Home / ਓਪੀਨੀਅਨ / ਆਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਨੂੰ ਦੇ ਤਾ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ, ਸੁਣ ਕੇ ਅਕਾਲੀ ਵੀ ਰਹਿ ਗਏ ਹੱਕੇ ਬੱਕੇ!

ਆਹ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਨੂੰ ਦੇ ਤਾ ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ, ਸੁਣ ਕੇ ਅਕਾਲੀ ਵੀ ਰਹਿ ਗਏ ਹੱਕੇ ਬੱਕੇ!

ਜਿਸ ਦਿਨ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਹੀ ਇਸ ਲਾਂਘੇ ਦਾ ਕ੍ਰੈਡਿਟ ਲੈਣ ਲਈ ਵੱਖ ਵੱਖ ਪਾਰਟੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਜਦੋਂ ਗਲੋਬਲ ਪੰਜਾਬ ਟੀਵੀ ਦੀ ਟੀਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਲਾਂਘੇ ਦਾ ਕ੍ਰੈਡਿਟ ਉਸ ਨੂੰ ਦੇ ਦਿੱਤਾ ਜਿਸ ਬਾਰੇ ਜਾਣ ਕੇ ਸਾਰੇ ਹੈਰਾਨ ਰਹਿ ਗਏ। ਕੀ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਆਓ ਤੁਹਾਨੂੰ ਵੀ ਦੱਸਦੇ ਹਾਂ ਸਾਡੇ ਇਸ ਖਾਸ ਪ੍ਰੋਗਰਾਮ “ਰਾਈਡ ਵਿਦ ਅਵਤਾਰ ਸਿੰਘ” ਰਾਹੀਂ।

ਅਵਤਾਰ ਸਿੰਘ ਸ਼ੇਰਪੁਰੀ : ਤੁਹਾਡਾ ਬੀਬੀਆਂ ਦੀ ਸਿੱਖ ਪੰਥ ਵਿੱਚ ਸਮਾਨਤਾ ਜਾਂ ਬਰਾਬਰੀ ਬਾਰੇ ਕੀ ਕਹਿਣਾ ਹੈ?

ਗਿਆਨੀ ਹਰਪ੍ਰੀਤ ਸਿੰਘ : ਮੇਰੇ ਖਿਆਲ ਵਿੱਚ ਸਿੱਖ ਪੰਥ ਵਿੱਚ ਜਿੰਨੀ ਮਾਨਤਾ ਜਾਂ ਬਰਾਬਰੀ ਹਰ ਇੱਕ ਇਸਤਰੀ ਨੂੰ ਦਿੱਤੀ ਗਈ ਹੈ, ਸ਼ਾਇਦ ਹੀ ਦੇਸ਼ਾਂ-ਵਿਦੇਸ਼ਾਂ ਵਿੱਚ ਜਾਂ ਕਿਸੇ ਵੀ ਧਰਮ ਵਿੱਚ ਕਿਸੇ ਇਸ਼ਤਰੀ ਨੂੰ ਦਿੱਤੀ ਗਈ ਹੋਵੇ। ਇਸਤਰੀ ਨੂੰ ਸਿੱਖ ਕੌਮ ਵਿੱਚ ਪੂਰੀ ਪ੍ਰਧਾਨਤਾ ਤੇ ਬਰਾਬਰੀ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਧਰਮ ਦੀਆਂ ਕੁਝ ਪਰੰਪਰਾਵਾਂ ਹਨ, ਜੋ ਯੁੱਗਾਂ-ਯੁੱਗਾਂ ਤੋਂ ਸਿੱਖ ਧਰਮ ਦੇ ਨਾਲ ਚਲਦੀਆਂ ਆਈਆਂ ਹਨ ਤੇ ਜਿਨ੍ਹਾਂ ਨੂੰ ਤੋੜਿਆ ਨਹੀਂ ਜਾ ਸਕਦਾ ਖਾਸ਼ਕਰ ਉਸ ਹਾਲਤ ਵਿੱਚ ਜਦੋਂ ਸਾਡੀਆਂ ਧਾਰਮਿਕ ਸੰਸਥਾਵਾਂ ਲੋਕਤੰਤਰੀ ਹੋਣ। ਬਸ ਇਸ ਕਾਰਨ ਹੀ ਸਿੱਖ ਪੰਥ ਵਿੱਚ ਬੀਬੀਆਂ ਦਾ ਰੁਤਬਾ ਬਹੁਤ ਉੱਚਾ, ਪਵਿੱਤਰ ਤੇ ਬੜੇ ਮਾਣ ਸਤਿਕਾਰ ਵਾਲਾ ਹੈ।

ਅਵਤਾਰ ਸਿੰਘ ਸੇ਼ਰਪੁਰੀ : ਸਿੱਖ ਕੌਮ ਵਿੱਚ ਪੱਗ ਨੂੰ ਬੜ੍ਹਾ ਸਨਮਾਨ ਦਿੱਤਾ ਜਾਂਦਾ ਹੈ ਤੇ ਕਈ ਵਾਰ ਦੇਸ਼ਾਂ ਵਿਦੇਸ਼ਾਂ ਵਿੱਚ ਪੱਗ ਨੂੰ ਲੈ ਕੇ ਵੀ ਬਹੁਤ ਵਿਵਾਦ ਹੋਇਆ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?

