Breaking News

ਗਲ ਲਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿੱਚੋਂ ਨੀਰ ਵਗਿਆ…

– ਸੁਬੇਗ ਸਿੰਘ;

ਵੈਸੇ ਤਾਂ ਸਮੁੱਚਾ ਸੰਸਾਰ ਹੀ ਕੋਵਿਡ -19 ਦੇ ਕਾਰਨ ਸੰਕਟ ਦੇ ਦੌਰ ‘ਚੋਂ ਗੁਜਰ ਰਿਹਾ ਹੈ। ਪਰ ਸਾਡਾ ਦੇਸ਼ ਭਾਰਤ ਕੋਵਿਡ ਦੇ ਨਾਲ 2 ਹੋਰ ਵੀ ਬੜੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ।ਸਿਆਣੇ ਕਹਿੰਦੇ ਹਨ ਕਿ ਮਨੁੱਖ ਨੂੰ ਜਿੰਦਗੀ ‘ਚ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਇੱਕ ਤਾਂ ਉਹ ਸਮੱਸਿਆ ਹੁੰਦੀ ਹੈ, ਜਿਹੜੀ ਕੁਦਰਤ ਵੱਲੋਂ ਮਨੁੱਖ ਦੀ ਝੋਲੀ ‘ਚ ਮੱਲੋਮੱਲੀ ਪੈ ਜਾਂਦੀ ਹੈ। ਕਿਉਂਕਿ ਕੁਦਰਤੀ ਆਫਤਾਂ ਦੇ ਕਾਰਨ, ਮਨੁੱਖ ਦਾ ਕੋਈ ਜੋਰ ਵੀ ਤਾਂ ਨਹੀਂ ਚੱਲਦਾ। ਪਰ ਦੂਸਰੇ ਪਾਸੇ, ਕੁੱਝ ਉਹ ਸਮੱਸਿਆਵਾਂ ਹੁੰਦੀਆਂ ਹਨ, ਜਿਹੜੀਆਂ ਮਨੁੱਖ ਆਪਣੇ ਲਈ ਆਪ ਹੀ ਸਹੇੜ ਲੈਂਦਾ ਹੈ। ਇਹ ਸਮੱਸਿਆਵਾਂ ਭਾਵੇਂ ਨਿੱਜੀ ਤੌਰ ‘ਤੇ ਸਹੇੜੀਆਂ ਹੋਣ ਜਾਂ ਫਿਰ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਝੋਲੀ ‘ਚ ਮੱਲੋਮੱਲੀ ਪਾ ਦਿੱਤੀਆਂ ਹੋਣ। ਪਰ ਲੋਕਾਂ ਨੂੰ ਇਨ੍ਹਾਂ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪੈਂਦਾ ਹੈ।

ਅਜੋਕੇ ਦੌਰ ਦੀਆਂ ਸਰਕਾਰਾਂ ਨੇ ਵੀ ਭਾਰਤ ਦੇ ਲੋਕਾਂ ਦੇ ਗਲ ਮੱਲੋਮੱਲੀ ਅਜਿਹੀਆਂ ਕੁੱਝ ਸਮੱਸਿਆਵਾਂ ਪਾ ਦਿੱਤੀਆਂ ਹਨ, ਜਿਨ੍ਹਾਂ ਨਾਲ ਦੇਸ਼ ਦੇ ਵੱਖ 2 ਵਰਗਾਂ ਨੂੰ ਜੂਝਣਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ‘ਚੋਂ ਮਹਿੰਗਾਈ, ਬੇਰੁਜ਼ਗਾਰੀ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ ਦੇ ਨਾਲ 2, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਕਿਰਤ ਕਾਨੂੰਨਾਂ ‘ਚ ਨਵੇਂ ਸਿਰੇ ਤੋਂ ਸੋਧ ਅਤੇ ਖੇਤੀ ਸੰਬੰਧੀ ਤਿੰਨ ਕਾਨੂੰਨ ਹਨ। ਜਿਨ੍ਹਾਂ ਨੇ ਬਹੁਤ ਸਾਰੇ ਹੋਰ ਵਰਗਾਂ ਦੇ ਨਾਲ 2 ਖਾਸ ਕਰਕੇ ਮੁਲਾਜ਼ਮ ਵਰਗ, ਮਜ਼ਦੂਰ ਵਰਗ ਤੇ ਕਿਸਾਨ ਤਬਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਭਾਵੇਂ ਦੇਸ਼ ਦੇ ਲੋਕਾਂ ਦੀ ਆਰਥਿਕਤਾ ਪਹਿਲਾਂ ਹੀ ਡਾਵਾਂਡੋਲ ਹੋਈ ਪਈ ਸੀ। ਪਰ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨਵੇਂ ਪਾਸ ਕੀਤੇ ਗਏ ਕਾਨੂੰਨਾਂ ਨੇ ਤਾਂ ਲੋਕਾਂ ਦਾ ਬਿਲਕੁਲ ਹੀ ਜੀਣਾ ਦੁੱਭਰ ਕਰ ਦਿੱਤਾ ਹੈ।

