ਅਮਿਤ ਸ਼ਾਹ ਦੀ ਅਪੀਲ ਨੂੰ ਮੰਨਣ ਕਿਸਾਨ: ਕੈਪਟਨ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਰੋਸ ਪ੍ਰਦਰਸ਼ਨ ਲਈ ਮਿੱਥੀ ਗਈ ਜਗ੍ਹਾ ਉਤੇ ਜਾਣ ਲਈ ਕੀਤੀ ਗਈ ਅਪੀਲ ਨੂੰ ਪ੍ਰਵਾਨ ਕਰਨ ਲਈ ਆਖਿਆ ਹੈ ਜਿਸ ਨਾਲ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਗੱਲਬਾਤ ਛੇਤੀ ਤੋਰਨ ਦਾ ਰਾਹ ਪੱਧਰਾ ਹੋਵੇਗਾ।

ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਜਲਦ ਵਿਚਾਰ-ਵਟਾਂਦਰਾ ਕਰਨ ਦੀ ਕੀਤੀ ਪੇਸ਼ਕਸ਼ ਉਤੇ ਪ੍ਰਤੀਕਿਰਿਆ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਿਸਾਨ ਭਾਈਚਾਰੇ ਅਤੇ ਮੁਲਕ ਦੇ ਵਡੇਰੇ ਹਿੱਤ ਵਿੱਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਸ਼ਾਹ ਨੇ 3 ਦਸੰਬਰ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਉਹਨਾਂ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਕੇਂਦਰ ਕਿਸਾਨਾਂ ਦਾ ਪੱਖ ਸੁਣਨ ਲਈ ਤਿਆਰ ਹੈ ਜੋ ਸਵਾਗਤਯੋਗ ਕਦਮ ਹੈ। ਉਹਨਾਂ ਨੇ ਖੇਤੀ ਕਾਨੂੰਨ ਦੇ ਮੁੱਦੇ ਉਤੇ ਪੈਦਾ ਹੋਈ ਖੜ੍ਹੋਤ ਤੋੜਨ ਲਈ ਗੱਲਬਾਤ ਨੂੰ ਹੀ ਇਕਮਾਤਰ ਹੱਲ ਦੱਸਿਆ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਹਰੇਕ ਸਮੱਸਿਆ ਅਤੇ ਮੰਗ ਉਤੇ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਆਪਣੇ ਰੋਸ ਪ੍ਰਦਰਸ਼ਨ ਲਈ ਨਿਰਧਾਰਤ ਜਗ੍ਹਾ ਉਤੇ ਸ਼ਿਫਟ ਹੋ ਜਾਣ ਤੋਂ ਅਗਲੇ ਦਿਨ ਹੀ ਗੱਲਬਾਤ ਕੀਤੀ ਜਾਵੇਗੀ ਤਾਂ ਇਸ ਸਬੰਧ ਵਿੱਚ ਕਿਸਾਨਾਂ ਲੀਡਰਾਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੋਵੇਂ ਧਿਰਾਂ ਵੱਲੋਂ ਆਹਮੋ-ਸਾਹਮਣੇ ਬੈਠ ਕੇ ਹੀ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਰਾਜਮਾਰਗਾਂ ਨੂੰ ਬੰਦ ਕਰਨਾ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਨਹੀਂ ਸੀ ਬਲਕਿ ਉਨ੍ਹਾਂ ਦੀ ਗੱਲ ਸੁਣਨ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣਾ ਸੀ, ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਬਿਨਾਂ ਕਿਸੇ ਦੇਰੀ ਦੇ ਕੇਂਦਰ ਸਰਕਾਰ ਨੂੰ ਗੱਲਬਾਤ ਦੇ ਮੇਜ਼ `ਤੇ ਲਿਆ ਕੇ ਅੱਧੀ ਲੜਾਈ ਪਹਿਲਾਂ ਹੀ ਜਿੱਤ ਚੁੱਕੇ ਹਨ। ਇਨ੍ਹਾਂ ਹਾਲਤਾਂ ਵਿੱਚ, ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਸੱਦੇ ਨੂੰ ਸਵੀਕਾਰ ਕੇ ਕੇਂਦਰੀ ਕਾਨੂੰਨਾਂ ਦੁਆਰਾ ਪੈਦਾ ਹੋਏ ਸੰਕਟ ਨੂੰ ਸੁਲਝਾਉਣ ਲਈ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।

- Advertisement -

ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਕੇਂਦਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ ਮਾਮਲੇ ਵਿੱਚ ਪੂਰਾ ਸਮਰਥਨ ਦੇਣ ਲਈ ਤਿਆਰ ਹਨ ਅਤੇ ਸਾਰਿਆਂ ਦੇ ਸਮੂਹਿਕ ਹਿੱਤ ਵਿਚ ਵਿਚੋਲਗੀ ਕਰਨ ਲਈ ਰਾਜੀ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਜਲਦੀ ਹੱਲ ਕੱਢਣਾ ਪੰਜਾਬ ਅਤੇ ਹਰ ਪੰਜਾਬੀ ਦੇ ਹਿੱਤ ਵਿੱਚ ਹੈ।

Share this Article
Leave a comment