ਗਿਆਨੀ ਹਰਪ੍ਰੀਤ ਸਿੰਘ : ਸਿੱਖ ਪੰਥ ਵਿੱਚ ਪੱਗ ਦਾ ਖਾਸ ਰੁਤਬਾ ਹੈ, ਜੋ ਇੱਕ ਸਿੱਖ ਦੀ ਪਹਿਚਾਣ ਹੈ। ਦੇਖੋ ਪੱਗ ਨੂੰ ਲੈ ਕੇ ਉੱਠੇ ਵਿਵਾਦਾਂ ਜਾਂ ਫਿਰ ਕਹਿ ਲਓ ਕਿ ਇੱਕ ਸਿੱਖ ਦੀ ਪੱਗ ਨੂੰ ਖਾਸ ਪਹਿਚਾਣ ਦਵਾਉਣ ਲਈ ਸਿਰਫ ਐਸਜੀਪੀਸੀ ਹੀ ਨਹੀਂ ਸਾਡੀਆਂ ਹੋਰ ਵੀ ਸਿੱਖ ਸੰਸਥਾਵਾਂ ਤੇ ਸਾਰੇ ਸਿੱਖ ਵੀ ਦੋਸ਼ੀ ਨੇ।ਜਿਹੜੇ ਨਸਲੀ ਟਿੱਪਣੀਆਂ ਕਰਦੇ ਹਨ ਹੋ ਸਕਦਾ ਹੈ ਉਹ ਆਪਣੀ ਪਹਿਚਾਣ ਦੇ ਭੁਲੇਖੇ ਵਿੱਚ ਗਲਤ ਟਿੱਪਣੀਆਂ ਕਰਦੇ ਹਨ ਜਾਂ ਜਿਹੜੇ ਲੋਕ ਸਿੱਖ ਧਰਮ ਜਾਂ ਸਿੱਖ ਤੇ ਉਸ ਦੀ ਪਹਿਚਾਣ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਤੇ ਉਹ ਜਾਣ ਬੁਝ ਕੇ ਨਸਲੀ ਟਿੱਪਣੀਆਂ ਕਰਦੇ ਹਨ ਮੇਰੇ ਖਿਆਲ ਵਿੱਚ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।ਮੇਰਾ ਸਮਝਣਾ ਹੈ ਕਿ ਜ਼ਿਆਦਾਤਰ ਲੋਕ ਭੁਲੇਖੇ ਵਿੱਚ ਹੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨ। ਕਿਤੇ ਨਾ ਕਿਤੇ ਸਾਡੀਆਂ ਸਿੱਖ ਸੰਸਥਾਵਾਂ ਤੇ ਦੇਸ਼ਾਂਵਿਦੇਸ਼ਾਂ ਵਿੱਚ ਵਸਦੇ ਸਿੱਖ ਪੂਰੀ ਤਰ੍ਹਾਂ ਇਸ ਗੱਲ ਤੇ ਐਕਟਿਵ ਨਹੀਂ ਹਨ ਕਿ ਉਹ ਗੈਰ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਦੱਸ ਸਕਣ।ਸਾਨੂੰ ਚਾਹੀਦਾ ਹੈ ਕਿ ਅਸੀਂ ਸਿੱਖ ਪੰਥ ਤੇ ਇੱਕ ਸਿੱਖ ਦੀ ਪਹਿਚਾਣ ਨੂੰ ਪੂਰੀ ਦੁਨੀਆ ਵਿੱਚ ਮਹਾਨ ਬਣਾਉਣ ਦੇ ਯਤਨ ਕਰੀਏ ਤੇ ਧਾਰਮਿਕ ਸਟੇਜਾਂ ਨੂੰ ਆਪਸੀ ਝਗੜਿਆਂ ਲਈ ਇਸਤੇਮਾਲ ਨਾ ਕਰੀਏ, ਤੇ ਸਾਰੀਆਂ ਧੀਰਾਂ ਮਿਲਕੇ ਸਿੱਖੀ ਦੇ ਪ੍ਰਚਾਰ ਲਈ ਯਤਨ ਕਰੀਏ।

ਅਵਤਾਰ ਸਿੰਘ ਸ਼ੇਰਪੁਰੀ : ਜੱਥੇਦਾਰ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਸ ਮਸਲੇ ਤੇ ਐਸਜੀਪੀਸੀ ਇੱਕ ਅਹਿਮ ਰੋਲ ਅਦਾ ਕਰ ਸਕਦੀ ਹੈ।

ਜੱਥੇਦਾਰ ਜੀ : ਜੀ ਹਾਂ ਕਰ ਸਕਦੀ ਹੈ, ਪਰ ਕੋਈ ਇੱਕ ਦੋ ਸਿੱਖ ਸੰਸਥਾਵਾਂ ਹੀ ਹਨ ਜਿਨ੍ਹਾਂ ਦੇ ਵਿਚਾਰਾਂ ਵਿੱਚ ਮਤਭੇਦ ਹੁੰਦੇ ਹਨ, ਪਰ ਜ਼ਿਆਦਾਤਰ ਵਿਸ਼ਿਆਂ ਤੇ ਸਾਰੀਆਂ ਸਿੱਖ ਸੰਸਥਾਵਾਂ 95 ਪ੍ਰਤੀਸ਼ਤ ਇੱਕ ਮਤ ਨੇ, ਇਸ ਲਈ ਸਾਨੂੰ ਬਾਕੀ ਬਚਦੇ 5 ਪ੍ਰਤੀਸ਼ਤ ਤੇ ਇੱਕ ਦੂਜੇ ਦੇ ਵਿਰੋਧ ਨੂੰ ਛੱਡ ਕੇ ਸਿੱਖ ਪੰਥ ਨੂੰ ਅੰਤਰਰਾਸ਼ਟਰੀ ਪਹਿਚਾਣ ਦਵਾਉਣ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਨਾਲ ਸਾਡੀ ਮਤਲਬ ਸਿੱਖੀ ਦੀ ਪਹਿਚਾਣ ਦੇ ਸਾਰੇ ਤਕਰੀਬਨ ਮਸਲੇ ਹਲ ਹੋ ਜਾਣਗੇ।  