ਸਾਡਾ ਦੇਸ਼ ਇੱਕ ਲੋਕਤੰਤਰਿਕ ਦੇਸ਼ ਹੈ। ਦੇਸ਼ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਨ ਪਸੰਦ ਦੀ ਸਰਕਾਰ ਚੁਣਦੇ ਹਨ, ਤਾਂ ਕਿ ਉਹ ਲੋਕਾਂ ਦੀ ਭਲਾਈ ਦੇ ਕੰਮ ਕਰ ਸਕੇ। ਪਰ ਅਫਸੋਸ ਤਾਂ ਉਸ ਵਕਤ ਹੁੰਦਾ ਹੈ, ਜਦੋਂ ਕੋਈ ਲੋਕਰਾਜੀ ਸਰਕਾਰ ਹੀ ਲੋਕਾਂ ਦੇ ਵਿਰੁੱਧ ਧੜਾਧੜ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦੇਵੇ। ਜਦੋਂਕਿ ਚਾਹੀਦਾ ਤਾਂ ਇਹ ਸੀ, ਕਿ ਕੋਵਿਡ-19 ਦੀ ਤ੍ਰਾਸਦੀ ਨੂੰ ਵੇਖਦਿਆਂ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ, ਲੋਕਪੱਖੀ ਕਾਨੂੰਨ ਬਣਾ ਕੇ ਦੇਸ਼ ਵਾਸ਼ੀਆਂ ਨੂੰ ਕੁੱਝ ਰਾਹਤ ਦੇਣੀ ਚਾਹੀਦੀ ਸੀ। ਪਰ ਸਰਕਾਰਾਂ ਨੇ ਤਾਂ, ਸਗੋਂ ਮਹਿੰਗਾਈ, ਬੇਰੁਜ਼ਗਾਰੀ ਤੇ ਹੋਰ ਕਾਲੇ ਕਾਨੂੰਨ ਪਾਸ ਕਰਕੇ ਲੋਕਾਂ ਦੇ ਨੱਕ ‘ਚ ਦਮ ਕਰ ਰੱਖਿਆ ਹੈ। ਅਜਿਹੇ ਲੋਕ-ਮਾਰੂ ਕਾਨੂੰਨਾਂ ਦੇ ਨਾਲ ਦੇਸ਼ ਵਾਸ਼ੀਆਂ ਦੀ ਆਰਥਿਕਤਾ ਹੀ ਨਹੀਂ ਡੋਲੀ, ਸਗੋਂ ਦੇਸ਼ ਦੀ ਆਰਥਿਕਤਾ ਵੀ ਡਾਵਾਂਡੋਲ ਹੋ ਗਈ ਹੈ।

ਦੇਸ਼ ਦੀਆਂ ਸਰਕਾਰਾਂ ਵੱਲੋਂ ਬਣਾਏ ਗਏ ਪੱਖਪਾਤੀ ਕਾਨੂੰਨਾਂ ਨੂੰ ਲੈ ਕੇ ਸਮੁੱਚੇ ਦੇਸ਼ ਵਾਸ਼ੀ ਡੌਰ ਭੌਰ ਹੋਏ ਬੈਠੇ ਹਨ। ਕੁੱਝ ਸਮਾਂ ਪਹਿਲਾਂ ਖੇਤੀ ਦੇ ਧੰਦੇ ਨੇ ਦੇਸ਼ ਦੇ ਕਿਸਾਨਾਂ ਤੇ ਖੇਤਾਂ ‘ਚ ਕੰਮ ਕਰਦੇ ਖੇਤ ਮਜਦੂਰਾਂ ਦੇ ਜੀਵਨ ਪੱਧਰ ‘ਚ ਕੁੱਝ ਹੱਦ ਤੱਕ ਸੁਧਾਰ ਲਿਆਂਦਾ ਸੀ। ਪਰ ਇਨ੍ਹਾਂ ਖੇਤੀ ਸੰਬੰਧੀ ਪਾਸ ਕੀਤੇ ਤਿੰਨ ਕਾਨੂੰਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਉਣ ਵਾਲੇ ਸੰਕਟ ਵਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕਿਉਂਕਿ ਖੇਤੀਬਾੜੀ ਸਵੰਧੀ ਬਿਲ ਪਾਸ ਹੋਣ ਨਾਲ, ਜਿੱਥੇ ਅੰਨ ਪਦਾਰਥਾਂ ਦੀਆਂ ਕੀਮਤਾਂ ਵਧਣਗੀਆਂ, ਉੱਥੇ ਪਹਿਲਾਂ ਤੋਂ ਬੇਰੁਜਗਾਰਾਂ ਦੀ ਡਾਰ ਹੋਰ ਵੀ ਲੰਮੀ ਹੋ ਜਾਵੇਗੀ। ਇਸ ਲਈ ਜਿੱਥੇ, ਦੇਸ਼ ਦਾ ਕਿਸਾਨ ਆਉਣ ਵਾਲੇ ਸਮੇਂ ਲਈ ਚਿੰਤਤ ਹੈ, ਉੱਥੇ ਦੇਸ਼ ਦਾ ਮਜ਼ਦੂਰ ਵੀ ਕੋਈ ਘੱਟ ਚਿੰਤਾਗ੍ਰਸਤ ਨਹੀਂ ਹੈ।

