ਡਾ. ਗੁਰਨਾਮ ਸਿੰਘ ਦਾ ਇਹ ਲੇਖ 2012 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਨੂੰ ਅਸੀਂ ਮੁੜ ਪ੍ਰਕਾਸ਼ਿਤ ਕਰਨ ਦਾ ਮਾਣ ਲੈ ਰਹੇ ਹਾਂ। ਇਸ ਲੇਖ ਦੇ ਸਿਰਲੇਖ ਦੇ ਹਵਾਲੇ ਨਾਲ ਵਰਤਮਾਨ ਸਮੇਂ ਗੁਰਮਤਿ ਸੰਗੀਤ ਨੇ ਆਪਣੀ ਵਿਸ਼ਵ ਸੰਗੀਤ ਵਿੱਚ ਵਿਸ਼ੇਸ਼ ਪਹਿਚਾਣ ਬਣਾਈ ਹੈ।
ਗੁਰਮਤਿ ਸੰਗੀਤ ਪੂਰਬ ਤੋਂ ਪੱਛਮ ਵੱਲ
*ਗੁਰਨਾਮ ਸਿੰਘ (ਡਾ. )
ਵਿਸ਼ਵ ਸੰਗੀਤ ਪਰੰਪਰਾਵਾਂ ਵਿਚ ਗੁਰਮਤਿ ਸੰਗੀਤ ਦੀ ਸਿੱਖ ਸੰਗੀਤ ਵਜੋਂ ਨਿਰੰਤਰ ਪਛਾਣ ਸਥਾਪਤ ਹੋ ਰਹੀ ਹੈ। ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਦੇ ਸਫ਼ਰ ਦੀ ਦਾਸਤਾਂ ਕੋਈ ਬਹੁਤੀ ਪੁਰਾਣੀ ਨਹੀਂ। ਗੁਰਦੁਆਰਾ ਪਰੰਪਰਾ ਦਾ ਅਨਿਖੜ ਅੰਗ ਹੋਣ ਕਰਕੇ ਇਸ ਦੀ ਸਿਖਲਾਈ ਵਿਧੀ ਵੀ ਸਿੱਖ ਟਕਸਾਲਾਂ, ਵਿਦਿਆਲਿਆਂ ਤੇ ਗੁਰੂ ਘਰਾਂ ਨਾਲ ਜੁੜੀ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ਼ ਖਾਲਸਾ ਦੀਵਾਨ, ਪੰਜਾਬ ਸਕੂਲ ਸਿੱਖਿਆ ਬੋਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਹੋਰ ਕਈ ਸੰਸਥਾਵਾਂ ਦਾ ਇਸ ਖੇਤਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਕੀਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਤੇ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਇਕ ਇਤਿਹਾਸਕ ਪ੍ਰਾਪਤੀ ਸੀ।
ਸਿੱਖ ਪੰਥ ਦੀ ਖੂਬੀ ਹੈ ਕਿ ਵਿਸ਼ਵ ਵਿਚ ਸਿੱਖ ਭਾਈਚਾਰੇ ਨੇ ਜਿਥੇ ਵੀ ਪਰਵਾਸ ਕੀਤਾ ਉਥੇ ਹੀ ਆਪਣੇ ਸਿੱਖ ਸਭਿਆਚਾਰ ਦਾ ਬਾਖੂਬੀ ਪ੍ਰਚਾਰ ਪਸਾਰ ਕੀਤਾ। ਆਪਣੀ ਵਿਰਾਸਤੀ ਖਜ਼ਾਨੇ ਦੀ ਅਮੀਰੀ ਕੁਲ ਦੁਨੀਆ ਦੇ ਸਨਮੁਖ ਉਜਾਗਰ ਕਰਨਾ ਹਰ ਸਿੱਖ ਮਨ ਦੀ ਚਾਹ ਹੈ। ਇਹੀ ਭਾਵਨਾ ਰੱਖਣ ਵਾਲੇ ਯੂ.