ਅਵਤਾਰ ਸਿੰਘ ਸ਼ੇਰਪੁਰੀ : ਸਿੱਖ ਧੜਿਆਂ ਵਿੱਚ ਆਪਸੀ ਝਗੜੇ ਜਾਂ ਗੁਰੂਦੁਆਰਾ ਸਾਹਿਬ ਵਿੱਚ ਅਹੁਦੇ, ਪ੍ਰਧਾਨਗੀ ਬਾਰੇ ਆਪਸੀ ਮਤਭੇਦ ਹੁੰਦੇ ਹਨ, ਕਿਉਂ

ਗਿਆਨੀ ਹਰਪ੍ਰੀਤ ਸਿੰਘ : ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਗੁਰੂਦੁਆਰਾ ਸਾਹਿਬ ਵਿੱਚ ਦੋ ਸਿੱਖ ਧੜਿਆਂ ਵਿੱਚ ਝਗੜਿਆਂ ਦੀ ਗੱਲ ਬਹੁਤ ਹੀ ਮੰਦਭਾਗੀ ਹੈ। ਅੱਜਕਲ੍ਹ ਇੰਟਰਨੈਂਟ ਦਾ ਯੁੱਗ ਹੈ ਜਿਸ ਕਾਰਨ ਕੋਈ ਵੀ ਗੱਲ ਬਹੁਤ ਜਲਦੀ ਮੀਡੀਆ ਦੇ ਜਰੀਏ ਵਾਇਰਲ ਹੋ ਜਾਂਦੀ ਹੈ।ਇਸ ਵਿੱਚ ਮੈਂ ਮੀਡੀਆਂ ਨੂੰ ਦੋਸ਼ੀ ਨਹੀਂ ਸਮਝਦਾ। ਅੱਜ ਕਲ੍ਹ ਲੋਕ ਨੈਗੇਟੀਵੀਟੀ ਨੂੰ ਜ਼ਿਆਦਾ ਪਸੰਦ ਕਰਦੇ ਹਨ, ਜਦੋਂ ਕਿ ਮੀਡੀਆ ਦਾ ਫਰਜ਼ ਬਣਦਾ ਉਸ ਖਬਰ ਨੂੰ ਦਖਾਉਣਾ। ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਇਨ੍ਹਾਂ ਗੱਲਾਂ ਤੋਂ ਉੱਪਰ ਉੱਠ ਕੇ ਸਿੱਖ ਕੌਮ ਦੀ ਪਹਿਚਾਣ ਲਈ ਯਤਨ ਕਰੀਏ।

ਅਵਤਾਰ ਸਿੰਘ ਸ਼ੇਰਪੁਰੀ :  “ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ’ ਬਾਰੇ ਕੀ ਕਹੋਗੇ?

ਗਿਆਨੀ ਹਰਪ੍ਰੀਤ ਸਿੰਘ : ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਗੱਲ ਕੀਤੀ ਹੈ।ਪਰ ਜੇ ਅਸੀਂ ਗੁਰਬਾਣੀ ਦੀ ਗੱਲ ਕਰੀਏ। ਕੀ ਸਾਡੀ ਗੁਰਬਾਣੀ ਨੇ ਸਾਨੂੰ ਇੱਕ ਦੂਸਰੇ ਨਾਲ ਝਗੜੇ ਕਰਨ ਲਈ ਕਿਹਾ ਹੈ, ਜਾਂ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਦੀ ਸਿੱਖਿਆ ਦਿੱਤੀ ਹੈ। ਇਸ ਲਈ ਗੁਰਬਾਣੀ ਦਾ ਜੋ ਹੁਕਮਨਾਮਾ ਹੈ, ਉਹ ਸਰਵੋਤਮ ਹੈ, ਸਭ ਤੋਂ ਵੱਡਾ ਹੈ ਤੇ ਸਾਨੂੰ ਇਸ ਨੂੰ ਮੰਨਣਾ ਵੀ ਚਾਹੀਦਾ ਹੈ।

ਅਵਤਾਰ ਸਿੰਘ ਸ਼ੇਰਪੁਰੀ : ਕੀ ਸਿੱਖ ਪੰਥ ਜਾਂ ਸਿੱਖ ਸੰਸਥਾਵਾਂ ਬਾਹਰਲੇ ਲੀਡਰਾਂ ਦੇ ਪ੍ਰੈਸ਼ਰ ਹੇਠ ਕੰਮ ਕਰਦੀਆਂ ਹਨ?

ਗਿਆਨੀ ਹਰਪ੍ਰੀਤ ਸਿੰਘ : ਜੋ ਤੁਸੀਂ ਬਾਹਰਲੇ ਲੀਡਰਾਂ ਦੀ ਸਿੱਖ ਸੰਸਥਾਵਾਂ ਤੇ ਪ੍ਰੈਸ਼ਰ ਦੀ ਗੱਲ ਕੀਤੀ ਹੈ, ਤਾਂ ਮੇਰੀ 2 ਸਾਲ ਦੀ ਸੇਵਾ ਵਿੱਚ, ਜੋ ਮੈਂ ਬਤੌਰ ਸੇਵਾਦਾਰ ਕਰ ਰਿਹਾ ਤਾਂ ਮੇਰੀ ਸੇਵਾ ਦੌਰਾਨ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਕਿ ਸਿੱਖ ਸੰਸਥਾਵਾਂ ਨੂੰ ਬਾਹਰਲੇ ਲੀਡਰਾਂ ਦੇ ਪ੍ਰੈਸ਼ਰ ਹੇਠ ਕੰਮ ਕਰਨਾ ਪਿਆ ਹੋਵੇ। ਜਿਨ੍ਹਾਂ ਚਿਰ ਸੇਵਾ ਦੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿੱਚ ਕੌਮ ਦੀ ਤਰਜਮਾਨੀ ਕਰਦਾ ਰਹੇਗਾ।ਸਾਰੀਆਂ ਸਿੱਖ ਸੰਸਥਾਵਾਂ ਬਿਨ੍ਹਾ ਕਿਸੇ ਦੇ ਦਬਾਅ ਤੋਂ ਹਮੇਸ਼ਾ ਕੰਮ ਕਰਦੀਆਂ ਆਈਆਂ ਹਨ।

ਅਵਤਾਰ ਸਿੰਘ ਸ਼ੇਰਪੁਰੀ : ਭਾਰਤ ਤੇ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਅੰਦਰ ਗੁਰਪੁਰਬ  ਇੱਕਠੇ ਕਿਉਂ ਨਹੀਂ ਮਨਾਏ ਜਾਂਦੇ?

