ਨਵ-ਭਾਰਤ ਦੇ ਨਿਰਮਾਤਾ ਅਧਿਆਪਕ? ਜਾਂ ਦੇਸ਼ ਦਾ ਨੇਤਾ? ਪਾਠਕਾਂ ਲਈ ਸਵਾਲ!

TeamGlobalPunjab
6 Min Read

-ਜਗਤਾਰ ਸਿੰਘ ਸਿੱਧੂ

ਅਧਿਆਪਕ ਦਿਵਸ ‘ਤੇ ਅਧਿਆਪਕਾਂ ਨੂੰ ਸਲਾਮ ! ਰਵਾਇਤੀ ਤੌਰ ‘ਤੇ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਦੇ ਨੇਤਾਵਾਂ ਵੱਲੋਂ ਅਧਿਆਪਕਾਂ ਦੇ ਯੋਗਦਾਨ ਬਾਰੇ ਸੁਨੇਹੇ ਦਿਤੇ ਗਏ ਹਨ। ਕੋਈ ਸਮਾਂ ਸੀ ਜਦੋਂ ਅਧਿਆਪਕਾਂ ਨੂੰ ਕੌਮ ਦੇ ਨਿਰਮਾਤਾ ਵਜੋਂ ਸਤਿਕਾਰ ਦਿਤਾ ਜਾਂਦਾ ਸੀ ਪਰ ਅਜ ਤਾਂ ਕੌਮ ਦੇ ਨਿਰਮਾਤਾ ਸਾਡੇ ਰਾਜਸੀ ਨੇਤਾ ਹਨ। ਅਧਿਆਪਕਾਂ ਦੇ ਪੜਾਏ ਤਾਂ ਨੌਕਰੀਆਂ ਦੀ ਝਾਕ ਛੱਡ ਕੇ ਖੇਤਾਂ ‘ਚ ਝੋਨਾ ਲਾ ਰਹੇ ਹਨ ਜਾਂ ਕਿਸੇ ਢਾਬੇ ‘ਤੇ ਚਾਹ ਬਣਾ ਰਹੇ ਹਨ ਪਰ ਚਾਹ ਬਣਾਉਣ ਵਾਲੇ ਦੇਸ਼ ਦੇ ਨੇਤਾ ਬਣ ਕੇ ਨਵ-ਭਾਰਤ ਦਾ ਨਿਰਮਾਣ ਕਰ ਰਹੇ ਹਨ ਅਤੇ ਆਤਮ ਨਿਰਭਰ ਭਾਰਤ ਬਣਾ ਰਹੇ ਹਨ। ਅਧਿਆਪਕ ਤਾਂ ਬੇਵਸ ਹੈ ਉਸਦੀਆਂ ਅੱਖਾਂ ਦੇ ਸਾਹਮਣੇ ਉਸਦੇ ਗਰੀਬ ਵਿਦਿਆਰਥੀਆਂ ਲਈ ਆਏ ਵਜੀਫੇ ਦੇ ਫੰਡ ‘ਚੋਂ 64 ਕਰੋੜ ਰੁਪਏ ਦਾ ਘਪਲਾ ਹੋ ਜਾਂਦਾ ਹੈ। ਇਹ ਮਾਮਲਾ ਵੀ ਕਿਸੇ ਰਾਜਸੀ ਧਿਰ ਦੇ ਨੇਤਾ ਨੇ ਨਹੀਂ ਸਗੋਂ ਵਿਭਾਗ ਦੇ ਹੀ ਇਕ ਸੀਨੀਅਰ ਆਈ.ਏ.ਐਸ ਅਧਿਕਾਰੀ ਨੇ ਸਾਹਮਣੇ ਲਿਆਦਾਂ ਹੈ। ਵੰਡੇ ਗਏ ਫੰਡ ‘ਚੋਂ 39 ਕਰੋੜ ਰੁਪਏ ਦਾ ਕੋਈ ਕਾਗਜ ਪੱਤਰ ਹੀ ਨਹੀਂ।

ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੰਤਰੀ ਆਪਣੇ ਆਪ ਨੂੰ ਨਿਰਦੋਸ਼ ਆਖਦਾ ਹੈ। ਸਿਖਰ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਯਕੀਨ ਹੀ ਨਹੀਂ ਕਿ ਉਸਦੇ ਮੰਤਰੀ ਦਾ 64 ਕਰੋੜ ਦੇ ਘਪਲੇ ਨਾਲ ਨਾਂ ਜੁੜਦਾ ਹੈ। ਮੁੱਖ ਮੰਤਰੀ ਨੇ ਇਕ ਹੋਰ ਜਾਂਚ ਬਿੱਠਾ ਦਿੱਤੀ ਹੈ। ਕੌਮ ਦੇ ਨਿਰਮਾਤਾ ਵੱਜੋਂ ਜਾਣੇ ਜਾਂਦੇ ਅਧਿਆਪਕਾਂ ਦੀਆਂ ਤਾਂ ਪੁਸ਼ਤਾਂ ਵੀ ਕਰੋੜਾਂ ਰੁਪਏ ਦੇ ਦਰਸ਼ਨ ਕਰਨ ਬਾਰੇ ਵੀ ਸੋਚ ਨਹੀਂ ਸਕਦੀਆਂ ਕਿਉਂ ਜੋ ਅਧਿਆਪਕ ਨੂੰ ਤਾਂ ਕਈ ਵਾਰ ਕਈ ਮਹੀਨੇ ਤਨਖਾਹ ਹੀ ਨਹੀਂ ਮਿਲਦੀ ਜਾਂ ਅਧਿਆਪਕ ਦਾ ਇਮਤਿਹਾਨ ਪਾਸ ਕਰਕੇ ਨੌਕਰੀ ਲੈਣ ਲਈ ਪੁਲਿਸ ਦੀਆਂ ਡਾਂਗਾਂ ਖਾਣ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ। ਜਿਹੜੇ ਕੇਸਾਂ ‘ਚੋਂ ਬਚ ਜਾਂਦੇ ਹਨ, ਉਹ ਸਬਜ਼ੀ ਵੇਚਣ ਲੱਗ ਜਾਂਦੇ ਹਨ ਜਾਂ ਕਿਸੇ ਭੱਠੇ ਦੀਆਂ ਇੱਟਾਂ ਪੱਥਣ ਲੱਗ ਜਾਂਦੇ ਹਨ। ਕੌਮ ਦਾ ਨਿਰਮਾਤਾ ਨੇਤਾ ਜਾਣਦਾ ਹੈ ਕਿ ਚੋਣਾਂ ਆਉਣਗੀਆਂ ਤਾਂ ‘ਚ ਮੈਨੀਫੈਸਟੋ ‘ਚ ਕਿਸੇ ਬਦਲਵੇਂ ਰੰਗ ਨਾਲ ਘਰ ਘਰ ਰੁਜ਼ਗਾਰ ਦਾ ਭਰੋਸਾ ਦਿੱਤਾ ਜਾਵੇਗਾ। ਜਿੱਥੇ ਰੇਤ, ਬਜਰੀ ਅਤੇ ਚਿੱਟੇ ਦੇ ਕਾਰੋਬਾਰ ਨਾਲ ਵੋਟਾਂ ਖਰੀਦੀਆਂ ਜਾ ਸਕਦੀਆਂ ਹੋਣ ਉੱਥੇ ਤਾਂ ‘ਗੁਰੂ’ ਬੋਲਣ ਵਾਲਾ ਵੀ ਰਾਜਨੀਤੀ ਛੱਡ ਕੇ ਘਰ ‘ਚ ਸਵੈ ਇੱਛਾ ਨਾਲ ਨਜ਼ਰਬੰਦ ਹੋਇਆ ਬੈਠਾ ਹੈ।

ਅਧਿਆਪਕ ਦਿਵਸ ‘ਤੇ ਅਧਿਆਪਕਾਂ ਨੂੰ ਚੇਤੇ ਕਰਨਾ ਵੀ ਬਣਦਾ ਹੈ। ਮੈਂ ਉਨ੍ਹਾਂ ਅਧਿਆਪਕਾਂ ਨੂੰ ਚੇਤੇ ਕਰਦਾ ਹਾਂ ਜਿਹੜੇ ਸਧਾਰਨ ਘਰਾਂ ਦੇ ਬੱਚਿਆਂ ਦੀ ਜ਼ਿੰਦਗੀ ਬਣਾਉਂਦੇ ਸਨ। ਮੈਨੂੰ ਆਪਣੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦੇ ਅਧਿਆਪਕ ਚੇਤੇ ਆਉਂਦੇ ਹਨ। ਉਨ੍ਹਾਂ ‘ਚੋਂ ਇੱਕ ਪੰਜਾਬੀ ਅਧਿਆਪਕ ਗਿਆਨੀ ਭਾਗ ਸਿੰਘ ਸਨ ਪਰ ਅੰਗਰੇਜ਼ੀ ਦੀ ਐੱਮ.ਏ. ਵੀ ਸਨ। ਉਹ ਸਕੂਲ ਬਾਅਦ ਆਪਣੇ ਘਰ ‘ਚ ਬੱਚਿਆਂ ਨੂੰ ਮੁਫਤ ਅੰਗਰੇਜ਼ੀ ਪੜ੍ਹਾਉਂਦੇ ਸਨ। ਸਕੂਲ ‘ਚ ਉਨ੍ਹਾਂ ਦੀ ਨਿਗਰਾਨੀ ਹੇਠ ਸ਼ਾਨਦਾਰ ਲਾਇਬ੍ਰੇਰੀ ਸੀ। ਸਕੂਲ ‘ਚ ਹਰ ਸ਼ਨਿਚਰਵਾਰ ਬਾਲ ਸਭਾ ਲਗਦੀ ਸੀ। ਬੱਚੇ ਪ੍ਰੋਗਰਾਮ ਪੇਸ਼ ਕਰਦੇ ਸਨ। ਅਧਿਆਪਕ ਕਰਮ ਸਿੰਘ ਗਰੇਵਾਲ, ਬਦਰੀਨਾਥ ਸ਼ਾਸ਼ਤਰੀ, ਸਾਇੰਸ ਅਧਿਆਪਕ ਨਛੱਤਰ ਸਿੰਘ ਅਤੇ ਕਈ ਹੋਰ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਵੀ ਬੱਚਿਆਂ ਦੀਆਂ ਕਲਾਸਾਂ ਲੈਂਦੇ ਸਨ। ਸਾਡੇ ‘ਚੋਂ ਬਾਅਦ ‘ਚ ਡਾ. ਲਾਭ ਸਿੰਘ ਖੀਵਾ ਅਤੇ ਗੁਰਦੇਵ ਸਿੰਘ ਨੇ ਸਾਹਿਤਕ ਦੁਨੀਆ ‘ਚ ਨਾਂ ਬਣਾਇਆ। ਇਸੇ ਤਰ੍ਹਾਂ ਤੇਜਰਾਮ ਅਤੇ ਕਈ ਹੋਰ ਡਾਕਟਰ, ਵਕੀਲ ਅਤੇ ਇੰਜੀਨੀਅਰ ਬਣੇ। ਕਈ ਹੋਰ ਆਪੋ ਆਪਣੇ ਖੇਤਰਾਂ ‘ਚ ਆਪਣਾ ਨਾਂ ਰੱਖਦੇ ਹਨ।