ਐਸ.ਏ. ਵਿਖੇ ਨਿਵਾਸ ਕਰ ਰਹੇ ਪ੍ਰੋ. ਹਾਕਮ ਸਿੰਘ ਉਘੇ ਵਿਗਿਆਨੀ, ਸਿੱਖ ਵਿਦਵਾਨ ਤੇ ਗੁਰਮਤਿ ਸੰਗੀਤ ਦੇ ਪ੍ਰਚਾਰਕ ਹਨ। ਹੋਰ ਪ੍ਰਸਿਧ ਕੀਰਤਨੀਏ ਮਹਾਪੁਰਖ ਸੰਤ ਸੁਜਾਨ ਸਿੰਘ ਆਪ ਦੇ ਪਰਿਵਾਰ ਦੀ ਪ੍ਰਮੁੱਖ ਹਸਤੀ ਅਤੇ ਸਾਰਾ ਪਰਿਵਾਰ ਹੀ ਸ਼ਬਦ ਤੇ ਕੀਰਤਨ ਦੇ ਰੰਗ ਵਿਚ ਰੰਗਿਆ ਹੋਇਆ ਹੈ। ਪ੍ਰੋ. ਹਾਕਮ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਚੇਅਰ ਤੇ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ ਉਤੇ ਹਾਰਦਿਕ ਪ੍ਰਸੰਨਤਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਗੁਰਮਤਿ ਸੰਗੀਤ ਨੂੰ ਪੱਛਮ ਦੀ ਦੁਨੀਆ ਤੱਕ ਪਹੁੰਚਾਇਆ ਜਾਵੇ। ਇਸ ਲਈ ਸਹੀ ਦਿਸ਼ਾ ਤੇ ਸਹੀ ਪਰਿਪੇਖ ਅਕਾਦਮਿਕ ਤੌਰ ਤੇ ਹੀ ਸੰਭਵ ਸੀ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਤਸ਼ਰੀਫ ਲਿਆਏ। ਲੰਮੀਆਂ ਵਿਚਾਰਾਂ ਉਪਰੰਤ ਆਪ ਨੇ ਐਸ.ਕੇ.ਕੇ. ਬਿੰਦਰਾ ਚੇਅਰ ਇਨ ਸਿੱਖ ਸਟਡੀਜ਼ ਦੇ ਪੈਟਰਨ ਵਜੋਂ ਹੌਫਸਟਰਾ ਯੂਨੀਵਰਸਿਟੀ ਵਿਖੇ ਆਪਣੀ ਸੁਪਤਨੀ ਸਰਦਾਰਨੀ ਹਰਬੰਸ ਕੌਰ ਦੀ ਸਿਮ੍ਰਤੀ ਵਿਚ ਗੁਰਮਤਿ ਸੰਗੀਤ ਦੀ ਚੇਅਰ ਸਥਾਪਤ ਕਰਵਾਉਣ ਦਾ ਮਨ ਬਣਾਇਆ। 2009 ਵਿਚ ਹੌਫਸਟਰਾ ਯੂਨੀਵਰਸਿਟੀ ਨੇ ਸੰਗੀਤ ਵਿਭਾਗ ਵਿਚ ‘ਚੇਅਰ ਆਫ ਸਿੱਖ ਮਿਊਜ਼ੀਕਾਲੋਜੀ‘ ਸਥਾਪਤ ਹੋਈ। 2009 ਵਿਚ ਪ੍ਰਸਿਧ ਸੰਗੀਤਕਾਰ ਤੇ ਸੰਗੀਤ ਵਿਦਵਾਨ ਭਾਈ ਬਲਦੀਪ ਸਿੰਘ ਤੇ ਇਨ੍ਹਾਂ ਸਤਰਾਂ ਦੇ ਲੇਖਕ ਡਾ. ਗੁਰਨਾਮ ਸਿੰਘ ਨੂੰ ਇਸੇ ਯੂਨੀਵਰਸਿਟੀ ਨੇ ਐਸ.ਕੇ.ਕੇ. ਬਿੰਦਰਾ ਚੇਅਰ ਇਨ ਸਿੱਖ ਸਟਡੀਜ਼ ਵਲੋਂ ਡਾ. ਬਲਬਿੰਦਰ ਭੋਗਲ ਦੁਆਰਾ ਵਿਜ਼ਟਿੰਗ ਸਕਾਲਰ ਵਜੋਂ ਬੁਲਾਕੇ “ਸੈਕਰਡ ਮਿਊਜ਼ਿਕ ਆਫ ਪੰਜਾਬ’ ਕੋਰਸ ਕਰਵਾਇਆ। 