2 ਕਰੋੜ ਰੁਪਏ ਦੀ ਲਾਗਤ ਨਾਲ ਫਰੀਦਕੋਟ ਵਿਖੇ ਬਣੇਗੀ ਹੈਰੀਟੇਜ ਸਟਰੀਟ- ਕਿੱਕੀ ਢਿੱਲੋਂ

TeamGlobalPunjab
2 Min Read

ਫਰੀਦਕੋਟ: ਇਤਿਹਾਸਕ ਸ਼ਹਿਰ ਅਤੇ ਬਾਬਾ ਫਰੀਦ ਦੀ ਵਰਸੋਈ ਨਗਰੀ ਫਰੀਦਕੋਟ ਦੇ ਟਿੱਲਾ ਬਾਬਾ ਫਰੀਦ ਨਾਲ ਲੱਗਦੀ ਗਲੀ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਇਸ ‘ਤੇ 2 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਆਉਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮਾਰਕਫੈਂਡ ਪੰਜਾਬ ਦੇ ਚੇਅਰਮੈਨ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਬੀਤੀ ਸ਼ਾਮ ਟਿੱਲਾ ਬਾਬਾ ਫਰੀਦ ਵਿਖੇ ਅਰਦਾਸ ਕਰਨ ਉਪਰੰਤ ਹੈਰੀਟੇਜ ਸਟਰੀਟ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।

ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਫਰੀਦਕੋਟ ਜਿਲੇ ਦੀ ਆਪਣੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਹੈ ਤੇ ਉਨ੍ਹਾਂ ਦੇ ਜਿੰਮੇ ਇਹ ਸੇਵਾ ਆਈ ਹੈ ਕਿ ਫਰੀਦਕੋਟ ਨੂੰ ਜਿੱਥੇ ਖੂਬਸੂਰਤ ਬਣਾਉਣ ਲਈ ਸੀਵਰੇਜ, ਵਾਟਰ ਟਰੀਟਮੈਂਟ, ਇੰਟਰਲਾਕਿੰਗ, ਪਾਰਕ ਬਣਾਉਣ ਸਮੇਤ ਵੱਡੀ ਗਿਣਤੀ ਵਿੱਚ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹੀ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲਗਾਉਣ, ਇਥੇ ਆਉਣ ਵਾਲੇ ਸੈਲਾਨੀਆਂ, ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਟਿੱਲਾ ਬਾਬਾ ਫਰੀਦ ਦੇ ਨਾਲ ਲੱਗਦੇ ਬਾਜਾਰ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਵਿਲੱਖਣ ਵਿਰਾਸਤੀ ਬਾਜਾਰ ਬਣੇਗਾ, ਜਿਸ ਨੂੰ ਵੇਖਣ ਲਈ ਦੂਰੋਂ ਸ਼ਰਧਾਲੂ ਅਤੇ ਸੈਲਾਨੀ ਆਉਣਗੇ ਜਿਸ ਨਾਲ ਫਰੀਦਕੋਟ ਦੇ ਬਾਜਾਰਾਂ ਵਿੱਚ ਵੀ ਰੋਣਕ ਵਧੇਗੀ ਅਤੇ ਇੱਥੋ ਦੇ ਵਪਾਰੀਆਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਟੈਂਡਰ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਟਿੱਲਾ ਬਾਬਾ ਫਰੀਦ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਸੇਵਾਦਾਰ ਮਹੀਪ ਸਿੰਘ ਸੇਖੋਂ, ਇੰਮਪਰੂਵਮੈਂਟ ਟਰੱਸਟ ਅਤੇ ਸਮੁੱਚੇ ਸ਼ਹਿਰ ਵਾਸੀਆਂ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਇੱਥੋ ਫੜੀ ਲਗਾਉਣ ਵਾਲੇ ਲੋਕਾਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਵੀ ਥਾਵਾਂ ਨਿਸ਼ਚਿਤ ਕੀਤੀਆ ਜਾਣਗੀਆਂ। ਇਸ ਤੋਂ ਪਹਿਲਾ ਉਨ੍ਹਾਂ ਨੂੰ ਟਿੱਲਾ ਬਾਬਾ ਫਰੀਦ ਵਿਖੇ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

- Advertisement -

Share this Article
Leave a comment