਣ ਲਈ ਟੈਲੀਫੋਨ ਤੇ ਮਨੋਰੰਜਨ ਜਾਂ ਬਾਹਰੀ ਖਬਰਾਂ ਲਈ ਟੈਲੀਵਿਜ਼ਨ ਹੀ ਬਚੇ ਸਨ। ਉਨ੍ਹੀਂ ਦਿਨੀ ਬਹੁਤ ਲੋਕਾਂ ਨਾਲ ਟੈਲੀਫੋਨ ‘ਤੇ ਗੱਲ ਹੋਈ ਤਾਂ ਕਿ ਉਨ੍ਹਾਂ ਦੇ ਘਰਾਂ ਅੰਦਰਲੇ ਰੁਝੇਵੇਂ ਪਤਾ ਲੱਗ ਸਕੇ। ਸਾਰੇ ਕੁਝ ‘ਚ ਦੇਖਿਆ ਕਿ ਕੋਈ ਮੁੱਦਤਾਂ ਤੋਂ ਉਜਾੜ ਪਿਆ ਆਪਣੇ ਘਰ ਦਾ ਗਾਰਡਨ ਠੀਕ ਕਰ ਰਿਹਾ ਸੀ ਤੇ ਕੋਈ ਸਫੇਦੀ/ਸਫਾਈ। ਕੁਝ ਲੋਕ ਸਮੇਂ ਸਮੇਂ ਇਕੱਠੀਆਂ ਕੀਤੀਆਂ ਕਿਤਾਬਾਂ ਪੜ੍ਹਨ ‘ਚ ਮਸਰੂਫ ਸਨ ਤੇ ਕੁਝ ਆਪਣੀਆਂ ਅਧੂਰੀਆਂ ਰਚਨਾਵਾਂ ਪੂਰੀਆਂ ਕਰਨ ਵਿਚ ਰੁਝੇ ਹੋਏ ਸਨ। ਹੋਰ ਵੀ ਕਈ ਦਿਲਚਸਪ ਗੱਲਾਂ ਹੋਈਆਂ ਜਿਨ੍ਹਾਂ ‘ਚੋ ਇਕ ਇਹ ਸੀ ਕਿ ਕਿਉਂਕਿ ਕਰੋਨਾ ਇਕ ਅਜੀਬੋ-ਗਰੀਬ ਬਿਮਾਰੀ ਹੈ, ਇਸ ਲਈ ਹਰ ਬੰਦਾ ਆਪੋ-ਆਪਣਾ ਇਲਾਜ ਲੱਭ ਰਿਹਾ ਸੀ। ਘਰੇਲੂ ਨੁਸਖੇ ਆਜ਼ਮਾ ਰਿਹਾ ਸੀ। ਦਾਦੀ ਦੀਆਂ ਦੁਆਈਆਂ ਦੀ ਵਰਤੋਂ ਕਰ ਰਿਹਾ ਸੀ। ਕੋਈ ਰਾਮ ਦੇਵ ਤੋਂ ਦੁਆਈਆਂ ਮੰਗਾ ਰਿਹਾ ਸੀ। ਕੋਈ ਜੜੀਆਂ ਬੂਟੀਆਂ ਪੀਸ ਰਿਹਾ ਸੀ। ਕੋਈ ਦਿਨ ਵਿਚ ਕਈ ਵਾਰੀ ਹੱਥ ਧੋਅ ਰਿਹਾ ਸੀ। ਕੋਈ ਗਰਮ ਪਾਣੀ ‘ਚ ਨਿੰਬੂ ਪਾ ਕੇ ਤੇ ਲੂਣ ਮਿਕਸ ਕਰਕੇ ਪੀ ਰਿਹਾ ਸੀ। ਕੋਈ ਸਿਰਫ ਫਰੂਟ ਖਾ ਕੇ ਗੁਜ਼ਾਰਾ ਕਰ ਰਿਹਾ ਸੀ ਤੇ ਕੋਈ ਥਾਲੀ ਵਜਾ ਕੇ ਤੇ ਕੋਈ ਘਰ ਵਿਚ ਹੀ ਟੱਲ ਵਜਾ ਕੇ ਕਲੇਮ ਕਰ ਰਿਹਾ ਸੀ ਕਿ ਉਸ ਨੇ ਇਲਾਜ ਲੱਭ ਲਿਆ ਹੈ।

