ਹਿਜਾਬ ਵਿਵਾਦ: ਬੈਂਗਲੁਰੂ ਸਮੇਤ ਕਰਨਾਟਕ ਦੇ 9 ਜ਼ਿਲ੍ਹਿਆਂ ‘ਚ ਧਾਰਾ 144 ਲਾਗੂ, ਨਾਅਰੇਬਾਜ਼ੀ, ਭਾਸ਼ਣ ‘ਤੇ ਪਾਬੰਦੀ

TeamGlobalPunjab
3 Min Read

ਬੈਂਗਲੁਰੂ- ਕਰਨਾਟਕ ‘ਚ ਇਸ ਸਮੇਂ ਹਿਜਾਬ ਦਾ ਵਿਵਾਦ ਚੱਲ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ ਬੁੱਧਵਾਰ ਯਾਨੀ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ, ਅਜਿਹੇ ‘ਚ ਸਰਕਾਰ ਨੇ ਇਹਤਿਆਤ ਵਜੋਂ ਧਾਰਾ 144 ਲਾਗੂ ਕਰਨ ਦਾ ਐਲਾਨ ਕੀਤਾ ਹੈ। ਕਰਨਾਟਕ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਹੁਣ ਤੱਕ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕੀਤੀ ਜਾ ਚੁੱਕੀ ਹੈ।

ਸੂਬਾ ਸਰਕਾਰ ਦਾ ਇਹ ਹੁਕਮ ਸਾਰੇ ਵਿਦਿਅਕ ਅਦਾਰਿਆਂ ਤੋਂ 200 ਮੀਟਰ ਦੀ ਦੂਰੀ ‘ਤੇ ਲਾਗੂ ਹੋਵੇਗਾ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਉਡੁਪੀ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਦੇ ਹੋਏ ਕਿਹਾ ਸੀ ਕਿ 19 ਫਰਵਰੀ ਤੱਕ ਇਹ ਨਿਯਮ ਸਾਰੇ ਖੇਤਰਾਂ ਵਿੱਚ ਸਥਿਤ ਹਾਈ ਸਕੂਲ ਦੇ ਆਲੇ-ਦੁਆਲੇ ਲਾਗੂ ਰਹੇਗਾ। ਫਿਲਹਾਲ ਕਰਨਾਟਕ ਦੇ ਉਡੁਪੀ, ਬਾਗਲਕੋਟ, ਬੈਂਗਲੁਰੂ, ਚਿੱਕਬਾਲਾਪੁਰਾ, ਗਡਕ, ਸ਼ਿਮੋਗਾ, ਮੈਸੂਰ ਅਤੇ ਦੱਖਣੀ ਕਰਨਾਟਕ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਹੁਕਮਾਂ ਅਨੁਸਾਰ ਸਕੂਲਾਂ ਦੇ ਇਸ ਸਰਕਲ ਦੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਪ੍ਰਦਰਸ਼ਨਾਂ ਅਤੇ ਰੈਲੀਆਂ ‘ਤੇ ਪਾਬੰਦੀ ਹੋਵੇਗੀ। ਨਾਅਰੇ ਲਗਾਉਣ, ਗੀਤ ਗਾਉਣ ਜਾਂ ਭਾਸ਼ਣ ਦੇਣ ‘ਤੇ ਸਖ਼ਤ ਪਾਬੰਦੀ ਹੋਵੇਗੀ। ਕਰਨਾਟਕ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਜਾਬ ਦੇ ਵਿਰੋਧ ਅਤੇ ਕੁਝ ਥਾਵਾਂ ‘ਤੇ ਹਿੰਸਾ ਦੇ ਬਾਅਦ, ਰਾਜ ਸਰਕਾਰ ਨੇ 9 ਫਰਵਰੀ ਨੂੰ ਤਿੰਨ ਦਿਨਾਂ ਲਈ ਕਲਾਸਾਂ ਬੰਦ ਕਰ ਦਿੱਤੀਆਂ ਸਨ, ਜਿਸ ਨੂੰ ਬਾਅਦ ਵਿੱਚ 16 ਫਰਵਰੀ ਤੱਕ ਵਧਾ ਦਿੱਤਾ ਗਿਆ ਸੀ। ਵਿਵਾਦ ਕਾਰਨ ਲਗਭਗ ਇੱਕ ਹਫ਼ਤਾ ਬੰਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਹਾਈ ਸਕੂਲ ਮੁੜ ਖੋਲ੍ਹੇ ਗਏ।

ਇਸ ਦੌਰਾਨ ਕਈ ਸਕੂਲਾਂ ਦੇ ਹਿਜਾਬ ਪਾ ਕੇ ਦਾਖ਼ਲ ਹੋਣ ਨੂੰ ਲੈ ਕੇ ਵਿਵਾਦ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਹਾਲਾਂਕਿ, ਜ਼ਿਆਦਾਤਰ ਮੁਸਲਿਮ ਵਿਦਿਆਰਥਣਾਂ ਨੇ ਕਲਾਸਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਿਜਾਬ ਨੂੰ ਹਟਾ ਕੇ ਹਾਈ ਕੋਰਟ ਦੇ ਅੰਤਰਿਮ ਆਦੇਸ਼ ਦੀ ਪਾਲਣਾ ਕੀਤੀ। ਹਿੰਦੂ ਵਿਦਿਆਰਥਣਾਂ ਦੇ ਭਗਵੇਂ ਸ਼ਾਲ ਪਹਿਨੇ ਹੋਣ ਦੀ ਕੋਈ ਰਿਪੋਰਟ ਨਹੀਂ ਹੈ।

- Advertisement -

 ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਉਡੁਪੀ ਸ਼ਹਿਰ ਅਤੇ ਸਕੂਲਾਂ ਦੇ ਨੇੜੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਰਨਾਟਕ ਹਾਈ ਕੋਰਟ ਨੇ ਆਪਣੇ ਅੰਤਰਿਮ ਹੁਕਮ ਵਿੱਚ ਰਾਜ ਸਰਕਾਰ ਨੂੰ ਹਿਜਾਬ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਅਤੇ ਸਾਰੇ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਭਗਵੇਂ ਸ਼ਾਲ, ਸਕਾਰਫ਼, ਹਿਜਾਬ ਅਤੇ ਕਿਸੇ ਵੀ ਧਾਰਮਿਕ ਝੰਡੇ ਨੂੰ ਨਾ ਪਹਿਨਣ ਦੀ ਬੇਨਤੀ ਕੀਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment