ਇਤਿਹਾਸ ‘ਚ ਪਹਿਲੀ ਵਾਰ ਰਾਸ਼ਟਰਪਤੀ ਦਾ ਪੁੱਤ ਦੋਸ਼ੀ ਕਰਾਰ, ਜੇਲ੍ਹ ‘ਚ ਕੱਟਣੀ ਪੈ ਸਕਦੀ ਜ਼ਿੰਦਗੀ

Prabhjot Kaur
2 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਲਈ ਬਖੇੜਾ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਡੇਲਾਵੇਅਰ ਦੀ ਇਕ ਅਦਾਲਤ ਨੇ ਬਾਇਡਨ ਦੇ ਬੇਟੇ ਹੰਟਰ ਬਾਇਡਨ ਨੂੰ ਡਰੱਗ ਅਤੇ ਬੰਦੂਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਉਸ ਦੀ ਸਜ਼ਾ ਦਾ ਐਲਾਨ 120 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਹੰਟਰ ਨੂੰ ਵੱਧ ਤੋਂ ਵੱਧ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਬਾਇਡਨ ਨੇ ਆਪਣੀ ਹਾਲੀਆ ਫਰਾਂਸ ਫੇਰੀ ਦੌਰਾਨ ਮੀਡੀਆ ਦੇ ਸਵਾਲ ‘ਤੇ ਕਿਹਾ ਸੀ ਕਿ ਜੇਕਰ ਹੰਟਰ  ਮੁਕੱਦਮੇ ‘ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਜਿਸ ਮੁਕੱਦਮੇ ਵਿੱਚ ਹੰਟਰ ਨੂੰ ਦੋਸ਼ੀ ਪਾਇਆ ਗਿਆ ਸੀ, ਉਹ 6 ਸਾਲ ਪੁਰਾਣਾ ਹੈ। ਹੰਟਰ ‘ਤੇ ਬੰਦੂਕ ਦੇ ਲਾਇਸੈਂਸ ਲਈ ਅਪਲਾਈ ਕਰਦੇ ਸਮੇਂ ਆਪਣੀ ਨਸ਼ੇ ਦੀ ਆਦਤ ਨੂੰ ਛੁਪਾਉਣ ਦਾ ਦੋਸ਼ ਹੈ। 2018 ਵਿੱਚ, ਹੰਟਰ ਬਾਇਡਨ ਨੇ ਕੋਲਟ ਕੋਬਰਾ ਹੈਂਡਗਨ ਖਰੀਦਣ ਵੇਲੇ ਅਧਿਕਾਰੀਆਂ ਤੋਂ ਸੱਚੀ ਜਾਣਕਾਰੀ ਛੁਪਾਈ। ਉਸ ਸਮੇਂ ਉਹ ਨਸ਼ੇ ਦਾ ਆਦੀ ਸੀ ਅਤੇ ਉਸ ਨੇ ਆਪਣੀ ਅਰਜ਼ੀ ਵਿੱਚ ਇਹ ਤੱਥ ਛੁਪਾਇਆ ਹੋਇਆ ਸੀ। ਅਮਰੀਕੀ ਕਾਨੂੰਨ ਮੁਤਾਬਕ ਕਿਸੇ ਵੀ ਨਸ਼ੇੜੀ ਨੂੰ ਬੰਦੂਕ ਦਾ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ।

ਹੰਟਰ ਨੂੰ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਵਿੱਚ 10-10 ਸਾਲ ਦੀ ਕੈਦ ਹੋ ਸਕਦੀ ਹੈ ਅਤੇ ਇੱਕ ਵਿੱਚ 5 ਸਾਲ ਦੀ ਕੈਦ ਹੋ ਸਕਦੀ ਹੈ। ਮਾਹਰਾਂ ਅਨੁਸਾਰ ਸਜ਼ਾ ਨੂੰ ਵਧਾਉਣਾ ਜਾਂ ਘਟਾਉਣਾ ਜੱਜ ‘ਤੇ ਨਿਰਭਰ ਕਰਦਾ ਹੈ। NYT ਦੀ ਖਬਰ ਮੁਤਾਬਕ ਜਿਨ੍ਹਾਂ ਲੋਕਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਧੋਖੇ ਨਾਲ ਖਰੀਦੇ ਗਏ ਹਥਿਆਰ ਨੂੰ ਕਿਸੇ ਅਪਰਾਧਿਕ ਗਤੀਵਿਧੀ ‘ਚ ਨਹੀਂ ਵਰਤਿਆ ਗਿਆ ਹੈ, ਤਾਂ ਉਨ੍ਹਾਂ ਦੀ ਸਜ਼ਾ ਘੱਟ ਕੀਤੀ ਜਾਂਦੀ ਹੈ।

- Advertisement -

ਵਾਲ ਸਟਰੀਟ ਜੇਲ ਕੰਸਲਟੈਂਟਸ ਦੇ ਡਾਇਰੈਕਟਰ ਲੈਰੀ ਲੇਵਿਨ ਦਾ ਕਹਿਣਾ ਹੈ ਕਿ ਹੰਟਰ ਨੂੰ 36 ਮਹੀਨਿਆਂ ਤੋਂ ਵੱਧ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ ਅਤੇ ਜੇਲ੍ਹ ਵਿਚ ਉਸ ਦੇ ਚੰਗੇ ਵਿਵਹਾਰ ਕਾਰਨ ਇਹ ਸਜ਼ਾ ਵੀ ਅੱਧੀ ਰਹਿ ਜਾਵੇਗੀ।

 

Share this Article
Leave a comment