- Advertisement -

ਹਸਪਤਾਲਾਂ ਵਿਚ ਨਰਸਾਂ ਤੇ ਡਾਕਟਰ ਲਾਸ਼ਾਂ ਸੰਭਾਲਣ ‘ਚ ਮਸਰੂਫ ਸਨ ਕਿਉਂਕਿ ਦਵਾਈ ਜਾਂ ਇਲਾਜ ਤਾਂ ਕੋਈ ਹੈ ਨਹੀਂ ਸੀ। ਤਕਲੀਫ ਵਾਲਾ ਬੰਦਾ ਜਾਂ ਤਾਂ ਮੋਇਆ ਹੋਇਆ ਹਸਪਤਾਲ ਪਹੁੰਚ ਰਿਹਾ ਸੀ ਤੇ ਜਾਂ ਕੁਝ ਪਲਾਂ/ਦਿਨਾਂ ਵਿਚ ਹੀ ਉਹ ਦਮ ਤੋੜ ਦਿੰਦਾ ਸੀ। ਮਗਰੋਂ ਜਦੋਂ ਲਾਸ਼ਾਂ ਦੇ ਢੇਰ ਲੱਗ ਗਏ ਤੇ ਨਵੇਂ ਮਰੀਜ਼ਾਂ ਲਈ ਥਾਂ ਹੀ ਮੁਕ ਗਈ ਤਾਂ ਹਸਪਤਾਲ ਵਾਲਿਆਂ ਕੋਲ ਸਸਕਾਰ ਕਰਨ ਤੋਂ ਬਿਨਾਂ ਹੋਰ ਕਈ ਰਾਹ ਨਹੀਂ ਸੀ ਬਚਿਆ ਤੇ ਉਨ੍ਹਾਂ ਨੂੰ ਬਾਕੀ ਪਰਿਵਾਰ ਨੂੰ ਦੱਸੇ ਬਗੈਰ ਹੀ ਲਾਸ਼ਾਂ ਦਾ ਦਾਹ ਸੰਸਕਾਰ ਕਰਨਾ ਪਿਆ। ਹਸਪਤਾਲ ਵਾਲੇ ਬਾਕੀ ਪਰਿਵਾਰ ਨੂੰ ਦੱਸੇ ਬਗੈਰ ਹੀ ਸੰਸਕਾਰ ਕਰ ਰਹੇ ਸਨ ਕਿਉਂਕਿ ਉਹ ਇਸ ਧਾਰਣਾ ਦੇ ਸਨ ਕਿ ਜੇ ਕਿਸੇ ਹੋਰ ਘਰ ਵਾਲੇ ਜਾਂ ਰਿਸ਼ਤੇਦਾਰ ਨੂੰ ਦੱਸਿਆ ਤਾਂ ਭਾਵੁਕਤਾ ਵਿਚ ਉਹ ਲੋਕ ਵੀ ਇਸ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਨੂੰ ਦੂਰ ਹੀ ਰੱਖਿਆ ਗਿਆ। ਇਸ ਕਰੋਨੇ ਕਰਕੇ ਲੋਕਾਂ ਨੂੰ ਕੁਦਰਤੀ ਮੌਤ ਕਾਰਣ ਵੀ ਦਾਹ-ਸੰਸਕਾਰ ਲਈ ਕਈ ਔਕੜਾਂ ਦਾ ਮੂੰਹ ਦੇਖਣਾ ਪਿਆ ਤੇ ਕਈਆਂ ਨੂੰ ਤਾਂ ਮ੍ਰਿਤਕ ਦੇਹ ਮਹੀਨਿਆਂ ਦੇ ਹਿਸਾਬ ਨਾਲ ਘਰੀਂ ਰੱਖਣੀਆਂ ਪਈਆਂ।