ਸ੍ਰੀ ਹਰਪ੍ਰੀਤ ਸਿੰਘ : ਇਹ ਸਾਡੇ ਲਈ ਬੜੀ ਮੰਦਭਾਗੀ ਵਾਲੀ ਗੱਲ ਹੈ ਕਿ ਅਸੀਂ ਦੇਵੇਂ ਦੇਸ਼ ਗੁਰਪੁਰਸ ਇਕੱਠੇ ਹੋ ਕੇ ਨਹੀਂ ਮਨਾਉਂਦੇ। ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਇਕੱਠੇ ਹੋ ਕੇ ਗੁਰਪੁਰਬ ਕਿਉਂ ਨਹੀਂ ਮਨਾ ਸਕਦੇ।ਜਿਸ ਦਾ ਕਾਰਨ ਹੈ ਕਿ ਅਸੀਂ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਗੁਰਪੁਰਬ ਮਨਾਉਂਦੇ ਹਾਂ। ਇਸ ਲਈ ਸਾਨੂੰ ਦੋਵੇਂ ਮੁਲਕਾਂ ਦੇ ਗੁਰੂਦੁਆਰਾ ਸਾਹਿਬ ਦੀਆਂ ਸੰਸਥਾਵਾਂ ਨੂੰ ਮਿਲਕੇ ਗੁਰਪੁਰਬ ਇਕੱਠੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਿੱਖ ਪੰਥ ਹੋਰ ਮਜ਼ਬੂਤ ਹੋ ਸਕੇ।

ਅਵਤਾਰ ਸਿੰਘ ਸ਼ੇਰਪੁਰੀ : ਸਿੱਖ ਪੰਥ ਦੀਆਂ ਇਤਿਹਾਸਕ ਚੀਜਾਂ, ਇਤਿਹਾਸਕ ਗੁਰਦੁਆਰੇ ਦੀ ਸਾਂਭ ਸੰਭਾਲ ਤੇ ਸ੍ਰੋਮਣੀ ਪ੍ਰਬੰਧਕ ਕਮੇਟੀ ਸਿੱਧੇ ਤੌਰ ਤੇ ਦਖਲ ਕਿਉਂ ਨਹੀਂ ਦਿੰਦੀ?

ਗਿਆਨੀ ਹਰਪ੍ਰੀਤ ਸਿੰਘ : ਇਸ ਗੱਲ ਬਾਰੇ ਸਿੱਖ ਕੌਮ ਤੇ ਸ੍ਰੋਮਣੀ ਪ੍ਰਬੰਧਕ ਕਮੇਟੀ ਵੀ ਹੁਣ ਬਹੁਤ ਸੁਚੇਤ ਹੋਈ ਹੈ। ਜੋ 70-80 ਸਾਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੇ ਉਨ੍ਹਾਂ ਨੂੰ ਹੁਣ ਨਹੀਂ ਛੇੜਿਆ ਜਾਂਦਾ, ਤੇ ਹੁਣ ਸਮੇਂ ਦੇ ਨਾਲ-ਨਾਲ ਐੱਸਜੀਪੀਸੀ ਵੱਲੋਂ ਨਵੀਂਆਂ ਇਮਾਰਤਾਂ ਤੇ ਸਰਾਵਾਂ ਵੀ ਬਣਾਈਆਂ ਜਾ ਰਹੀਆਂ ਨੇ, ਤੇ ਹੁਣ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਤਿਹਾਸਕ ਇਮਾਰਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ।

ਅਵਤਾਰ ਸਿੰਘ ਸ਼ੇਰਪੁਰੀ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕਰੈਡਿਟ ਤੁਸੀਂ ਕਿਸ ਨੂੰ ਦਿੰਦੇ ਹੋ?

ਗਿਆਨੀ ਹਰਪ੍ਰੀਤ ਸਿੰਘ ਜੀ : ਮੈਂ ਇਹ ਕਰੈਡਿਟ ਅਕਾਲ ਪੁਰਖ ਨੂੰ ਦਿੰਦਾ ਹਾਂ ਨਾ ਕਿ ਕਿਸੇ ਵਿਅਕਤੀ ਵਿਸੇ਼ਸ਼ ਨੂੰ ਜਾਂ ਫਿਰ ਇਸ ਦਾ ਕਰੈਡਿਟ ਦੁਨੀਆ ਵਿੱਚ ਵਸਦੇ ਸਿੱਖਾਂ ਨੂੰ ਦਿੰਦਾ ਜਿਨ੍ਹਾਂ ਨੇ ਇਸ ਸੁੱਭ ਕੰਮ ਲਈ ਦਿਨ ਰਾਤ ਅਰਦਾਸਾਂ ਕੀਤੀਆਂ।ਇਹ ਕ੍ਰਿਪਾ ਅਕਾਲ ਪੁਰਖ ਦੀ ਹੈ ਜਿਨ੍ਹਾਂ ਨੇ ਸਾਨੂੰ ਇਸ ਗੁਰੂਧਾਮ ਦੇ ਖੁਲ੍ਹੇ ਦਰਸ਼ਨ ਦੀਦਾਰ ਕਰਨ ਦਾ ਭਾਗ ਬਖਸਿਆ ਹੈ।

ਅਵਤਾਰ ਸਿੰਘ ਸ਼ੇਰਪੁਰੀ: ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕਰਤਾਰਪੁਰ ਲਾਂਘੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਯੋਗਦਾਨ ਰਿਹਾ।

