ਜਗਮੇਲ ਸਿੰਘ ਕਤਲ ਕੇਸ : ਅਦਾਲਤ ਨੇ ਮੁਲਜ਼ਮਾਂ ਨੂੰ ਭੇਜਿਆ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ, ਜਾਣੋ ਸਾਰਾ ਮਾਮਲਾ

TeamGlobalPunjab
3 Min Read

ਸੁਨਾਮ  : ਸੰਗਰੂਰ ਦੇ ਪਿੰਡ ਚੰਗਾਲੀਵਾਲਾ ’ਚ ਤਸ਼ੱਸਦ ਦਾ ਸ਼ਿਕਾਰ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਜਿਥੇ ਸਥਾਨਕ ਲੋਕਾਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ,  ਉੱਥੇ ਹੀ ਪੁਲਿਸ ਵੱਲੋਂ ਚਾਰੇ ਮੁਲਜ਼ਮਾਂ ਅਮਰਜੀਤ ਸਿੰਘ, ਲੱਕੀ, ਬਿੱਟਾ ਅਤੇ ਬਿੰਦਰ ਨੂੰ ਸੁਨਾਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਅਦਾਲਤ ਨੇ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਬੀਤੇ ਦਿਨੀਂ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਵੱਖ -ਵੱਖ ਜਥੇਬੰਦੀਆਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਉੱਥੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਧੱਕਾ-ਮੁੱਕੀ ਵੀ ਹੋਈ। ਉੱਧਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਨੇ ਮੁੜ ਇਹ ਗੱਲ ਦੁਹਰਾਈ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ।

ਦੱਸ ਦਈਏ ਕਿ ਮਰਹੂਮ ਜਗਮੇਲ ਸਿੰਘ ਜਿਸ ਦੀ ਪਿੰਡ ਦੇ ਹੀ ਚਾਰ ਵਿਅਕਤੀਆਂ ਵੱਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਕਾਰਨ ਮੌਤ ਹੋ ਗਈ ਸੀ ਦੀ ਪਤਨੀ ਮਨਜੀਤ ਕੌਰ ਅਤੇ ਉਸਦੇ ਕੁਝ ਰਿਸ਼ਤੇਦਾਰਾਂ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸਮਝੌਤਾ ਕਰ ਲਿਆ ਹੈ । ਪੰਜਾਬ ਸਰਕਾਰ ਪਰਿਵਾਰ ਨੂੰ ਵੀ ਲੱਖ ਰੁਪਏ ਦੇਣਾ ਮੰਨ ਗਈ ਹੈ ਅਤੇ ਜਗਮੀਤ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ । ਇਹ ਫ਼ੈਸਲਾ ਵੀ ਹੋਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸੱਤ ਦਿਨ ਦੇ ਅੰਦਰ ਅੰਦਰ ਚਲਾਨ ਪੇਸ਼ ਕੀਤਾ ਜਾਵੇਗਾ ਅਤੇ ਤਿੰਨ ਮਹੀਨੇ ਦੇ ਅੰਦਰ ਅੰਦਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਸ਼ਾਮਲ ਹੈ। ਪੁਲਸ ਦੀ ਜੋ ਲਾਪ੍ਰਵਾਹੀ ਸਾਹਮਣੇ ਆਈ ਹੈ ਉਸ ਮਾਮਲੇ ਦੀ ਜਾਂਚ ਏਡੀਜੀਪੀ ਦੇ ਪੱਧਰ ਦੇ ਅਧਿਕਾਰੀ ਤੋਂ ਕਰਵਾਉਣਾ । ਵੀਹ ਲੱਖ ਤੋਂ ਇਲਾਵਾ ਇੱਕ ਲੱਖ ਪੱਚੀ ਹਜ਼ਾਰ ਰੁਪਏ ਮਕਾਨ ਵਾਸਤੇ ਦੇਣਾ । ਜਗਮੇਲ ਸਿੰਘ ਦੇ ਭੋਗ ਦੇ ਖਰਚੇ ਦਾ ਪ੍ਰਬੰਧ ਕਰਨ ਅਤੇ ਛੇ ਮਹੀਨੇ ਦਾ ਰਾਸ਼ਨ ਦੇਣ ਬਾਰੇ ਵੀ ਸਮਝੌਤਾ ਹੋਇਆ । ਜਗਮੇਲ ਸਿੰਘ ਦੇ ਤਿੰਨੋਂ ਬੱਚਿਆਂ ਦੀ ਬੀ ਏ ਤੱਕ ਦੀ ਪੜ੍ਹਾਈ ਦਾ ਖਰਚਾ ਵੀ ਪੰਜਾਬ ਸਰਕਾਰ ਚੁੱਕੇਗੀ । ਇਹ ਸਮਝੌਤਾ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ , ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਹੋਇਆ । ਇਸ ਸਮਝੌਤੇ ਬਾਰੇ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ।

ਇਹ ਫੈਸਲਾ ਵੀ ਹੋਇਆ ਕਿ ਵੀਹ ਲੱਖ ਦੀ ਰਾਸ਼ੀ ਵਿੱਚੋਂ ਪੋਸਟਮਾਰਟਮ ਵਾਲੇ ਦਿਨ ਛੇ ਲੱਖ ਰੁਪਏ ਦਿੱਤਾ ਜਾਵੇਗਾ ਅਤੇ ਬਾਕੀ ਦੀ ਰਕਮ ਭੋਗ ਵਾਲੇ ਦਿਨ ਸਰਕਾਰ ਵੱਲੋਂ ਦਿੱਤੀ ਜਾਵੇਗੀ।

ਵਰਨਣਯੋਗ ਹੈ ਕਿ ਬੀਤੀ ਸੱਤ ਨਵੰਬਰ ਨੂੰ ਜਗਮੇਲ ਸਿੰਘ ਨੂੰ ਚਾਰ ਨੌਜਵਾਨਾਂ ਨੇ ਲਗਾਤਾਰ ਤਿੰਨ ਘੰਟੇ ਜ਼ੁਲਮ ਦਾ ਸ਼ਿਕਾਰ ਬਣਾਇਆ ਸੀ । ਜਗਮੇਲ ਸਿੰਘ ਦਾ ਮਾਸ ਵੀ ਪਲਾਸ ਨਾਲ ਨੋਚਿਆ ਸੀ ਅਤੇ ਉਸ ਨੂੰ ਪਿਸ਼ਾਬ ਵੀ ਪਿਲਾਇਆ ਗਿਆ ਸੀ । ਜਿਸ ਕਾਰਨ ਪੀ ਜੀ ਆਈ ਚੰਡੀਗੜ੍ਹ ਵਿੱਚ ਪਹਿਲਾਂ ਉਸ ਦੀਆਂ ਲੱਤਾਂ ਕੱਟਣ ਤੱਕ ਨੌਬਤ ਆ ਗਈ ਸੀ ਅਖੀਰ ਉਹ 16 ਨਵੰਬਰ ਨੂੰ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ ।

- Advertisement -

Share this Article
Leave a comment