ਪਰ ਇਹ ਸਾਰਾ ਕੁਝ ਕੁਲ ਮਿਲਾ ਕੇ ਔਖਾ ਕੰਮ ਸੀ। ਲਗਾਤਾਰ ਘਰਾਂ ਵਿਚ ਨਿਪੁੜੇ ਮੌਤ ਦੇ ਖੌਫ ‘ਚ ਰਹਿਣਾ, ਕੋਈ ਵੀ ਕੰਮ ਨਾ ਕਰ ਸਕਣਾ, ਕਿਸੇ ਭੈਣ ਭਰਾ ਵੱਲ ਜਾ ਨਾ ਸਕਣਾ। ਇਥੋਂ ਤੀਕ ਕਿ ਗੁਰਦੁਆਰੇ, ਮੰਦਿਰ, ਮਸਜਿਦਾਂ ਤੇ ਚਰਚਾਂ ਤੀਕ ਬੰਦ ਕਰ ਦਿੱਤੀਆਂ ਸਨ। ਘਰਾਂ ਵਿਚ ਹੀ ਸਾਹ ਘੁੱਟ ਹੋ ਰਹੇ ਸਨ। ਬੱਚੇ ਬਾਹਰ ਖੇਹਲਣ ਨਹੀਂ ਸੀ ਜਾ ਸਕਦੇ। ਔਰਤਾਂ ਚੁਗਲੀਆਂ ਕਰ ਨਹੀਂ ਸੀ ਸਕਦੀਆਂ। ਨੌਜੁਆਨ ਮੁੰਡੇ ਕੁੜੀਆਂ ਬਣ-ਠਣ ਕੇ ਅੱਖ-ਮੁਟੱਕਾ ਨਹੀਂ ਸੀ ਕਰ ਸਕਦੇ। ਇਸ ਕਰੋਨੇ ਕਾਰਣ ਇਕ ਹੋਰ ਮੁਸੀਬਤ ਆਣ ਖੜੀ ਹੋਈ ਕਿ ਬਾਹਰਲੇ ਕਿਸੇ ਮਰਦ-ਔਰਤ ਵਿਚ ਤਾਂ ਕੀ ਇਹ ਤਾਂ ਇਥੋਂ ਤੀਕ ਹੋ ਗਿਆ ਕਿ ਕੋਈ ਵੀ ਆਪੋ-ਆਪਣੀ ਪਤਨੀ/ਪਤੀ ਨੇੜੇ ਜਾਨ ਤੋਂ ਖੌਫ ਖਾ ਰਿਹਾ ਸੀ।