ਗਿਆਨੀ ਹਰਪ੍ਰੀਤ ਸਿੰਘ : ਨਹੀਂ ਨਹੀਂ ਮੇਰਾ ਇਹ ਨਹੀਂ ਕਹਿਣਾ ਕਿ ਕਿਸੇ ਨੇ ਵਿਸ਼ੇਸੇ਼ ਯੋਗਦਾਨ ਦਿੱਤਾ, ਪਰ ਜਿਸ ਨੇ ਵੀ ਇਸ ਕੰਮ ਲਈ ਯੋਗਦਾਨ ਪਾਇਆ ਹੈ ਚਾਹੇ ਉਹ ਕੋਈ ਵੀ ਹੋਵੇ, ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੋਵੇ, ਅਸੀਂ ਉਸ ਦਾ ਬਹੁਤ ਧੰਨਵਾਦ ਕਰਦੇ ਹਾਂ।ਬਾਕੀ ਜੋ ਹੋਇਆ ਵਾਹਿਗੁਰੂ ਦੀ ਅਪਾਰ ਮੇਹਰ ਸਦਕਾ ਹੋਇਆ ਹੈ।

ਅਵਤਾਰ ਸਿੰਘ ਸ਼ੇਰਪੁਰੀ : “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਇਸ ਸਲੋਕ ‘ਤੇ ਅਮਲ ਕਰਨ ਲਈ ਐਸਜੀਪੀਸੀ ਸਿੱਖਾਂ ਨੂੰ ਕਿਉਂ ਨਹੀਂ ਕਹਿ ਰਹੀ?

ਗਿਆਨੀ ਹਰਪ੍ਰੀਤ ਸਿੰਘ : ਐਸਜੀਪੀਸੀ ਇੱਕ ਧਾਰਮਿਕ ਜਮਾਤ ਹੈ। ਬਾਕੀ ਧਾਰਮਿਕ ਸਟੇਜਾਂ ਤੋਂ ਜਦੋਂ ਵੀ ਕੋਈ ਕਥਾ ਵਾਚਕ ਜਾਂ ਸਿੱਖ ਸੰਸਥਾਪਕ ਪਾਣੀ ਦੀ ਸੰਭਾਲ ਲਈ ਸੰਦੇਸ਼ ਦਿੰਦਾ ਹੈ ਤਾਂ ਇਹ ਸੰਦੇਸ਼ ਸਿੱਧਾ ਹੀ ਸਿੱਖ ਕੌਮ ਲਈ ਹੈ।ਕੁਝ ਤਾਂ ਪਾਣੀ ਦਾ ਪੱਧਰ ਘੱਟ ਰਿਹਾ ਹੈ ਤੇ ਕੁਝ ਸਾਡੇ ਪਾਣੀ ਨੂੰ ਸਾਡੇ ਤੋਂ ਲੁਟਿਆ ਵੀ ਜਾ ਰਿਹਾ।ਸਰਕਾਰਾਂ ਨੂੰ ਵੀ ਪਾਣੀ ਦੀ ਸੰਭਾਲ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਅਸੀਂ ਵੀ ਗੁਰਦੁਆਰਿਆਂ ਵਿੱਚ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਪ੍ਰਾਜੈਕਟ ਲਗਾ ਰਹੇ ਹਾਂ।

ਅਵਤਾਰ ਸਿੰਘ ਸ਼ੇਰਪੁਰ : ਕੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦਾ ਹੁਕਮ ਨਹੀਂ ਲਾਗੂ ਹੋ ਸਕਦਾ ਕਿ ਹਰ ਸਿੱਖ ਇੱਕ-ਇੱਕ ਦਰੱਖਤ ਲਗਾਵੇ, ਨਾਲ ਹੀ ਪੰਜਾਬ ਨੂੰ “ਖਾਲਸ” ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਤੇ ਅੱਜ ਉਹ ਹੀ ਪੰਜਾਬ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਗਿਆ ਹੈ?

ਗਿਆਨੀ ਹਰਪ੍ਰੀਤ ਸਿੰਘ : ਜੀ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਕੰਮ ਵੀ ਕੀਤਾ ਜਾਵੇ ਜਿਸ ਦੀ ਸ਼ੁਰੂਆਤ ਅਸੀਂ ਸ੍ਰੀ ਦਮਦਮਾ ਸਾਹਿਬ ਵਿੱਚ ਦਰੱਖਤ ਲਗਾ ਕੇ ਕੀਤੀ ਹੈ।ਬਾਕੀ ਜੇ ਗੱਲ ਕਰੀਏ ਪੰਜਾਬ ਦੇ ਖਾਲਸ ਹੋਣ ਦੀ ਤਾਂ ਇਸ ਲਈ ਅਸੀਂ ਪੰਜਾਬੀ ਖੁਦ ਜ਼ਿੰਮੇਵਾਰ ਹਾਂ, ਕਿਉਂਕਿ ਕੋਈ ਵੀ ਆਪਣੇ ਹੱਥੀ ਮਿਹਨਤ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਹੁਣ ਲੋਕ ਗੁਰਬਾਣੀ ਦੀ ਵਿਚਾਰਧਾਰਾਂ ਤੋਂ ਅਸਲ ਵਿੱਚ ਟੁੱਟ ਚੁੱਕੇ ਹਨ। ਇਸ ਲਈ ਸਾਨੂੰ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਹੈ।

ਅਵਤਾਰ ਸਿੰਘ ਸ਼ੇਰਪੁਰੀ : ਬੇਅਦਬੀ ਵਾਲੇ ਮਾਮਲੇ ਵਿੱਚ ਦੋਸ਼ੀ ਕੌਣ ਹੈ?

