ਟੋਰਾਂਟੋ: ਕੈਨੇਡਾ ਵਿੱਚ ਇੱਕ ਵਾਰ ਫਿਰ ਸਿੱਖਾਂ ਨੇ ਝੰਡੇ ਗੱਡੇ ਹਨ। ਇੰਡੋ-ਕੈਨੇਡੀਅਨ ਸਿਹਤ ਕਾਰਕੁੰਨ ਨਵਜੀਤ ਕੌਰ ਬਰਾੜ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪਹਿਲੀ ਸਿੱਖ ਮਹਿਲਾ ਕਾਊਂਸਲਰ ਚੁਣੀ ਗਈ ਹੈ। ਉਸਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ, ਜਰਮੇਨ ਚੈਂਬਰਜ਼ ਨੂੰ ਹਰਾਇਆ ਹੈ।
ਨਵਜੀਤ ਕੌਰ ਸਾਹ ਰੋਗਾਂ ਦੀ ਥੈਰੇਪਿਸਟ ਹੈ, ਜੋ ਲੰਘੇ ਸੋਮਵਾਰ ਨੂੰ ਹੋਈਆਂ ਮਿਊਂਸਪਲ ਕੌਂਸਲ ਦੀਆਂ ਚੋਣਾਂ ਵਿੱਚ ਬਰੈਂਪਟਨ ਸਿਟੀ ਦੀ ਕਾਊਂਸਲਰ ਚੁਣੀ ਗਈ। ਉਸ ਨੇ ਐਮਸੀ ਚੋਣਾਂ ਵਿੱਚ 28.85 ਫੀਸਦੀ ਵੋਟਾਂ ਹਾਸਲ ਕੀਤੀਆਂ। ਚੈਂਬਰਜ਼ ਨੂੰ 22.59 ਪ੍ਰਤੀਸ਼ਤ ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ, ਜਦਕਿ ਕਾਰਮੇਨ ਵਿਲਸਨ 15.41 ਪ੍ਰਤੀਸ਼ਤ ਵੋਟਾਂ ਨਾਲ ਤੀਜੇ ਸਥਾਨ ‘ਤੇ ਸਨ।
ਨਵਜੀਤ ਕੌਰ ਦੀ ਜਿੱਤ ਉਪਰੰਤ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ, “ਮੈਨੂੰ @Navjitkaurbrar ਉੱਤੇ ਬਹੁਤ ਮਾਣ ਹੈ। ਉਹ ਮਹਾਂਮਾਰੀ ਦੇ ਦੌਰਾਨ ਇੱਕ ਨਿਰਸਵਾਰਥ ਅਤੇ ਸਮਰਪਿਤ ਫਰੰਟ-ਲਾਈਨ ਹੈਲਥਕੇਅਰ ਵਰਕਰ ਸੀ। ਉਸ ਨੇ ਲੋਕ ਸੇਵਾ ਲਈ ਕਦਮ ਵਧਾਏ ਹਨ। ਮੈਨੂੰ ਭਰੋਸਾ ਹੈ ਕਿ ਉਹ ਬਰੈਂਪਟਨ ਸਿਟੀ ਕਾਉਂਸਿਲ ਵਿੱਚ ਇੱਕ ਅਦਭੁਤ ਜੋੜ ਹੋਵੇਗੀ।”
ਜਾਣਕਾਰੀ ਮੁਤਾਬਕ ਬਰੈਂਪਟਨ ਸਿਵਿਕ ਚੋਣਾਂ ਲਈ 40 ਦੇ ਕਰੀਬ ਪੰਜਾਬੀ ਚੋਣ ਮੈਦਾਨ ਵਿੱਚ ਸਨ ਅਤੇ 354,884 ਯੋਗ ਵੋਟਰਾਂ ਵਿੱਚੋਂ ਸਿਰਫ਼ 87,155 ਨੇ ਹੀ ਵੋਟ ਪਾਈ। ਨਵਜੀਤ ਕੌਰ ਬਰਾੜ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਈ ਲੋਕ ਮੇਰੇ ਨਾਲ ਜੁੜੇ ਹੋ ਸਕਦੇ ਹਨ। ਮੈਂ ਸਿਰਫ਼ ਇੱਕ ਰੈਸਪੀਰੇਟਰੀ ਡਾਕਟਰ ਹਾਂ। ਮੈਂ ਅਸਲ ਵਿੱਚ ਬਹੁਤ ਸਾਰੇ ਲੋਕਾਂ ਨਾਲ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਆਪਣੇ ਵਾਰਡ ਵਿੱਚ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਯੋਜਨਾ ਬਣਾਈ ਹੈ।ਨਵਜੀਤ ਕੌਰ ਬਰਾੜ ਨੇ ਤਿੰਨ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ, ਜਿਸ ਵਿੱਚ ਨਵਾਂ ਬੁਨਿਆਦੀ ਢਾਂਚਾ ਬਣਾਉਣਾ, ਅਪਰਾਧ ਨੂੰ ਘਟਾਉਣਾ ਅਤੇ ਸੜਕ ਸੁਰੱਖਿਆ ਵਿੱਚ ਸੁਧਾਰ ਸ਼ਾਮਲ ਹਨ।