ਜਗਤਾਰ ਸਿੰਘ ਸਿੱਧੂ;
ਹਰਿਆਣਾ ਵਿਧਾਨ ਸਭਾ ਲਈ ਮੌਜੂਦਾ ਹਾਕਮ ਧਿਰ ਭਾਜਪਾ ਵਾਸਤੇ ਕਾਂਟੇ ਦੀ ਟੱਕਰ ਬਣ ਗਈ ਹੈ। ਇਕ ਦਿਨ ਬਾਅਦ ਚੋਣ ਪ੍ਰਚਾਰ ਖਤਮ ਹੋਣ ਜਾ ਰਿਹਾ ਹੈ ਅਤੇ ਪੰਜ ਅਕਤੂਬਰ ਨੂੰ ਹਰਿਆਣਵੀਆਂ ਨੇ ਬਟਨ ਦਬਾ ਕੇ ਕਿਸੇ ਧਿਰ ਲਈ ਸਰਕਾਰ ਬਨਾਉਣ ਦੇ ਹੱਕ ਵਿਚ ਫਤਵਾ ਦੇ ਦੇਣਾ ਹੈ। ਸੂਬੇ ਅੰਦਰ ਬੇਸ਼ਕ ਆਪ ਸਮੇਤ ਕੁਝ ਖੇਤਰੀ ਪਾਰਟੀਆ ਦੇ ਨੇਤਾ ਵੀ ਜੋਰਅਜਮਾਈ ਕਰ ਰਹੇ ਹਨ ਪਰ ਅਸਲ ਟੱਕਰ ਤਾਂ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਵਿਚਕਾਰ ਬਣ ਗਈ ਹੈ ਅਤੇ ਦੋਵੇਂ ਹੀ ਧਿਰਾਂ ਹਰਿਆਣਾ ਅੰਦਰ ਸਰਕਾਰ ਬਨਾਉਣ ਦਾ ਦਾਅਵਾ ਕਰ ਰਹੀਆਂ ਹਨ।
ਵੋਟਾਂ ਪੈਣ ਦੇ ਐਨ ਆਖਰੀ ਪੜਾਅ ਵਿਚ ਚੰਡੀਗੜ੍ਹ ਦੇ ਵੱਡੇ ਮੀਡੀਆ ਗਰੁਪ ਟ੍ਰਿਬਿਊਨ ਦੀ ਪਹਿਲੇ ਪੰਨੇ ਉਪਰ ਲ਼ੱਗੀ ਚੋਣਾ ਬਾਰੇ ਵਿਸ਼ੇਸ਼ ਰਿਪੋਰਟ ਦਾ ਜ਼ਿਕਰ ਕਰਨਾ ਬਣਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ ਦਾ ਫੈਸਲਾ ਜੀ ਟੀ ਰੋਡ ਦੇ ਨਾਲ ਲਗਦੀਆਂ 29 ਵਿਧਾਨ ਸਭਾ ਸੀਟਾਂ ਲਈ ਕਾਂਗਰਸ ਅਤੇ ਭਾਜਪਾ ਵਿਚਕਾਰ ਕਾਂਟੇ ਦੀ ਟੱਕਰ ਬਣ ਗਈ ਹੈ। ਵਿਧਾਨ ਸਭਾ ਦੀਆਂ ਨੱਬੇ ਸੀਟਾਂ ਹਨ ਅਤੇ ਜੀ ਟੀ ਰੋਡ ਦੀਆਂ ਸੀਟਾਂ ਕੁਲ ਸੀਟਾਂ ਦਾ ਇਕ ਤਿਹਾਈ ਬਣਦੀਆਂ ਹਨ। ਜਿਹੜੀ ਪਾਰਟੀ ਇਨਾਂ ਸੀਟਾਂ ਵਿਚ ਬਹੁਮਤ ਲੈ ਗਈ ਉਸ ਲਈ ਹਰਿਆਣਾ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਸੁਖਾਲਾ ਹੋ ਜਾਵੇਗਾ।ਆਖਰੀ ਪੜਾ ਵਿਚ ਪੁੱਜੀ ਚੋਣ ਮੁਹਿੰਮ ਲਈ ਫਤਵਾ ਹਰਿਆਣਾ ਦੇ ਵੋਟਰਾਂ ਨੇ ਦੇਣਾ ਹੈ ਪਰ ਉਨਾਂ ਨੂੰ ਜਿੱਤਣ ਲਈ ਚੋਣ ਲੜ ਰਹੀਆਂ ਪਾਰਟੀਆਂ ਨੇ ਵਾਅਦਿਆਂ ਦੀ ਝੜੀ ਲਾ ਦਿੱਤੀ ਹੈ। ਵੋਟਰ ਫਤਵਾ ਦੇਵੇਗਾ ਕਿ ਕਿਹੜੀ ਧਿਰ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ! ਔਰਤਾਂ ਲਈ ਪ੍ਰਤੀ ਮਹੀਨਾ ਵਿੱਤੀ ਮਦਦ, ਅਗਨੀਵੀਰ ਯੋਜਨਾ ਨਾਲ ਜੁੜੇ ਨੌਜਵਾਨਾਂ ਨੂੰ ਰੁਜਗਾਰ , ਕਿਸਾਨਾਂ ਲਈ ਫਸਲ ਦੀ ਲਾਹੇਵੰਦ ਕੀਮਤ , ਸੂਬੇ ਦਾ ਸਨਅਤੀ ਵਿਕਾਸ , ਪੇਂਡੂ ਅਤੇ ਸ਼ਹਿਰੀ ਖੇਤਰ ਲਈ ਸਹੂਲਤਾਂ, ਵਿਦਿਆਰਥਣਾ ਲਈ ਮਦਦ ਦੀਆਂ ਸਕੀਮਾਂ ਅਤੇ ਐਸ ਵਾਈ ਐਲ ਰਾਹੀਂ ਪੰਜਾਬ ਤੋਂ ਹਰਿਆਣਾ ਦਾ ਬਣਦੇ ਹਿੱਸੇ ਦਾ ਪਾਣੀ ਲੈਣ ਸਮੇਤ ਵਾਅਦਿਆ ਦੀ ਕੋਈ ਕਸਰ ਨਹੀਂ ਛੱਡੀ। ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਡਬਲ ਇੰਜਣ ਦੀ ਸਰਕਾਰ ਲਿਆ ਕੇ ਹਰਿਆਣਾ ਦੇ ਲੋਕਾਂ ਨੂੰ ਬਹੁਪੱਖੀ ਵਿਕਾਸ ਦਾ ਸੁਪਨਾ ਵੀ ਵੇਚਿਆ ਜਾ ਰਿਹਾ ਹੈ।
ਲਗਾਤਾਰ ਦੋ ਵਾਰ ਸਤਾ ਵਿੱਚ ਰਹਿ ਚੁੱਕੀ ਭਾਜਪਾ ਨੂੰ ਕਈ ਵਰਗਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਹਰਿਆਣਾ ਦੇ ਪਹਿਲਵਾਨਾਂ ਦੀ ਨਰਾਜ਼ਗੀ ਮਹਿੰਗੀ ਪਏਗੀ। ਇਸੇ ਤਰਾਂ ਹਰਿਆਣਾ ਅੰਦਰ ਫੌਜ ਵਿਚ ਭਰਤੀ ਦਾ ਚੰਗਾ ਰੁਝਾਨ ਹੈ ਅਤੇ ਅਗਨੀਵੀਰ ਯੋਜਨਾ ਨਾਲ ਨੌਜਵਾਨ ਵਰਗ ਅੰਦਰ ਨਰਾਜ਼ਗੀ ਆਈ ਹੈ ਬੇਸ਼ਕ ਹਰਿਆਣਾ ਵਿਚ ਉਨਾਂ ਨਾਲ ਭਾਜਪਾ ਨੇ ਰੁਜਗਾਰ ਦੀ ਗਾਰੰਟੀ ਦੇ ਵੱਡੇ ਵਾਅਦੇ ਕੀਤੇ ਹਨ ਪਰ ਇਹ ਸਕੀਮ ਲਿਆਉਣ ਵਾਲੀ ਵੀ ਤਾਂ ਕੇਂਦਰੀ ਧਿਰ ਭਾਜਪਾ ਹੀ ਹੈ!
ਸਾਰੀਆਂ ਧਿਰਾਂ ਦੇ ਰਾਜਸੀ ਆਗੂਆਂ ਅਤੇ ਕੌਮੀ ਪੱਧਰ ਦੇ ਨੇਤਾਵਾਂ ਨੇ ਜਿਥੇ ਹਰਿਆਣਾ ਦੇ ਲੋਕਾਂ ਲਈ ਆਪਣੀਆਂ ਰੈਲੀਆਂ ਵਿੱਚ ਵੱਡੇ ਵਾਅਦੇ ਕੀਤੇ ਉਥੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਮੌਕਾ ਹੱਥੋਂ ਨਹੀ ਜਾਣ ਦਿੱਤਾ। ਇਸ ਸਾਰੇ ਕਾਸੇ ਦੇ ਚਲਦਿਆਂ ਕਿਸਾਨਾਂ ਦੀ ਅਹਿਮ ਧਿਰ ਦੀ ਗੱਲ ਕਰਨੀ ਬਣਦੀ ਹੈ! ਕਿਸਾਨ ਜਥੇਬੰਦੀਆਂ ਨੇ ਸਿੱਧੇ ਤੌਰ ਤੇ ਹਰਿਆਣਾ ਵਿਚ ਭਾਜਪਾ ਨੂੰ ਹਰਾਉਣ ਦਾ ਹੋਕਾ ਦਿੱਤਾ ਹੈ। ਆਖਰੀ ਦਿਨ ਤੱਕ ਭਾਜਪਾ ਦੇ ਕਈ ਸੂਬਾਈ ਨੇਤਾ ਅੰਦੋਲਨਕਾਰੀ ਕਿਸਾਨਾ ਵਿਰੁੱਧ ਬੋਲਦੇ ਰਹੇ ਹਨ। ਫੈਸਲਾ ਤਾਂ ਹਰਿਆਣਵੀ ਕਰਨਗੇ ਕਿ ਕੌਣ ਸਹੀ ਹੈ ਜਾਂ ਕੌਣ ਗਲਤ?
ਸੰਪਰਕ 9814002186