ਅਜਿਹੇ ਚਿੰਤਾਗ੍ਰਸਤ ਦੌਰ ‘ਚ ਪਿਛਲੇ ਕੁੱਝ ਸਮੇਂ ਤੋਂ ਕਿਸਾਨ ਤੇ ਪੇਂਡੂ ਮਜ਼ਦੂਰ ‘ਚ ਪਈਆਂ ਆਪਸੀ ਦਰਾੜਾਂ ਨੇ ਦੋਵਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ ਹੈ। ਕਿਉਂਕਿ ਦੋਵਾਂ ਦੇ ਹਿੱਤ ਕਿਤੇ ਨਾ ਕਿਤੇ ਸਾਂਝੇ ਹਨ। ਇਸੇ ਸੰਬੰਧ ‘ਚ ਮਹਾਨ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਲਿਖੀ ਕਵਿਤਾ ਦੀਆਂ ਸਤਰਾਂ ਯਾਦ ਆਉਂਦੀਆਂ ਹਨ, ਜਿਹੜੀਆਂ ਕਿਸਾਨ ਤੇ ਮਜ਼ਦੂਰ ਦੇ ਸਾਂਝੇ ਦਰਦ ਤੇ ਆਪਸੀ ਦੁੱਖ ਸੁੱਖ ਦੇ ਰਿਸ਼ਤੇ ਨੂੰ ਬਿਆਨ ਕਰਦੀਆਂ ਹਨ।

ਗਲ ਲੱਗ ਕੇ ਸੀਰੀ ਦੇ ਜੱਟ ਰੋਵੈ, ਬੋਹਲਾਂ ਵਿੱਚੋਂ ਨੀਰ ਵਗਿਆ। ਲਿਆ ਤੰਗਲੀ ਨਸ਼ੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ।

ਇਹ ਸਤਰਾਂ ਕਿਸਾਨ ਤੇ ਮਜ਼ਦੂਰ ਦੇ ਆਪਸੀ ਰਿਸ਼ਤੇ ਤੇ ਸਾਂਝੇ ਦਰਦ ਨੂੰ ਬਿਆਨ ਕਰਦੀਆਂ ਹਨ। ਅਸਲ ਵਿੱਚ ਇੱਕ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਵੀ ਪਾਕ ਤੇ ਪਵਿੱਤਰ ਹੈ ਅਤੇ ਦੋਵਾਂ ਦਾ ਦਰਦ ਵੀ ਸਾਂਝਾ ਹੈ। ਜਿੰਨਾ ਛੇਤੀ ਇਹ ਦੋਵੇਂ ਵਰਗ ਇਸ ਗੱਲ ਨੂੰ ਮਹਿਸੂਸ ਕਰ ਲੈਣਗੇ ਅਤੇ ਸਮਝ ਕੇ ਪੱਲੇ ਬੰਨ੍ਹ ਲੈਣਗੇ। ਉਤਨਾ ਹੀ ਦੋਵਾਂ ਧਿਰਾਂ ਦਾ ਫਾਇਦਾ ਹੈ। ਦੋਨਾਂ ਵਿੱਚੋਂ ਕਿਸੇ ਵੀ ਧਿਰ ਦੀ ਨਾ ਸਮਝੀ ਉਹਦੇ ਲਈ ਘਾਟੇ ਦਾ ਸੌਦਾ ਹੋ ਨਿਬੜੇਗੀ ਕਿਉਂਕਿ ਦੋਨੋਂ ਹੀ ਕਿਰਤੀ ਵਰਗ ਨਾਲ ਸੰਬੰਧ ਰੱਖਦੇ ਹਨ। ਦੋਨਾਂ ਵਰਗਾਂ ਨੂੰ ਆਪਣੇ ਹਿੱਤਾਂ ਲਈ ਦੁਸ਼ਮਣ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਸੰਪਰਕ: 93169 10402

Check Also

ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਵੱਡੀ ਹਲਚਲ

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਮਾਮਲੇ …

Leave a Reply

Your email address will not be published. Required fields are marked *