2011 ਵਿਚ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਪ੍ਰੋਫੈਸਰ ਤੇ ਮੁਖੀ ਵਜੋਂ ‘ਚੇਅਰ ਆਫ ਸਿੱਖ ਮਿਊਜ਼ੀਕਾਲੋਜੀ’ ਵਿਚ ਵਿਜ਼ਟਿੰਗ ਸਕਾਲਰ ਵਜੋਂ ਰੈਜ਼ੀਡੈਂਸੀ ਪ੍ਰਦਾਨ ਕੀਤੀ, ਜੋ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਹੌਫਸਟਰਾ ਯੂਨੀਵਰਸਿਟੀ ਵਿਚ ਇਸ ਰੈਜ਼ੀਡੈਂਸੀ ਦੌਰਾਨ ਦੋ ਪਬਲਿਕ ਲੈਕਚਰਜ਼, ਕਲਾਸ ਰੂਪ ਲੈਕਚਰਜ਼ ਤੋਂ ਬਿਨਾਂ ਸਿੱਖ ਮਿਊਜ਼ਿਕ ਕਨਸਰਟ ਦਾ ਆਯੋਜਨ ਕਰਵਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਆਸਾ ਰਾਗ ਨੂੰ ਸੰਗੀਤ ਵਿਭਾਗ ਦੇ ਵੈਸਟਰਨ ਆਰਕੈਸਟਰਾ ਦੇ ਸੰਗੀਤਕਾਰਾਂ ਨੇ ਬੜੇ ਚਾਅ ਤੇ ਲਗਨ ਨਾਲ ਵਜਾਇਆ।
- Advertisement -
ਸਿੱਖ ਮਿਊਜ਼ੀਕਾਲੋਜੀ ਦੀ ਇਸ ਚੇਅਰ ਦੇ ਮੁਖੀ ਡਾ. ਫਰਾਂਚੈਸਕਾ ਕੈਸਿਓ ਹੌਫਸਟਰਾ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਹਨ। ਆਪਣੇ ਕਾਰਜ ਪ੍ਰਤਿ ਪੂਰਨ ਨਿਸ਼ਠਾ, ਲਗਨ ਤੇ ਪ੍ਰਤਿਬੱਧਤਾ ਰਖਣ ਵਾਲੀ ਇਹ ਵਿਦਵਾਨ ਸੰਗੀਤਕਾਰ ਅਧਿਆਪਕ ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਟਰੈਂਟੋ (ਇਟਲੀ) ਵਿਖੇ ਪ੍ਰੋਫੈਸਰਟ ਤੇ ਸ਼ਾਂਤੀ ਨਿਕੇਤਨ ਵਿਖੇ ਅਥਨੋ ਮਿਊਜ਼ਿਕ ਲਈ ਵਿਜ਼ਟਿੰਗ ਪ੍ਰੋਫੈਸਰ ਵੀ ਰਹੇ। ਪ੍ਰਸਿਧ ਉਸਤਾਦ ਧਰੁਪਦ ਗਾਇਕ ਪਦਮ ਭੂਸ਼ਣ ਉਸਤਾਦ ਰਹੀਮ ਫਹੀਮੂਦੀਨ ਡਾਗਰ, ਪਦਮ ਭੂਸ਼ਣ ਗਿਰਜਾ ਦੇਵੀ ਤੋਂ ਸ਼ਾਸਤਰੀ ਗਾਇਨ ਦੀ ਤਾਲੀਮ ਲੈਣ ਦੇ ਨਾਲ ਆਪ ਨੇ ਭਾਈ ਗੁਰਚਰਨ ਸਿੰਘ – ਭਾਈ ਬਲਦੀਪ ਸਿੰਘ ਤੇ ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਤ ਤੋਂ ਗੁਰਮਤਿ ਸੰਗੀਤ ਦੀ ਤਾਲੀਮ ਵੀ ਪ੍ਰਾਪਤ ਕੀਤੀ ਹੈ ਜੋ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਫਰੈਂਚੈਸਕਾ ਕੈਸਿਓ ਦੀ ‘ਧਰੁਪਦ’ ਉਤੇ ਇਕ ਪੁਸਤਕ ਵੀ ਮਕਬੂਲ ਹੈ। ਭਵਿੱਖ ਵਿਚ ਹੌਫਸਟਰਾ ਯੂਨੀਵਰਸਿਟੀ ਵਿਖੇ ਉਚ ਅਕਾਦਮਿਕ ਪ੍ਰੋਗਰਾਮ ਦੀ ਸ਼ੁਰੂਆਤ ਦੀ ਭਰਪੂਰ ਆਸ ਹੈ।
