ਰੋਹਤਕ : ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਮੰਨੀ ਜਾਂਦੀ ਹਨੀਪ੍ਰੀਤ ਆਖਰਕਾਰ ਅੱਜ ਜੇਲ੍ਹ ਅੰਦਰ ਮਿਲਣ ਪਹੁੰਚ ਹੀ ਗਈ ਹੈ। ਜਾਣਕਾਰੀ ਮੁਤਾਬਿਕ ਹਨੀਪ੍ਰੀਤ ਜਿਸ ਸਮੇਂ ਜੇਲ੍ਹ ਅੰਦਰ ਪਹੁੰਚੀ ਤਾਂ ਉਹ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੀ ਅਤੇ ਇਸ ਸਮੇਂ ਉਸ ਨਾਲ ਵਕੀਲਾਂ ਦੀ ਇੱਕ ਟੀਮ ਵੀ ਮੌਜੂਦ ਸੀ।
ਦੱਸ ਦਈਏ ਕਿ ਉਂਝ ਭਾਵੇਂ ਹਨੀਪ੍ਰੀਤ ਵੀ ਜੇਲ੍ਹ ਅੰਦਰ ਬੰਦ ਸੀ ਪਰ 6 ਅਕਤੂਬਰ ਨੂੰ ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਈ ਸੀ ਅਤੇ ਉਸ ਸਮੇਂ ਤੋਂ ਹੀ ਉਹ ਰਾਮ ਰਹੀਮ ਨਾਲ ਮੁਲਾਕਾਤ ਕਰਨਾ ਚਾਹੁੰਦੀ ਸੀ ਅਤੇ ਆਖਿਰ 28 ਮਹੀਨਿਆਂ ਬਾਅਦ ਇਹ ਮੁਲਾਕਾਤ ਹੋ ਹੀ ਗਈ। ਇਸ ਤੋਂ ਪਹਿਲਾਂ ਇਹ ਮੁਲਾਕਾਤ 25 ਅਗਸਤ 2017 ਨੂੰ ਹੋਈ ਸੀ ਜਦੋਂ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।