ਮੈਨੂੰ ਉਦੋਂ ਹੀ ਚੇਤਾ ਆਇਆ ਕਿ ਕਰੀਬ 12-13 ਸਾਲ ਪਹਿਲਾਂ “ਦੀ ਗਾਰਡੀਅਨ” ਅਖਬਾਰ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਇੰਗਲੈਂਡ ਦੁਨੀਆਂ ਵਿਚ ਇਕ ਐਸਾ ਦੇਸ ਬਣ ਗਿਆ ਕਿ ਇਥੇ ਹਰ ਕੋਈ ਸੌ ਸਾਲ ਦੀ ਉਮਰ ਹੰਢਾ ਸਕਦਾ। “ਦੀ ਗਾਰਡੀਅਨ” ਨੇ ਇਸ ਖਬਰ ਦੇ ਨਾਲ ਨਾਲ ਇਕ ਲਿਸਟ ਵੀ ਪ੍ਰਕਾਸ਼ਿਤ ਕੀਤੀ ਸੀ ਕਿ ਇੰਗਲੈਂਡ ਵਿਚ ਕਿੰਨੇ ਲੋਕ ਸੌ ਸਾਲ ਦੀ ਜ਼ਿੰਦਗੀ ਹੰਢਾ ਚੁਕੇ ਹਨ। ਕੋਈ ਇਕ ਸੌ ਪੈਂਤੀ ਸਾਲ ਦਾ ਹੈ ਤੇ ਕੋਈ ਇਕ ਸੌ ਤੀਹ ਸਾਲ ਸਾਲ ਦਾ। ਹਾਲੇ ਇੰਗਲੈਂਡ ਦੀ ਸਰਕਾਰ ਇਸ ਗੱਲ ‘ਤੇ ਮਾਣ ਕਰ ਹੀ ਰਹੀ ਸੀ ਕਿ ਵਿਰੋਧੀ ਪਾਰਟੀ ਨੇ ਸਰਕਾਰ ‘ਤੇ ਇਹ ਇਲਜ਼ਾਮ ਲਗਾ ਹਮਲਾ ਕਰ ਦਿੱਤਾ ਕਿ ਸਰਕਾਰ ਜੀਊਣ ਦੀ ਉਮਰ ਤਾਂ ਵਧਾ ਰਹੀ ਹੈ, ਪਰ ਰੀਟਾਇਰਮੈਂਟ ਬਾਅਦ ਪੈਨਸ਼ਨ ਦੇਣ ਲਈ ਤਾ ਖਜ਼ਾਨੇ ਹੀ ਖਾਲੀ ਪਏ ਹਨ। ਸਰਕਾਰ ਜੁਆਬ ਦੇਵੇ ਕਿ ਸੱਠ ਸਾਲ ਤਾਂ ਕੰਮ ਕਰਾ ਕੇ ਪੈਸੇ ਦਿੱਤੇ ਜਾਂਦੇ ਹਨ ਤੇ ਜੇ ਉਹ ਵਿਅਕਤੀ ਸੱਠ ਸਾਲ ਹੋਰ ਜੀਊਂਦਾ ਹੈ ਤਾਂ ਉਸ ਦੇ ਖਾਣ ਪੀਣ ਦਾ ਕੀ ਪ੍ਰਬੰਧ ਹੈ? ਖਜ਼ਾਨੇ ਤਾਂ ਪਹਿਲਾਂ ਹੀ ਖਾਲੀ ਪਏ ਹਨ?