ਗੁਰਮਤਿ ਸੰਗੀਤ ਹੁਣ ਪੂਰਬ ਤੇ ਪੱਛਮ ਦੀ ਦੁਨੀਆ ਵਿਚ ਰੁਸ਼ਨਾਉਣ ਲਗਾ ਹੈ। ਇਸ ਅਹਿਮ ਪ੍ਰਾਪਤੀ ਲਈ ਜਿਥੇ ਪ੍ਰੋ. ਹਾਕਮ ਸਿੰਘ ਤੇ ਲੇਖਕ (ਡਾ. ਗੁਰਨਾਮ ਸਿੰਘ) ਨੂੰ ਮਾਣ ਹੈ, ਉਥੇ ਪ੍ਰਸਿਧ ਵਿਦਵਾਨ ਸੰਗੀਤਕਾਰ ਭਾਈ ਬਲਦੀਪ ਸਿੰਘ ਤੇ ਸ. ਸੁਰਿੰਦਰ ਸਿੰਘ ਯੂ.ਕੇ. ਵਿਸ਼ੇਸ਼ ਸ਼ਲਾਘਾ ਦੇ ਪਾਤਰ ਹਨ ਜਿਨ੍ਹਾਂ ਨਿਰੰਤਰ ਪੱਛਮੀ ਦੁਨੀਆ ਵਿਚ ਸਿੱਖ ਸੰਗੀਤ ਦੇ ਪ੍ਰਚਾਰ ਪਸਾਰ ਵਿਚ ਹਿੱਸਾ ਪਾਇਆ। ਭਾਈ ਬਲਦੀਪ ਸਿੰਘ ਨੇ ਧਰੁਪਦ ਗਾਇਕੀ, ਜੋੜੀ ਵਾਦਨ ਤੇ ਤੰਤੀ ਸਾਜ਼ਾਂ ਦੁਆਰਾ ਆਪਣੇ ਵਿਸ਼ੇਸ਼ ਸ਼ਿਸ਼ ਮੰਡਲ ਤੇ ਗਿਆਨ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਉਥੇ ਸ. ਸੁਰਿੰਦਰ ਸਿੰਘ ਯੂ.ਕੇ ਨੇ ਥੇਮਜ਼ ਵੈਲੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਦੀ ਸਿਖਲਾਈ ਤੋਂ ਇਲਾਵਾ ਪੱਛਮੀ ਦੇਸ਼ਾਂ ਵਿਚ ਰਾਜ ਅਕਾਦਮੀ ਦੁਆਰਾ ਗੁਰਮਤਿ ਸੰਗੀਤ ਦੇ ਅਧਿਆਪਕ ਤੇ ਵਿਦਿਆਰਥੀ ਤਿਆਰ ਕੀਤੇ ਹਨ। ਤੰਤੀ ਸਾਜ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗ ਪਰੰਪਰਾ ਨੂੰ ਪ੍ਰਚਾਰਨ ਵਿਚ ਆਪ ਦਾ ਵਿਸ਼ੇਸ਼ ਯੋਗਦਾਨ ਹੈ। ਹੋਰ ਵੀ ਉਹ ਸਾਰੀਆਂ ਸ਼ਖਸੀਅਤਾਂ ਸਾਡੇ ਧੰਨਵਾਦ, ਸਤਿਕਾਰ ਤੇ ਸ਼ਲਾਘਾ ਦੀਆਂ ਪਾਤਰ ਹਨ ਜਿਨ੍ਹਾਂ ਨੇ ਗੁਰਮਤਿ ਸੰਗੀਤ ਨੂੰ ਸਿੱਖ ਸੰਗੀਤ ਪਰੰਪਰਾ ਵਜੋਂ ਸਥਾਪਤ ਕਰਨ ਵਿਚ ਸਾਨੂੰ ਸਹਿਯੋਗ ਤੇ ਸਰਪਰਸਤੀ ਦਿਤੀ। ਅਸੀਂ ਸਦੈਵ ਇਨ੍ਹਾਂ ਦੇ ਰਿਣੀ ਰਹਾਂਗੇ।
*drgnam@yahoo.com