ਗਿਆਨੀ ਹਰਪ੍ਰੀਤ ਸਿੰਘ ਜੀ : ਦੇਖੋ ਬੇਅਦਬੀ ਵਾਲੇ ਮਾਮਲੇ ਵਿੱਚ ਰਾਜਨੀਤੀ ਬਹੁਤ ਹੋਈ ਹੈ।ਇਹ ਸਿੱਖਾਂ ਲਈ ਬਹੁਤ ਹੀ ਸੰਵੇਦਨਸ਼ੀਨ ਵਿਸ਼ਾ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਬੇਨਕਾਬ ਕਰਨ ਵਿੱਚ ਸਰਕਾਰ ਦੀਆਂ ਸਾਰੀਆਂ ਏਜ਼ਸੀਆਂ ਪੂਰੀ ਤਰ੍ਹਾਂ ਫੇਲ੍ਹ ਹੋ ਗਈਆਂ ਹਨ।

ਅਵਤਾਰ ਸਿੰਘ ਸ਼ੇਰਪੁਰੀ: ਕੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਕਾਲੀ ਦਲ (ਬਾਦਲਾਂ)ਦੀ ਜੇਬ ਵਿਚੋਂ ਨਿਕਲਦੇ ਹਨ, ਇਸ ਬਾਰੇ ਤੁਹਾਡੇ ਕੀ ਕਹਿਣਾ ਹੈ?

ਗਿਆਨੀ ਹਰਪ੍ਰੀਤ ਸਿੰਘ ਜੀ : ਇਹ ਗੱਲ ਬਿਲਕੁਲ ਝੂਠ ਹੈ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਕਾਲੀ ਦਲ ਦੇ ਪ੍ਰਧਾਨ ਬਾਦਲਾ ਦੀ ਜੇਬ ਵਿਚੋਂ ਨਿਕਲਦੇ ਹਨ। ਹਾਂ ਅਕਾਲੀ ਦਲ ਸ੍ਰੋਮਣੀ ਕਮੇਟੀ ਦੀ ਰੋਲਿੰਗ ਪਾਰਟੀ ਹੈ। ਮੇਰੀ ਚੋਣ ਨਿਰਪੱਖ ਹੋਈ ਨਾ ਕਿ ਕਿਸੇ ਦੀ ਜੇਬ ਵਿਚੋਂ, ਤੇ ਨਾ ਹੀ ਮੈਂ ਇਸ ਅਹੁਦੇ ਲਈ ਕਿਸੇ ਤੱਕ ਪਹੁੰਚ ਕੀਤੀ।ਇਸ ਲਈ ਮੈਂ ਕਿਸ ਤਰ੍ਹਾਂ ਕਹਿ ਸਕਦਾ ਕਿ ਅਕਾਲ ਤਖਤ ਦੇ ਜੱਥੇਦਾਰ ਬਾਦਲਾਂ ਦੀ ਜੇਬ ਵਿਚੋਂ ਨਿਕਲਦੇ ਹਨ।

ਅਵਤਾਰ ਸਿੰਘ ਸ਼ੇਰਪੁਰੀ: ਹਿੰਦੂ ਸੰਗਠਨ ਆਰਐਸਐੱਸ ਸਿੱਖਾਂ ਦੀ ਦੁਸ਼ਮਣ ਹੈ ਜਾਂ ਸਿੱਖਾਂ ਦੀ ਭਾਈਵਾਲ ?

ਗਿਆਨੀ ਹਰਪ੍ਰੀਤ ਸਿੰਘ : ਮੈਂ ਆਰਆਰਐੱਸ ਦੇ ਮੈਂਬਰਾਂ ਨੂੰ ਕਦੀ ਨਹੀਂ ਮਿਲਿਆ। ਜਿਸ ਤਰ੍ਹਾਂ ਆਰਐਸਐੱਸ ਆਪਣੀ ਕੌਮ ਨੂੰ ਉਭਾਰਨ ਦੇ ਯਤਨ ਕਰ ਰਹੀ ਹੈ ਉਸ ਤਰ੍ਹਾਂ ਸਾਡੀ ਸਿੱਖ ਸੰਸਥਾ ਐਸਜੀਪੀਸੀ ਨੂੰ ਵੀ ਯਤਨ ਕਰਨੇ ਚਾਹੀਦੇ ਹਨ। ਇਸ ਲਈ ਸਾਨੂੰ ਕਿਸੇ ਦੀ ਵਿਰੋਧਤਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਪਾਲਿਸੀਆਂ ਨੂੰ ਆਪਣੀ ਕੌਮ ਲਈ ਵਰਤਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ।

ਅਵਤਾਰ ਸਿੰਘ ਸ਼ੇਰਪੁਰੀ: ਸਾਨੂੰ ਸਿੱਖ ਪ੍ਰਚਾਰਕਾਂ ਵਿਚੋਂ ਕਿਸਨੂੰ ਸੁਣਨਾ ਚਾਹੀਦਾ?

ਸ੍ਰੀ ਹਰਪ਼੍ਰੀਤ ਸਿੰਘ ਜੀ : ਮੈਂ ਇਸ ਤੇ ਇਹ ਕਹਾਂਗਾ ਕਿ ਕਿਸੇ ਦੀ ਨਾ ਸੁਣੋ ਸਿਰਫ ਬਾਣੀ ਨੂੰ ਸੁਣੋ, ਉਸ ਤੇ ਅਮਲ ਕਰੋ ਤੇ ਉਸ ਦੀਆਂ ਵਿਚਾਰਧਾਰਾਵਾਂ ਨੂੰ ਹੀ ਅਪਣੇ ਅਸਲ ਜੀਵਨ ਵਿੱਚ ਅਪਣਾਉ, ਤੇ ਜਦੋਂ ਅਸੀਂ ਬਾਣੀ ਨੂੰ ਸਮਝ ਗਏ ਕਿ ਉਹ ਸਾਨੂੰ ਕੀ ਕਹਿੰਦੀ ਹੈ ਤਾਂ ਅਸੀਂ ਆਪ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਜਿਸ ਪ੍ਰਚਾਰਕ ਨੂੰ ਸੁਣ ਰਹੇ ਹਾਂ ਉਹ ਬਾਣੀ ਦੇ ਅਨੁਸਾਰ ਬੋਲ ਰਿਹਾ ਜਾਂ ਨਹੀਂ।