- Advertisement -

ਜਰਨੈਲ ਸਿੰਘ, ਸਰੂਪ ਸਿੰਘ ਅਤੇ ਉਨ੍ਹਾਂ ਦੇ ਕਈ ਸਾਥੀ ਸਮਾਜਿਕ ਖੇਤਰ ’ਚ ਆਪਣੀ ਪਛਾਣ ਰੱਖਦੇ ਹਨ। ਬਹਾਲ ਸਿੰਘ ਅਤੇ ਕਈ ਹੋਰਾਂ ਨੇ ਖੇਡਾਂ ਦੇ ਖੇਤਰ ‘ਚ ਪਿੰਡ ਦਾ ਨਾਂ ਚਮਕਾਇਆ। ਮੈਂ ਜੇਕਰ ਮਾਲਵੇ ਦੇ ਪਿੰਡ ‘ਚੋਂ ਉੱਠ ਕੇ ਚੰਡੀਗੜ੍ਹ ਪੱਤਰਕਾਰੀ ਖੇਤਰ ‘ਚ ਆਇਆ ਤਾਂ ਇਹ ਦੇਣ ਮੇਰੇ ਸਕੂਲ ਦੇ ਅਧਿਆਪਕ ਦੀ ਹੈ। ਕਾਲਜ ‘ਚ ਜਾ ਕੇ ਵੀ ਕਈ ਅਧਿਆਪਕਾਂ ਦੀ ਦੋਸਤਾਨਾਂ ਪਹੁੰਚ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਤਰ੍ਹਾਂ ਸਾਡੇ ‘ਚੋਂ ਹੋਰ ਬਹੁਤ ਸਾਰੇ ਹੋਣਗੇ ਜਿਹੜੇ ਅਧਿਆਪਕਾਂ ਦੀ ਦੇਣ ਨੂੰ ਕਦੇ ਭੁਲਾ ਨਹੀਂ ਸਕਦੇ। ਇਹ ਉਹ ਵਰਗ ਹੈ ਜਿਹੜਾ ਨੌਕਰੀ ਸਮੇਂ ਇੱਕ-ਇੱਕ ਇੰਕਰੀਮੈਂਟ ਨੂੰ ਚਾਅ ਨਾਲ ਉਡੀਕਦਾ ਹੈ ਅਤੇ ਸੇਵਾ ਮੁਕਤੀ ਵਾਲੇ ਅਜੇ ਵੀ ਪੈਨਸ਼ਨ ਦੇ ਵਾਧੇ ਲਈ ਲੜਦੇ ਰਹਿੰਦੇ ਹਨ। ਦੂਜੇ ਪਾਸੇ ਨਵ-ਨਿਰਮਾਣ ਭਾਰਤ ਦੇ ਨੇਤਾ ਹਨ। ਇਨ੍ਹਾਂ ‘ਚੋਂ ਇੱਕ ਨੂੰ ਮੈਂ ਪੱਤਰਕਾਰੀ ਦੇ ਸ਼ੁਰੂ ਦੇ ਦਿਨਾਂ ‘ਚ ਚੰਡੀਗੜ੍ਹ ‘ਚ ਸਕੂਟਰ ‘ਤੇ ਘੁੰਮਦੇ ਵੇਖਿਆ ਹੈ। ਕੁਝ ਸਮਾਂ ਪਹਿਲਾਂ ਮੈਂ ਉਸ ਨੇਤਾ ਨੂੰ ਪੁੱਛ ਬੈਠਾ ਕਿ ਤੁਸੀਂ ਪਿਛਲੇ ਦਿਨੀਂ ਕਾਰ ਰਾਹੀਂ ਦਿੱਲੀ ਗਏ ਸੀ ਤਾਂ ਉਸ ਦਾ ਜਵਾਬ ਸੀ ਕਿ ਸੜਕੀ ਰਸਤੇ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਕਈ ਸਾਲ ਤੋਂ ਕਦੇ ਵੀ ਦਿੱਲੀ ਨਹੀਂ ਗਿਆ।

ਖੈਰ, ਅਧਿਆਪਕ ਤਾਂ ਅੱਜ ਵੀ ਬੱਚਿਆਂ ਦੇ ਭਵਿੱਖ ਦੇ ਨਿਰਮਾਣ ਲਈ ਯੋਗਦਾਨ ਪਾ ਰਿਹਾ ਹੈ। ਜਿਹੜੇ ਅਧਿਆਪਕਾਂ ਨੂੰ ਸੇਵਾਵਾਂ ਬਦਲੇ ਕੋਈ ਸੂਬਾਈ ਅਤੇ ਕੌਮੀ ਪੱਧਰ ‘ਤੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਮੁਬਾਰਕ ! ਬੱਚਿਆਂ ਦੇ ਭਵਿੱਖ ਦੇ ਨਿਰਮਾਤਾ ਨੂੰ ਤਾਂ ਹਰ ਸਾਲ ਪੰਜ ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਸਨਮਾਨਿਤ ਕੀਤਾ ਜਾਂਦਾ ਹੈ ਪਰ ਸਮਾਜ ਦੇ ਆਧੁਨਿਕ ਨਿਰਮਾਤਾ ਨੇਤਾ ਤਾਂ ਐਨੇ ਸਾਦਗੀ ਵਾਲੇ ਹਨ ਕਿ ਪੰਜ ਸਾਲ ਚੋਣਾਂ ਵੇਲੇ ਕੇਵਲ ਇੱਕ ਦਿਨ ਲਈ ਸਨਮਾਨ ਦੀ ਲੋੜ ਹੁੰਦੀ ਹੈ! ਅਗਲੀਆਂ ਚੋਣਾਂ ਤੱਕ ਤਾਂ ਉਹ ‘ਰਾਜ ਨਹੀਂ ਸੇਵਾ’ ਦੇ ਆਦਰਸ਼ ‘ਚ ਐਨੇ ਖੁੱਬ ਜਾਂਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕਦੋ ਮੁੜ ਚੋਣਾਂ ਦਾ ਬਿਗਲ ਵੱਜ ਜਾਂਦਾ ਹੈ।

ਸੰਪਰਕ : 98140-02186

Share this Article
Leave a comment