ਗੱਲ ਗਈ ਆਈ ਹੋ ਗਈ। ਪਰ ਹੁਣ ਦੇਖਣ ਵਿਚ ਇਹ ਆਇਆ ਕਿ ਕਰੋਨੇ ਦੀ ਬਿਮਾਰੀ ਨਾਲ ਮਰਨ ਵਾਲੇ ਲੋਕ ਪੰਜਾਹ ਸਾਲ ਦੀ ਉਮਰ ਦੇ ਵਧੇਰੇ ਪਾਏ ਗਏ ਹਨ।
ਉਂਝ ਇਥੇ “ਚੰਡੂਖਾਨੇ” ਦੀਆਂ ਖਬਰਾਂ ਵੀ ਬਹੁਤ ਆਈਆਂ। ਵੱਟਸਐਪ ਤੇ ਫੇਸਬੁਕ ਵੀ ਇਲਾਜਾਂ ਦੇ ਨੁਸਖਿਆਂ ਨਾਲ ਭਰੇ ਹੁੰਦੇ। ਸਾਰੇ ਵਿਹਲੇ, ਹੋਰ ਕੋਈ ਕੰਮ ਨਹੀਂ ਤਾਂ ਸਾਰੇ ਇਸ ਬਾਰੇ ਹੀ ਬਹਿਸ ਕਰਦੇ ਰਹਿੰਦੇ। ਇਨ੍ਹਾਂ ਵਿਚ ਅਫਵਾਹਾਂ, ਝੂਠੀਆਂ ਖਬਰਾਂ ਵੀ ਬਹੁਤ ਚੱਲੀਆਂ। ਕੋਈ ਕਹਿੰਦਾ ਇਹ ਮੈਨ-ਮੇਡ ਇਕ ਕੈਮੀਕਲ ਹਥਿਆਰ ਹੈ, ਪਰ ਕੋਈ ਕੁਝ ਹੋਰ। ਕੁਝ ਇਹ ਸਾਰਾ ਕੁਝ ਰੱਬ ‘ਤੇ ਹੀ ਸੁੱਟ ਦਿੰਦੇ, ਮਗਰੋਂ ਇਹ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਕਹਿੰਦਾ ਇਹ ਚੀਨ ਦਾ ਬਣਾਇਆ ਹੋਇਆ ਇਕ ਕੈਮੀਕਲ ਹਥਿਆਰ ਹੈ ਤੇ ਜੇ ਇਹ ਇੰਝ ਨਾ ਹੁੰਦਾ ਤਾਂ ਵੁਹਾਨ ਬਾਅਦ ਇਹ ਬਿਮਾਰੀ ਸਿੱਧੀ ਨਿਊਯਾਰਕ ਕਿਵੇਂ ਪਹੁੰਚ ਗਈ? ਪੀਕਿੰਗ ਜਾਂ ਸ਼ੰਘਾਈ ਕਿਓਂ ਨਹੀ ਗਈ?। ਤੇ ਅਮਰੀਕਾ ਆਪਣੇ ਦੇਸ ‘ਚ ਹੋਏ ਇਸ ਨੁਕਸਾਨ ਬਦਲੇ ਚੀਨ ਤੋਂ ਹੈਵੀ ਮੁਆਵਜ਼ਾ ਮੰਗੇਗਾ।

ਇਸ ਬਿਮਾਰੀ ਦੇ ਕਾਰਣ ਤਾਂ ਲੱਭਦਿਆਂ ਲੱਭਦਿਆਂ ਪਤਾ ਨਹੀਂ ਕਿੰਨਾ ਚਿਰ ਲੱਗ ਜਾਵੇਗਾ ਜਾਂ ਕਾਰਣ ਲੱਭੇਗਾ ਵੀ ਕਿ ਨਹੀਂ, ਪਰ ਇੰਗਲੈਂਡ ਵਿਚ ਕਦੇ ਕਦੇ ਇਹ ਸੁਆਲ ਵੀ ਉੱਠਦਾ ਕਿ ਜੇ ਇਹ ਬਿਮਾਰੀ ਮੈਨ-ਮੇਡ ਹੈ ਤਾਂ ਇੰਗਲੈਂਡ ਦੇ ਸ਼ਾਹੀ ਘਰਾਣੇ ਦੇ ਪ੍ਰਿੰਸ, ਇਥੋਂ ਦਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਕੈਨੇਡਾ ਦੇ ਪ੍ਰੀਮੀਅਰ ਥਰੂਦੋ ਦੀ ਪਤਨੀ, ਇਥੋਂ ਦੇ ਸਿਹਤ ਨਾਲ ਸੰਬੰਧਿਤ ਅਧਿਕਾਰੀ ਤੇ ਹੋਰ ਅਜਿਹੇ ਲੋਕ ਵੀ ਹਸਪਤਾਲਾਂ ਵਿਚ ਇਸੇ ਬਿਮਾਰੀ ਦੇ ਇਲਾਜ ਲਈ ਕਿਓਂ ਜਮ੍ਹਾਂ ਹੁੰਦੇ ਰਹੇ?

- Advertisement -

ਸੰਪਰਕ: sbalwant1946@gmail.com tele 0044 7450211512

Share this Article
Leave a comment