ਅਵਤਾਰ ਸਿੰਘ ਸ਼ੇਰਪੁਰੀ : ਜਿਹੜੇ ਸਾਡੇ ਸਿੱਖ ਪੰਥ ਦੇ ਪ੍ਰਚਾਰਕ ਨੇ ਉਨ੍ਹਾਂ ਵਿੱਚ ਆਪਸੀ ਵਿਰੋਧ ਚਲਦਾ ਰਹਿੰਦਾ, ਜਾਂ ਫਿਰ ਕਹਿ ਲਓ ਉਨ੍ਹਾਂ ਦੇ ਵਿੱਚ ਮਤਭੇਦ ਬਹੁਤ ਹਨ

ਗਿਆਨੀ ਹਰਪ੍ਰੀਤ ਸਿੰਘ : ਇਹ ਗੱਲ ਵੀ ਅਕਸਰ ਦੇਖਣ ਵਿੱਚ ਆਉਂਦੀ ਹੈ ਕਿ ਸਿੱਖ ਪ੍ਰਚਾਰਕਾਂ ਵਿੱਚ ਆਪਸੀ ਮਤਭੇਦ ਪਾਏ ਜਾਂਦੇ ਹਨ। ਇਸ ਤੇ ਉਨ੍ਹਾਂ ਸਿੱਖ ਪ੍ਰਚਾਰਕਾਂ ਨੇ ਨਹੀਂ ਸਗੋਂ ਖੁਦ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਮਤਭੇਦਾਂ ਨੂੰ ਆਪਸ ਵਿੱਚ ਬੈਠ ਕੇ ਹੱਲ ਕਰਨ ਦੀ ਗੱਲ ਕਹੀ ਹੈ, ਜਿਸ ਤੇ ਸਾਨੂੰ ਉਨ੍ਹਾਂ ਦਾ ਬਹੁਤਾ ਸਹਿਯੋਗ ਨਹੀਂ ਮਿਲਿਆ।

ਅਵਤਾਰ ਸਿੰਘ ਸ਼ੇਰਪੁਰੀ : ਕੀ ਸਿੱਖ ਕੌਮ ਦਾ ਐੱਸਜੀਪੀਸੀ ਤੋਂ ਭਰੋਸਾ ਉੱਠਦਾ ਜਾ ਰਿਹਾ?

ਗਿਆਨੀ ਹਰਪ੍ਰੀਤ ਸਿੰਘ : ਸਿੱਖ ਪੰਥ ਦੀਆਂ ਸਾਰੀਆਂ ਸੰਸਥਾਵਾਂ ਜੋ ਅਸਲ ਵਿੱਚ ਸਿੱਖ ਪੰਥ ਦੀਆਂ ਨੀਹਾਂ ਹਨ। ਵਿਰੋਧੀਆਂ ਵੱਲੋਂ ਇਨ੍ਹਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਰਾਹੀ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੇ ਔਗੁਣਾਂ ਨੂੰ ਦੱਸ ਕੇ ਕੌਮ ਨੂੰ ਗਲਤ ਰਸਤਾ ਦਿਖਾਇਆ ਜਾ ਰਿਹਾ ਹੈ। ਬਾਕੀ ਹਰ ਵਿਅਕਤੀ ਵਿੱਚ ਗੁਣਾਂ ਦੇ ਨਾਲ-ਨਾਲ ਕੁਝ ਔਗੁਣ ਵੀ ਹੁੰਦੇ ਹਨ ਜੇ ਅਸੀਂ ਸਿਰਫ ਉੋਸ ਦੇ ਕੁਝ ਔਗੁਣਾਂ ਨੂੰ ਸਾਹਮਣੇ ਰੱਖਾਗੇ ਤੇ ਉੋਸ ਦੇ ਗੁਣਾਂ ਦੀ ਚਰਚਾ ਨਹੀਂ ਕਰਾਂਗੇ ਤਾਂ ਉਸ ਦਾ ਪ੍ਰਭਾਵ ਕਿਸ ਤਰ੍ਹਾਂ ਦਿਖ ਸਕਦਾ।

ਅਵਤਾਰ ਸਿੰਘ : ਧਾਰਾ 370 ਬਾਰੇ ਤੁਸੀਂ ਕੀ ਕਹੋਗੇ?

ਗਿਆਨੀ ਹਰਪ੍ਰੀਤ ਸਿੰਘ : ਮੈਂ ਇਸ ਤੇ ਇਹ ਕਹਿਣਾ ਚਾਹੁੰਦਾ ਕਿ ਜੇਕਰ ਧਾਰਾ 370 ਨਾਲ ਕਸ਼ਮੀਰੀਆ ਦੇ ਹੱਕ ਮਹਿਫੂਜ਼ ਰਹਿੰਦੇ ਹਨ ਜਾਂ ਕਹਿ ਲਓ ਉਨ੍ਹਾਂ ਦੇ ਹੱਕਾਂ ਨੂੰ ਮਹਿਫੂਜ਼ ਰੱਖਦੀ ਹੈ, ਤਾਂ ਇਹ ਇੱਕ ਵਧੀਆ ਫੈਸਲਾ ਹੈ।ਇਸ ਲਈ ਪੂਰੀ ਦੁਨੀਆ ਵਿੱਚ ਘੱਟ ਗਿਣਤੀ ਲੋਕਾਂ ਦੇ ਹੱਕਾਂ ਨੂੰ ਦੱਬਿਆ ਨਹੀਂ ਜਾਣਾ ਚਾਹੀਦਾ ਬੇਸ਼ੱਕ ਉਹ ਕੋਈ ਵੀ ਕੌਮ ਹੋਵੇ, ਜਿਸ ਤਰ੍ਹਾਂ ਕਿ ਹੁਣ ਤੱਕ ਸਿੱਖ ਕੌਮ ਨਾਲ ਹੁੰਦਾ ਆਇਆ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਸਭ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਹੈ। ਆਪਸੀ ਮਤਭੇਦਾਂ ਨੂੰ ਰਲ-ਮਿਲ ਕੇ, ਇਕੱਠੇ ਬੈਠ ਕੇ ਹੱਲ ਕਰਨਾ ਚਾਹੀਦਾ ਹੈ।

ਅਵਤਾਰ ਸਿੰਘ : ਤੁਹਾਨੂੰ ਕੀ ਲੱਗਦਾ ਕੀ ਇਸ ਪਿੱਛੇ ਕੁਝ ਏਜ਼ੰਸੀਆਂ ਕੰਮ ਕਰ ਰਹੀਆਂ ਹਨ ਜ਼ੋ ਆਪਸੀ ਤਾਲਮੇਲ ਨਹੀਂ ਬਣਨ ਦੇ ਰਹੀਆਂ?

ਗਿਆਨੀ ਹਰਪ੍ਰੀਤ ਸਿੰਘ ਜੀ : ਹੋ ਸਕਦਾ ਹੈ ਕਿ ਇਸ ਪਿੱਛੇ ਕੁਝ ਏਜ਼ੰਸੀਆਂ ਹੋਣ।  

ਅਵਤਾਰ ਸਿੰਘ : ਅੱਜ ਪੰਜਾਬ ਵਿੱਚ ਹੀ ਪੰਜਾਬੀ ਮਾਂ ਬੋਲੀ ਨੂੰ ਮਹੱਤਵ ਨਹੀਂ ਦਿੱਤਾ ਜਾ ਰਿਹਾ, ਪੰਜਾਬੀ ਮਾਂ ਬੋਲੀ ਨਾਲ ਨਫਰਤ ਕੀਤੀ ਜਾਣ ਲੱਗੀ ਹੈ?

ਹਰਪ੍ਰੀਤ ਸਿੰਘ ਜੀ : ਸਾਡੀਆਂ ਸਿੱਖ ਸੰਸਥਾਵਾਂ ਇਸ ਖੇਤਰ ਵਿੱਚ ਵੀ ਕੰਮ ਕਰ ਰਹੀਆਂ ਹਨ ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਉਭਾਰਿਆ ਜਾ ਸਕੇ।ਨਾਲ ਹੀ ਸਿੱਖ ਭਾਈਚਾਰੇ ਵੱਲੋਂ ਸਹਿਯੋਗ ਦੀ ਥਾਂ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।ਹੋ ਸਕਦਾ ਹੈ ਕਿ ਸਿੱਖ ਸੰਸਥਾਵਾਂ ਵਿੱਚ ਕੁਝ ਕਮੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਭੰਡਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਅਵਤਾਰ ਸਿੰਘ : ਬਾਦਲ ਪਰਿਵਾਰ ਨੇ ਮਾਫੀ ਮੰਗੀ ਹੈ, ਜਿਸ ਤੇ ਅਕਾਲ ਤਖਤ ਸਾਹਿਬ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ, ਤੁਹਾਨੂੰ ਇਸ ਬਾਰੇ ਕੀ ਲੱਗਦਾ?

ਸ੍ਰੀ ਹਰਪ੍ਰੀਤ ਸਿੰਘ ਜੀ : ਐਸਜੀਪੀਸੀ ਦੁਨੀਆਵੀ ਕੋਰਟਾਂ ਦੀ ਤਰ੍ਹਾਂ ਨਹੀਂ ਹੈ ਕਿ ਕਿਸੇ ਨੂੰ ਸੰਮਨ ਜਾਰੀ ਕਰੇ। ਬਾਕੀ ਜੇ ਕਿਸੇ ਸਿੱਖ ਤੋਂ ਗਲਤੀ ਹੋ ਵੀ ਜਾਂਦੀ ਹੈ ਤੇ ਉਹ ਆਪਣੀ ਗਲਤੀ ਮੰਨਣਾ ਚਾਹੁੰਦਾ ਤਾਂ ਉਸ ਦਾ ਆਪ ਫਰਜ਼ ਬਣਦਾ ਕਿ ਉਹ ਪੰਜ ਪਿਆਰਿਆਂ ਸਾਹਮਣੇ ਪੇਸ ਹੋ ਕੇ ਮਾਫੀ ਮੰਗੇ।ਇਸ ਲਈ ਰਾਜਨੀਤੀ ਨੂੰ ਸਿੱਖ ਸੰਸਥਾਵਾਂ ਨਾਲ ਜੋੜ ਕੇ ਨਾ ਵੇਖਿਆ ਜਾਵੇ।
ਜਥੇਦਾਰ Akal Takht Sahib ਦਾ ਧਮਾਕੇਦਾਰ Exclusive Interview, ਧੂੰਮਾ ਤੇ ਢੱਡਰੀਆਂਵਾਲੇ ਦੇ ਖੋਲ੍ਹਤੇ ਰਾਜ਼

ਜਥੇਦਾਰ Akal Takht Sahib ਦਾ ਧਮਾਕੇਦਾਰ Exclusive Interview, ਧੂੰਮਾ ਤੇ ਢੱਡਰੀਆਂਵਾਲੇ ਦੇ ਖੋਲ੍ਹਤੇ ਰਾਜ਼

Posted by Global Punjab TV on Saturday, October 12, 2019

Check Also

ਕੋਰੋਨਾ ਧਮਾਕਾ : ਜਲੰਧਰ ‘ਚ ਕੋਰੋਨਾ ਦੇ 28 ਅਤੇ ਮੁਹਾਲੀ ‘ਚ 26 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। …

Leave a Reply

Your email address will not be published. Required fields are marked *